ਮੇਰੀ ਪਤਨੀ ਨੇ ਮੈਨੂੰ ਇੱਕ ਗੁਆਏ ਹੋਏ ਮੌਕੇ ਲਈ ਅੱਜ ਤੱਕ ਮੁਆਫ਼ ਨਹੀਂ ਕੀਤਾ। ਅਸੀਂ ਰਾਸ਼ਟਰਪਤੀ ਭਵਨ ਵਿੱਚ ਹੋਏ ਇੱਕ ਸਮਾਗਮ ਦੌਰਾਨ ਸੋਨੀਆ ਗਾਂਧੀ ਨੂੰ ਮਿਲੇ ਸਾਂ। ਉਸ ਵੇਲੇ ਸੁਰੱਖਿਆ ਪ੍ਰਬੰਧ ਮੁਕਾਬਲਤਨ ਢਿੱਲੇ ਸਨ ਅਤੇ ਮੇਰਾ ਸਮਾਰਟਫੋਨ ਮੇਰੀ ਜੇਬ ਵਿੱਚ ਹੀ ਸੀ। ਮੈਂ ਚਾਹੁੰਦਾ ਤਾਂ ਕੁਝ ਹੀ ਸਕਿੰਟਾਂ ਵਿੱਚ ਆਪਣੀ ਪਤਨੀ ਦੀ ਸੋਨੀਆ ਗਾਂਧੀ ਨਾਲ ਤਸਵੀਰ ਖਿੱਚ ਸਕਦਾ ਸੀ। ਪਰ ਮੈਂ ਅਜਿਹਾ ਨਹੀਂ ਕੀਤਾ।
ਇੱਕ ਪੱਤਰਕਾਰ ਵਜੋਂ ਮੈਂ ਹਮੇਸ਼ਾ ਇਹ ਮੰਨਦਾ ਰਿਹਾ ਹਾਂ ਕਿ ਕਿਸੇ ਪ੍ਰਸਿੱਧ ਸ਼ਖ਼ਸੀਅਤ ਨਾਲ ਤਸਵੀਰ ਖਿਚਵਾਉਣ ਦੀ ਬੇਨਤੀ ਕਰਨਾ ਕੁਝ ਹੱਦ ਤੱਕ ਆਪਣੀ ਮਰਿਆਦਾ ਦੇ ਵਿਰੁੱਧ ਹੈ। ਮੇਰਾ ਵਿਸ਼ਵਾਸ ਸੀ ਕਿ ਅਜਿਹੇ ਲੋਕਾਂ ਨੂੰ ਮਿਲਣਾ ਚਾਹੀਦਾ ਹੈ, ਉਨ੍ਹਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਫਿਰ ਅੱਗੇ ਵਧ ਜਾਣਾ ਚਾਹੀਦਾ ਹੈ। ਮੁਲਾਕਾਤ ਦਾ ਕੋਈ ਫੋਟੋਗ੍ਰਾਫਿਕ ਸਬੂਤ ਇਕੱਠਾ ਕਰਨ ਦੀ ਲੋੜ ਨਹੀਂ ਹੋਣੀ ਚਾਹੀਦੀ।
ਮੇਰੀ ਪਤਨੀ ਨੇ ਮੇਰੇ ਇਸ ਕਥਿਤ ਉੱਚ ਪੱਤਰਕਾਰੀ ਸਿਧਾਂਤ ਨੂੰ ਕਦੇ ਸਵੀਕਾਰ ਨਹੀਂ ਕੀਤਾ। ਉਨ੍ਹਾਂ ਦੀ ਨਜ਼ਰ ਵਿੱਚ ਇਹ ਅਜਿਹੀ ਭੁੱਲ ਸੀ, ਜਿਸ ਨੂੰ ਮੁਆਫ਼ ਨਹੀਂ ਕੀਤਾ ਜਾ ਸਕਦਾ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜੇ ਮੈਂ ਸੋਨੀਆ ਗਾਂਧੀ ਨੂੰ ਤਸਵੀਰ ਖਿਚਵਾਉਣ ਲਈ ਕਿਹਾ ਹੁੰਦਾ ਤਾਂ ਉਹ ਖ਼ੁਸ਼ੀ-ਖ਼ੁਸ਼ੀ ਤਿਆਰ ਹੋ ਜਾਂਦੇ। ਪਰ ਅਫ਼ਸੋਸ, ਅਸੀਂ ਇੱਕ ਸੁਨਹਿਰੀ ਮੌਕਾ ਗੁਆ ਬੈਠੇ।
ਹੁਣ ਮੇਰੀ ਸੋਚ ਬਦਲ ਗਈ ਹੈ। ਜਦੋਂ ਵੀ ਕਿਸੇ ਮਹੱਤਵਪੂਰਨ ਸ਼ਖ਼ਸੀਅਤ ਨੂੰ ਮਿਲਣ ਦੀ ਸੰਭਾਵਨਾ ਹੁੰਦੀ ਹੈ, ਮੈਂ ਆਪਣੀ ਪਤਨੀ ਨੂੰ ਪਹਿਲਾਂ ਹੀ ਕਹਿ ਦਿੰਦਾ ਹਾਂ ਕਿ ਤਸਵੀਰ ਖਿਚਵਾਉਣ ਲਈ ਤਿਆਰ ਰਹਿਣ। ਤਜਰਬੇ ਨੇ ਸਿਖਾ ਦਿੱਤਾ ਹੈ ਕਿ ਕੁਝ ਮੌਕੇ ਪੱਤਰਕਾਰੀ ਦੀ ਮਰਿਆਦਾ ਦੇ ਨਾਂ ‘ਤੇ ਗੁਆਉਣ ਲਈ ਬਹੁਤ ਕੀਮਤੀ ਹੁੰਦੇ ਹਨ!

ਸੋਨੀਆ ਗਾਂਧੀ ਵਿੱਚ ਮੇਰੀ ਨਵੀਂ ਦਿਲਚਸਪੀ ਦਾ ਇੱਕ ਕਾਰਨ ਉਨ੍ਹਾਂ ਦੀ ਹਾਲ ਹੀ ਵਿੱਚ ਪ੍ਰਕਾਸ਼ਿਤ ਪੁਸਤਕ Belonging: A Journey of Love ਵੀ ਸੀ। ਇਸੇ ਕਰਕੇ ਮੈਂ ਇਹ ਕਿਤਾਬ ਖਰੀਦੀ। ਹਾਰਪਰਕੋਲਿਨਜ਼ ਵੱਲੋਂ ਪ੍ਰਕਾਸ਼ਿਤ ਇਸ ਪੁਸਤਕ ਦੇ 530 ਸਫ਼ੇ ਹਨ ਅਤੇ ਇਸ ਦੀ ਕੀਮਤ 1,299 ਰੁਪਏ ਹੈ। ਭਾਰਤ ਵਿੱਚ ਸ਼ਾਇਦ ਹੀ ਕੋਈ ਅਜਿਹੀ ਜਨਤਕ ਸ਼ਖ਼ਸੀਅਤ ਹੋਵੇ, ਜਿਸ ਨੂੰ ਇਸ ਇਤਾਲਵੀ ਮੂਲ ਦੀ ਮਹਿਲਾ ਵਾਂਗ ਮਜ਼ਾਕ, ਨਿੰਦਾ ਅਤੇ ਖੁੱਲ੍ਹੇਆਮ ਬੇਇੱਜ਼ਤੀ ਦਾ ਸਾਹਮਣਾ ਕਰਨਾ ਪਿਆ ਹੋਵੇ।
ਮੈਨੂੰ ਯਾਦ ਹੈ ਕਿ ਜਦੋਂ ਪਹਿਲੀ ਵਾਰ ਮੈਂ ਸੁਣਿਆ ਕਿ ਸੋਨੀਆ, ਰਾਜੀਵ ਗਾਂਧੀ ਦੀ ਮੰਗੇਤਰ ਹਨ, ਤਾਂ ਮੈਂ ਕੁਝ ਉਲਝਣ ਵਿੱਚ ਪੈ ਗਿਆ ਸੀ। ਮੈਨੂੰ ਲੱਗਿਆ ਕਿ ਸ਼ਾਇਦ ਉਨ੍ਹਾਂ ਨੇ ਭਾਰਤੀਆਂ ਵਿੱਚ ਵਧੇਰੇ ਸਵੀਕਾਰਯੋਗ ਬਣਨ ਲਈ ਆਪਣਾ ਨਾਂ ਬਦਲ ਕੇ ਸੋਨੀਆ ਰੱਖ ਲਿਆ ਹੋਵੇਗਾ। ਪਰ ਕਿਤਾਬ ਪੜ੍ਹਨ ਤੋਂ ਬਾਅਦ ਹੀ ਮੈਨੂੰ ਪਤਾ ਲੱਗਾ ਕਿ ਸੋਨੀਆ ਉਨ੍ਹਾਂ ਦਾ ਆਪਣਾ ਨਾਂ ਸੀ। ਉਨ੍ਹਾਂ ਦਾ ਪੂਰਾ ਨਾਂ ਸੋਨੀਆ ਮਾਇਨੋ ਸੀ।
ਇਹ ਪੁਸਤਕ ਕਈ ਕਾਰਨਾਂ ਕਰਕੇ ਦਿਲਚਸਪ ਹੈ। ਇਹ ਉਨ੍ਹਾਂ ਕਈ ਮਿੱਥਾਂ ਨੂੰ ਤੋੜਦੀ ਹੈ, ਜਿਨ੍ਹਾਂ ਦਾ ਉਨ੍ਹਾਂ ਦੇ ਸਿਆਸੀ ਵਿਰੋਧੀਆਂ ਨੇ ਲਗਾਤਾਰ ਪ੍ਰਚਾਰ ਕੀਤਾ ਹੈ। ਇਨ੍ਹਾਂ ਵਿੱਚ ਇੱਕ ਪੁਰਾਣਾ ਦੋਸ਼ ਇਹ ਵੀ ਸੀ ਕਿ ਰਾਜੀਵ ਗਾਂਧੀ ਨਾਲ ਮੁਲਾਕਾਤ ਵੇਲੇ ਸੋਨੀਆ ਲੰਡਨ ਵਿੱਚ ਨਾਚ ਦਾ ਕੰਮ ਕਰਦੀਆਂ ਸਨ। ਉਸ ਸਮੇਂ ਰਾਜੀਵ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਸਨ। ਪੁਸਤਕ ਸਪੱਸ਼ਟ ਕਰਦੀ ਹੈ ਕਿ ਸੋਨੀਆ ਨੂੰ ਆਪਣੀ ਭਾਸ਼ਾ ਦੀ ਪੜ੍ਹਾਈ ਦਾ ਖ਼ਰਚਾ ਚੁੱਕਣ ਲਈ ਲੰਡਨ ਵਿੱਚ ਨੌਕਰੀ ਕਰਨ ਦੀ ਕੋਈ ਲੋੜ ਨਹੀਂ ਸੀ। ਉਨ੍ਹਾਂ ਦੀ ਮੁਲਾਕਾਤ ਰਾਜੀਵ ਨਾਲ ਇਤਾਲਵੀ ਖਾਣਾ ਪਰੋਸਣ ਵਾਲੇ ਇੱਕ ਰੈਸਟੋਰੈਂਟ ਵਿੱਚ ਹੋਈ ਸੀ। ਇਸ ਤੋਂ ਬਾਅਦ ਸ਼ੁਰੂ ਹੋਈ ਪ੍ਰੇਮ ਕਹਾਣੀ ਨੇ ਆਖ਼ਰਕਾਰ ਦੋਵਾਂ ਦੀ ਜ਼ਿੰਦਗੀ ਦੀ ਦਿਸ਼ਾ ਹੀ ਬਦਲ ਦਿੱਤੀ।
ਸੋਨੀਆ ਨੇ ਪੁਸਤਕ ਵਿੱਚ ਆਪਣੀ ਪ੍ਰੇਮ ਕਹਾਣੀ, ਉਸ ਨਾਲ ਜੁੜੀਆਂ ਚਿੰਤਾਵਾਂ ਅਤੇ ਰਿਸ਼ਤੇ ਦੌਰਾਨ ਸਾਹਮਣੇ ਆਈਆਂ ਵਿਹਾਰਕ ਮੁਸ਼ਕਲਾਂ ਨੂੰ ਕਾਫ਼ੀ ਥਾਂ ਦਿੱਤੀ ਹੈ। ਰਾਜੀਵ ਉਹ ਵਿਸ਼ੇਸ਼ ਅਧਿਕਾਰ ਪ੍ਰਾਪਤ ਨੌਜਵਾਨ ਨਹੀਂ ਸਨ, ਜਿਵੇਂ ਕਈ ਵਾਰ ਉਨ੍ਹਾਂ ਦੇ ਸਿਆਸੀ ਵਿਰੋਧੀਆਂ ਨੇ ਉਨ੍ਹਾਂ ਨੂੰ ਪੇਸ਼ ਕੀਤਾ। ਉਹ ਆਪਣੇ ਹੱਥੀਂ ਕੰਮ ਕਰਨ ਵਿੱਚ ਸਹਿਜ ਸਨ। ਗੱਡੀ ਦਾ ਪਹੀਆ ਬਦਲਣਾ ਹੋਵੇ ਜਾਂ ਇੰਜਣ ਦੀ ਮੁਰੰਮਤ ਕਰਨੀ, ਉਨ੍ਹਾਂ ਨੂੰ ਹੱਥ ਗੰਦੇ ਕਰਨ ਵਿੱਚ ਕੋਈ ਝਿਜਕ ਨਹੀਂ ਸੀ।

ਸੋਨੀਆ ਗਾਂਧੀ
ਇਹ ਆਦਤ ਉਨ੍ਹਾਂ ਅਤੇ ਉਨ੍ਹਾਂ ਦੇ ਛੋਟੇ ਭਰਾ ਸੰਜੇ ਨੂੰ ਆਪਣੇ ਪਿਤਾ ਫ਼ਿਰੋਜ਼ ਗਾਂਧੀ ਤੋਂ ਮਿਲੀ ਸੀ। ਇੱਕ ਇਤਾਲਵੀ ਵਿਦਿਆਰਥਣ ਨਾਲ ਪਿਆਰ ਕਰਨ ਵਾਲੇ ਉਸ ਨੌਜਵਾਨ ਰਾਜੀਵ ਵਿੱਚ ਕੋਈ ਖ਼ਾਸ ਦਿਖਾਵਾ ਨਹੀਂ ਸੀ। ਉਹ ਪਿਆਰ ਵਿੱਚ ਪਿਆ ਇੱਕ ਆਮ ਨੌਜਵਾਨ ਸੀ, ਜੋ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਆਮ ਕੰਮ ਕਰਨ ਵਾਸਤੇ ਵੀ ਤਿਆਰ ਰਹਿੰਦਾ ਸੀ।
ਮੈਨੂੰ ਇਹ ਪੁਸਤਕ ਬੇਹੱਦ ਪੜ੍ਹਨਯੋਗ ਲੱਗੀ। ਸੋਨੀਆ ਦੀ ਲਿਖਣ-ਸ਼ੈਲੀ ਪਾਠਕ ਨੂੰ ਸ਼ੁਰੂ ਤੋਂ ਅੰਤ ਤੱਕ ਆਪਣੇ ਨਾਲ ਜੋੜੀ ਰੱਖਦੀ ਹੈ। ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਉਨ੍ਹਾਂ ਦੇ ਲੇਖਣ ਵਿੱਚ ਕਿਤੇ ਵੀ ਉੱਚਤਾ ਜਾਂ ਹੰਕਾਰ ਦਾ ਭਾਵ ਨਹੀਂ ਦਿਖਾਈ ਦਿੰਦਾ। ਉਹ ਆਪਣੇ ਆਪ ਨੂੰ ਅਜਿਹੀ ਸ਼ਖ਼ਸੀਅਤ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਨਹੀਂ ਕਰਦੀਆਂ, ਜਿਵੇਂ ਭਾਰਤੀ ਜਨਤਕ ਜੀਵਨ ਦੇ ਕੇਂਦਰ ਵਿੱਚ ਪਹੁੰਚਣਾ ਉਨ੍ਹਾਂ ਦੀ ਕਿਸਮਤ ਵਿੱਚ ਪਹਿਲਾਂ ਤੋਂ ਹੀ ਲਿਖਿਆ ਹੋਵੇ। ਉਹ ਇੱਕ ਅਜਿਹੀ ਮਹਿਲਾ ਵਜੋਂ ਸਾਹਮਣੇ ਆਉਂਦੀਆਂ ਹਨ, ਜੋ ਪਿਆਰ, ਪਰਿਵਾਰਕ ਜ਼ਿੰਮੇਵਾਰੀਆਂ ਅਤੇ ਆਖ਼ਰਕਾਰ ਫ਼ਰਜ਼ ਦੀ ਲਗਭਗ ਅਸਹਿਣਯੋਗ ਭਾਵਨਾ ਕਾਰਨ ਅਸਾਧਾਰਨ ਹਾਲਾਤਾਂ ਵਿੱਚ ਪਹੁੰਚ ਗਈ।
ਇਹ ਯਾਦ ਰੱਖਣਾ ਚਾਹੀਦਾ ਹੈ ਕਿ ਰਾਜੀਵ ਗਾਂਧੀ ਦੀ ਹੱਤਿਆ ਤੋਂ ਕੁਝ ਸਮੇਂ ਬਾਅਦ ਸੋਨੀਆ ਨੇ ਉਨ੍ਹਾਂ ਦੇ ਜੀਵਨ ਬਾਰੇ ਇੱਕ ਚਿੱਤਰਮਈ ਜੀਵਨੀ ਰਾਹੀਂ ਆਪਣੇ ਪਤੀ ਨੂੰ ਸ਼ਰਧਾਂਜਲੀ ਦਿੱਤੀ ਸੀ। ਰਾਜੀਵ ਇੱਕ ਉਤਸ਼ਾਹੀ ਸ਼ੌਕੀਆ ਫੋਟੋਗ੍ਰਾਫਰ ਸਨ ਅਤੇ ਉਨ੍ਹਾਂ ਦਾ ਐੱਸ.ਐੱਲ.ਆਰ. ਕੈਮਰਾ ਅਕਸਰ ਉਨ੍ਹਾਂ ਦੇ ਕੋਲ ਹੁੰਦਾ ਸੀ। ਉਨ੍ਹਾਂ ਲਈ ਫੋਟੋਗ੍ਰਾਫੀ ਮਹਿਜ਼ ਸ਼ੌਕ ਨਹੀਂ ਸੀ; ਇਹ ਪਰਿਵਾਰਕ ਜੀਵਨ ਦੇ ਅਨਮੋਲ ਪਲਾਂ ਨੂੰ ਸਾਂਭਣ ਦਾ ਇੱਕ ਢੰਗ ਸੀ।
ਨਵੀਂ ਪੁਸਤਕ ਵਿੱਚ ਤਸਵੀਰਾਂ ਦੀ ਚੋਣ ਵਿਸ਼ੇਸ਼ ਤੌਰ ‘ਤੇ ਸੋਚ-ਸਮਝ ਕੇ ਕੀਤੀ ਗਈ ਹੈ। ਕਿਤਾਬ ਦੇ ਮੁੱਖ ਪੰਨੇ ਉੱਤੇ ਲੱਗੀ ਤਸਵੀਰ ਰਾਜੀਵ ਗਾਂਧੀ ਨੇ 1966 ਵਿੱਚ ਟਿਊਰਿਨ ਵਿਖੇ ਖਿੱਚੀ ਸੀ। ਪਿਛਲੇ ਕਵਰ ਉੱਤੇ ਲੱਗੀ ਤਸਵੀਰ ਸੋਨੀਆ ਦੇ ਦੋਹਤੇ ਰੇਹਾਨ ਵਾਡਰਾ ਅਤੇ ਉਸ ਦੀ ਮੰਗੇਤਰ ਅਵੀਵਾ ਬੇਗ ਨੇ 2026 ਵਿੱਚ ਖਿੱਚੀ ਹੈ। ਇਨ੍ਹਾਂ ਦੋਵਾਂ ਤਸਵੀਰਾਂ ਵਿਚਕਾਰ ਛੇ ਦਹਾਕਿਆਂ ਦਾ ਫ਼ਰਕ ਹੈ। ਪੁਸਤਕ ਦੇ ਪੰਨਿਆਂ ਵਿੱਚ ਸ਼ਾਮਲ ਲੇਖ ਅਤੇ ਤਸਵੀਰਾਂ ਉਨ੍ਹਾਂ ਦੇ ਜੀਵਨ ਦੇ ਛੇ ਦਹਾਕਿਆਂ ਦੀ ਕਹਾਣੀ ਪੇਸ਼ ਕਰਦੇ ਹਨ।
ਮੈਂ ਇੱਕ ਵਾਰ ਤਾਮਿਲਨਾਡੂ ਦੀ ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੂੰ ਇਹ ਕਹਿੰਦੇ ਸੁਣਿਆ ਸੀ। ਉਹ ਖ਼ੁਦ ਸਾੜੀਆਂ ਦੀ ਚੰਗੀ ਪਰਖ ਰੱਖਦੀਆਂ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਬਹੁਤ ਘੱਟ ਔਰਤਾਂ ਭਾਰਤੀ ਪਹਿਰਾਵੇ ਸਾੜੀ ਨੂੰ ਸੋਨੀਆ ਗਾਂਧੀ ਜਿੰਨੀ ਖ਼ੂਬਸੂਰਤੀ ਅਤੇ ਸਲੀਕੇ ਨਾਲ ਪਹਿਨਦੀਆਂ ਹਨ। ਉਸ ਟਿੱਪਣੀ ਤੋਂ ਬਾਅਦ ਮੈਂ ਸੋਨੀਆ ਦੇ ਪਹਿਰਾਵੇ ਵੱਲ ਖ਼ਾਸ ਧਿਆਨ ਦੇਣਾ ਸ਼ੁਰੂ ਕੀਤਾ। ਵਾਕਈ, ਉਨ੍ਹਾਂ ਨੇ ਇੱਕ ਅਜਿਹੀ ਸਾਦਗੀ ਭਰੀ ਸੁੰਦਰਤਾ ਵਿਕਸਿਤ ਕੀਤੀ ਹੈ, ਜੋ ਉਨ੍ਹਾਂ ਦੀ ਜਨਤਕ ਸ਼ਖ਼ਸੀਅਤ ਦਾ ਹਿੱਸਾ ਬਣ ਚੁੱਕੀ ਹੈ।
ਪਰ ਕਦੇ ਸਾੜੀ ਉਨ੍ਹਾਂ ਲਈ ਵੱਡੀ ਚਿੰਤਾ ਦਾ ਵਿਸ਼ਾ ਹੁੰਦੀ ਸੀ। ਜਦੋਂ ਉਹ ਪਹਿਲੀ ਵਾਰ ਦਿੱਲੀ ਆਈਆਂ, ਤਾਂ ਉਨ੍ਹਾਂ ਨੂੰ ਸਾੜੀ ਪਹਿਨਣ ਦੇ ਖ਼ਿਆਲ ਤੋਂ ਹੀ ਘਬਰਾਹਟ ਹੁੰਦੀ ਸੀ। ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਵਾਪਸੀ ਦੀ ਟਿਕਟ ਦਿੱਤੀ ਸੀ, ਤਾਂ ਜੋ ਜੇ ਭਾਰਤ ਵਿੱਚ ਰਹਿਣਾ ਅਸਹਿਣਯੋਗ ਲੱਗੇ ਤਾਂ ਉਹ ਵਾਪਸ ਪਰਤ ਸਕਣ। ਸ਼ਾਇਦ ਉਨ੍ਹਾਂ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਕਿ ਉਨ੍ਹਾਂ ਦੀ ਧੀ ਨਾ ਸਿਰਫ਼ ਔਰਬਾਸਾਨੋ ਵਾਪਸ ਜਾਣ ਤੋਂ ਇਨਕਾਰ ਕਰ ਦੇਵੇਗੀ, ਸਗੋਂ ਭਾਰਤ ਦੇ ਸਭ ਤੋਂ ਪ੍ਰਮੁੱਖ ਸਿਆਸੀ ਪਰਿਵਾਰਾਂ ਵਿੱਚੋਂ ਇੱਕ ਦੀ ਨੂੰਹ ਵੀ ਬਣੇਗੀ।
ਹਾਲਾਂਕਿ, ਉਸ ਸਮੇਂ ਮਰਿਆਦਾ ਦਾ ਵੀ ਇੱਕ ਸਵਾਲ ਸੀ। ਇੱਕ ਨੌਜਵਾਨ ਇਤਾਲਵੀ ਮਹਿਲਾ ਦਾ ਸਿੱਧਾ ਪ੍ਰਧਾਨ ਮੰਤਰੀ ਨਿਵਾਸ, 1 ਸਫ਼ਦਰਜੰਗ ਰੋਡ, ਵਿੱਚ ਜਾ ਕੇ ਰਹਿਣਾ ਠੀਕ ਨਹੀਂ ਸਮਝਿਆ ਜਾਂਦਾ ਸੀ। ਇਸ ਲਈ ਉਨ੍ਹਾਂ ਨੂੰ ਕਵੀ ਹਰਿਵੰਸ਼ ਰਾਏ ਬੱਚਨ ਦੇ ਘਰ ਠਹਿਰਾਇਆ ਗਿਆ। ਉਨ੍ਹਾਂ ਦੇ ਪੁੱਤਰ ਅਮਿਤਾਭ ਬੱਚਨ ਅੱਗੇ ਚੱਲ ਕੇ ਭਾਰਤ ਦੇ ਸਭ ਤੋਂ ਵੱਡੇ ਫ਼ਿਲਮੀ ਸਿਤਾਰਿਆਂ ਵਿੱਚ ਸ਼ਾਮਲ ਹੋਏ।

ਸੋਨੀਆ ਗਾਂਧੀ ਅਤੇ ਰਾਜੀਵ ਗਾਂਧੀ ਆਪਣੇ ਵਿਆਹ ਵਾਲੇ ਦਿਨ।
ਸੋਨੀਆ ਨੇ ਪਹਿਲੀ ਵਾਰ ਆਪਣੇ ਵਿਆਹ ਮੌਕੇ ਸਾੜੀ ਪਹਿਨੀ ਸੀ। ਉਸ ਅਣਜਾਣ ਪਹਿਰਾਵੇ ਨੂੰ ਸੰਭਾਲ ਕੇ ਰੱਖਣ ਲਈ ਉਨ੍ਹਾਂ ਨੂੰ ਕਈ ਸੇਫ਼ਟੀ ਪਿੰਨਾਂ ਦਾ ਸਹਾਰਾ ਲੈਣਾ ਪਿਆ ਸੀ। ਵਿਡੰਬਨਾ ਇਹ ਹੈ ਕਿ ਕਈ ਸਾਲਾਂ ਬਾਅਦ ਉਹ ਇੰਦਰਾ ਗਾਂਧੀ ਨਾਲ ਵਿਦੇਸ਼ੀ ਦੌਰਿਆਂ ‘ਤੇ ਜਾਂਦੀਆਂ ਸਨ ਅਤੇ ਪ੍ਰਧਾਨ ਮੰਤਰੀ ਦੀ ਸਾੜੀ ਸੰਭਾਲਣ ਤੇ ਪਹਿਨਣ ਵਿੱਚ ਉਨ੍ਹਾਂ ਦੀ ਮਦਦ ਵੀ ਕਰਦੀਆਂ ਸਨ।
ਉਨ੍ਹਾਂ ਦੇ ਖਾਣ-ਪੀਣ ਦੀਆਂ ਆਦਤਾਂ ਵਿੱਚ ਆਇਆ ਬਦਲਾਅ ਵੀ ਘੱਟ ਦਿਲਚਸਪ ਨਹੀਂ ਸੀ। ਭਾਰਤ ਆਉਣ ਸਮੇਂ ਸੋਨੀਆ ਨੂੰ ਭਾਰਤੀ ਖਾਣਾ ਲਗਭਗ ਬਿਲਕੁਲ ਪਸੰਦ ਨਹੀਂ ਸੀ। ਉਨ੍ਹਾਂ ਨੂੰ ਇਹ ਬਹੁਤ ਮਸਾਲੇਦਾਰ ਲੱਗਦਾ ਸੀ ਅਤੇ ਕੁਝ ਭਾਰਤੀ ਪਕਵਾਨਾਂ ਦੀ ਮਹਿਕ ਵੀ ਉਨ੍ਹਾਂ ਨੂੰ ਪਰੇਸ਼ਾਨ ਕਰਦੀ ਸੀ। ਪਰ ਸਮੇਂ ਦੇ ਨਾਲ ਉਨ੍ਹਾਂ ਨੇ ਚੌਲ, ਰੋਟੀ ਅਤੇ ਦਾਲ ਵਾਲੇ ਜਾਣੇ-ਪਛਾਣੇ ਭਾਰਤੀ ਭੋਜਨ ਨੂੰ ਪਸੰਦ ਕਰਨਾ ਸਿੱਖ ਲਿਆ।
ਇਸ ਪੁਸਤਕ ਦੀ ਅਹਿਮੀਅਤ ਇਸ ਗੱਲ ਵਿੱਚ ਵੀ ਹੈ ਕਿ ਇਹ ਪਿਛਲੇ ਛੇ ਦਹਾਕਿਆਂ ਦੌਰਾਨ ਭਾਰਤ ਵਿੱਚ ਵਾਪਰੀਆਂ ਘਟਨਾਵਾਂ ਦਾ ਨੇੜਿਓਂ ਦੇਖਿਆ ਹੋਇਆ ਵੇਰਵਾ ਪੇਸ਼ ਕਰਦੀ ਹੈ। ਸੋਨੀਆ ਸਿਰਫ਼ ਨਹਿਰੂ-ਗਾਂਧੀ ਪਰਿਵਾਰ ਦੀ ਮੈਂਬਰ ਨਹੀਂ ਸਨ। ਉਹ ਇਸ ਪਰਿਵਾਰ ਦੀਆਂ ਖ਼ੁਸ਼ੀਆਂ, ਦੁਖਾਂਤਾਂ, ਚਿੰਤਾਵਾਂ ਅਤੇ ਸਿਆਸੀ ਸੰਘਰਸ਼ਾਂ ਦੀ ਚਸ਼ਮਦੀਦ ਗਵਾਹ ਵੀ ਸਨ।
ਪੁਸਤਕ ਦਾ ਇੱਕ ਪ੍ਰਸੰਗ, ਜਿਸ ਨੇ ਮੇਰਾ ਖ਼ਾਸ ਧਿਆਨ ਖਿੱਚਿਆ, 2002 ਦੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਦੌਰਾਨ ਲਗਾਏ ਗਏ ਦੋਸ਼ਾਂ ਨਾਲ ਸਬੰਧਤ ਹੈ। ਨਰਿੰਦਰ ਮੋਦੀ ਨੇ ਚੋਣ ਪ੍ਰਚਾਰ ਦੌਰਾਨ ਸੋਨੀਆ ਗਾਂਧੀ ਅਤੇ ਉਸ ਵੇਲੇ ਦੇ ਮੁੱਖ ਚੋਣ ਕਮਿਸ਼ਨਰ ਜੇਮਜ਼ ਮਾਈਕਲ ਲਿੰਗਦੋਹ ‘ਤੇ ਤਿੱਖੇ ਹਮਲੇ ਕੀਤੇ ਸਨ। ਮੋਦੀ ਨੇ ਦੋਸ਼ ਲਾਇਆ ਸੀ ਕਿ ਦੋਵੇਂ ਹਰ ਐਤਵਾਰ ਦਿੱਲੀ ਦੇ ਕੈਥੋਲਿਕ ਕੈਥੀਡ੍ਰਲ ਚਰਚ ਵਿੱਚ ਮਿਲਦੇ ਹਨ ਅਤੇ ਗੁਜਰਾਤ ਵਿੱਚ ਚੋਣਾਂ ਟਾਲਣ ਦੀ ਸਾਜ਼ਿਸ਼ ਰਚਦੇ ਹਨ।
ਇਹ ਦੋਸ਼ ਖ਼ਾਸ ਤੌਰ ‘ਤੇ ਅਜੀਬ ਸੀ, ਕਿਉਂਕਿ ਲਿੰਗਦੋਹ ਪੱਕੇ ਨਾਸਤਿਕ ਸਨ। ਸੋਨੀਆ ਵੀ ਅਜਿਹੇ ਪਰਿਵਾਰ ਨਾਲ ਸਬੰਧਤ ਸਨ, ਜਿਸ ਵਿੱਚ ਧਾਰਮਿਕ ਮਾਮਲਿਆਂ ਪ੍ਰਤੀ ਖ਼ਾਸ ਆਸਥਾ ਨਹੀਂ ਸੀ। ਉਨ੍ਹਾਂ ਦੇ ਪਿਤਾ ਨੂੰ ਚਰਚ ਨਾਲ ਕੋਈ ਖ਼ਾਸ ਲਗਾਅ ਨਹੀਂ ਸੀ। ਇੱਕ ਵਾਰ ਜਦੋਂ ਉਹ ਆਪਣੀ ਪਤਨੀ ਦੇ ਜ਼ੋਰ ਪਾਉਣ ‘ਤੇ ਪਰਿਵਾਰ ਸਮੇਤ ਐਤਵਾਰ ਦੀ ਪ੍ਰਾਰਥਨਾ ਸਭਾ ਵਿੱਚ ਪਹੁੰਚੇ, ਤਾਂ ਸਭਾ ਸ਼ੁਰੂ ਹੋਣ ਤੋਂ ਕੁਝ ਹੀ ਦੇਰ ਬਾਅਦ ਉੱਠ ਕੇ ਬਾਹਰ ਚਲੇ ਗਏ। ਉਨ੍ਹਾਂ ਦੀ ਪਤਨੀ ਅਤੇ ਬੱਚਿਆਂ ਕੋਲ ਵੀ ਉਨ੍ਹਾਂ ਦੇ ਪਿੱਛੇ ਜਾਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ!
ਇਸ ਦਾ ਇਹ ਅਰਥ ਨਹੀਂ ਕਿ ਸੋਨੀਆ ਖ਼ੁਦ ਨਾਸਤਿਕ ਹਨ। ਇਸ ਦੇ ਉਲਟ, ਅਜਿਹਾ ਲੱਗਦਾ ਹੈ ਕਿ ਉਨ੍ਹਾਂ ਨੇ ਵੱਖ-ਵੱਖ ਧਾਰਮਿਕ ਪਰੰਪਰਾਵਾਂ ਪ੍ਰਤੀ ਡੂੰਘਾ ਸਤਿਕਾਰ ਵਿਕਸਿਤ ਕੀਤਾ ਹੈ। ਰਾਜੀਵ ਗਾਂਧੀ ਦੀ ਹੱਤਿਆ ਤੋਂ ਬਾਅਦ ਉਨ੍ਹਾਂ ਨੇ ਰਾਜੀਵ ਦੀਆਂ ਕਿਤਾਬਾਂ ਵਿੱਚੋਂ ਭਗਵਦ ਗੀਤਾ ਦੀ ਇੱਕ ਕਾਪੀ ਕੱਢੀ ਅਤੇ ਇਸ ਦੇ ਮੂਲ ਸੰਦੇਸ਼ ਨੂੰ ਸਮਝਣ ਲਈ ਇੱਕ ਵਿਦਵਾਨ ਦੀ ਮਦਦ ਲਈ।
ਕ੍ਰਿਸ਼ਨ ਵੱਲੋਂ ਦਿੱਤਾ ਗਿਆ ਕਰਮ ਦਾ ਸੰਦੇਸ਼ ਉਨ੍ਹਾਂ ਨੂੰ ਕਾਫ਼ੀ ਆਤਮਿਕ ਤਾਕਤ ਦਿੰਦਾ ਸੀ। ਕਿਸੇ ਹੋਰ ਧਰਮ ਦੇ ਧਾਰਮਿਕ ਗ੍ਰੰਥ ਤੋਂ ਹੌਸਲਾ ਅਤੇ ਸਕੂਨ ਪ੍ਰਾਪਤ ਕਰਨ ਦੀ ਇਹ ਇੱਛਾ ਆਪਣੇ ਆਪ ਵਿੱਚ ਬਹੁਤ ਭਾਰਤੀ ਹੈ। ਇਹ ਧਰਮ ਦਾ ਸਤਿਕਾਰ ਕਰਨ ਅਤੇ ਉਸ ਦੀ ਸਿਆਸੀ ਵਰਤੋਂ ਕਰਨ ਵਿਚਕਾਰਲਾ ਫ਼ਰਕ ਵੀ ਦਰਸਾਉਂਦੀ ਹੈ। ਉਨ੍ਹਾਂ ਵਿਰੁੱਧ ਲਗਾਏ ਗਏ ਦੋਸ਼ ਧਰਮ ਨੂੰ ਸਿਆਸੀ ਹਥਿਆਰ ਬਣਾਉਣ ਦੀ ਕੋਸ਼ਿਸ਼ ਸਨ।

ਸੋਨੀਆ ਗਾਂਧੀ ਆਪਣੇ ਪਰਿਵਾਰ ਨਾਲ।
ਮੋਦੀ ਨਾਲ ਜੋੜਿਆ ਗਿਆ ਇੱਕ ਹੋਰ ਦੋਸ਼ ਸੋਨੀਆ ਦੇ ਇਲਾਜ ਉੱਤੇ ਭਾਰਤ ਸਰਕਾਰ ਵੱਲੋਂ ਕੀਤੇ ਗਏ ਕਥਿਤ ਭਾਰੀ ਖ਼ਰਚੇ ਬਾਰੇ ਸੀ। ਉਸ ਸਮੇਂ ਹਜ਼ਾਰਾਂ ਕਰੋੜ ਰੁਪਏ ਤੱਕ ਦੇ ਅੰਕੜੇ ਪ੍ਰਚਾਰੇ ਗਏ ਸਨ। ਪੁਸਤਕ ਵਿੱਚ ਸੋਨੀਆ ਦੱਸਦੀਆਂ ਹਨ ਕਿ ਉਹ ਇਲਾਜ ਲਈ ਦੋ ਵਾਰ ਯੂਰਪ ਗਈਆਂ ਸਨ। ਉਹ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਰਗੇ ਕਿਸੇ ਹਸਪਤਾਲ ਵਿੱਚ ਵੀ ਇਲਾਜ ਕਰਵਾ ਸਕਦੀਆਂ ਸਨ, ਪਰ ਉਨ੍ਹਾਂ ਨੂੰ ਡਰ ਸੀ ਕਿ ਉੱਥੇ ਮੀਡੀਆ ਦੀ ਲਗਾਤਾਰ ਨਿਗਰਾਨੀ ਉਨ੍ਹਾਂ ਲਈ ਮੁਸ਼ਕਲਾਂ ਪੈਦਾ ਕਰੇਗੀ।
ਪੁਸਤਕ ਵਿੱਚ ਇੱਕ ਪਰਿਵਾਰਕ ਦੁਖਾਂਤ ਦਾ ਬਹੁਤ ਹੀ ਮਾਰਮਿਕ ਵੇਰਵਾ ਵੀ ਹੈ, ਜਿਸ ਬਾਰੇ ਮੈਨੂੰ ਪਹਿਲਾਂ ਕਦੇ ਪਤਾ ਨਹੀਂ ਸੀ। ਰਾਹੁਲ ਗਾਂਧੀ ਦਾ ਇੱਕ ਵੱਡਾ ਭਰਾ ਸੀ, ਜਿਸ ਦੀ ਜਨਮ ਤੋਂ ਕੁਝ ਸਮੇਂ ਬਾਅਦ ਹੀ ਮੌਤ ਹੋ ਗਈ ਸੀ। ਪਰਿਵਾਰ ਸਾਹਮਣੇ ਉਸ ਦੀ ਮ੍ਰਿਤਕ ਦੇਹ ਦੇ ਅੰਤਿਮ ਸੰਸਕਾਰ ਦਾ ਔਖਾ ਸਵਾਲ ਸੀ। ਦਾਹ-ਸੰਸਕਾਰ ਦਾ ਵਿਕਲਪ ਨਹੀਂ ਸੀ ਅਤੇ ਧਾਰਮਿਕ ਰੀਤ ਅਨੁਸਾਰ ਦੇਹ ਨੂੰ ਨਦੀ ਵਿੱਚ ਜਲ-ਪ੍ਰਵਾਹ ਕਰਨ ਬਾਰੇ ਵੀ ਵਿਚਾਰ ਕੀਤਾ ਗਿਆ।
ਪਰ ਸੋਨੀਆ ਨੂੰ ਯਾਦ ਸੀ ਕਿ ਉਨ੍ਹਾਂ ਨੇ ਯਮੁਨਾ ਵਿੱਚ ਇੱਕ ਲਾਸ਼ ਤੈਰਦੀ ਦੇਖੀ ਸੀ, ਜਿਸ ਨੂੰ ਬਾਅਦ ਵਿੱਚ ਕੁੱਤੇ ਘਸੀਟ ਕੇ ਕੰਢੇ ਲੈ ਆਏ ਸਨ। ਉਨ੍ਹਾਂ ਨੇ ਬੱਚੇ ਦੀ ਦੇਹ ਨੂੰ ਨਦੀ ਵਿੱਚ ਜਲ-ਪ੍ਰਵਾਹ ਕਰਨ ਦੇ ਵਿਚਾਰ ਦਾ ਸਖ਼ਤ ਵਿਰੋਧ ਕੀਤਾ। ਆਖ਼ਰਕਾਰ ਪਰਿਵਾਰ ਦੀ ਮਲਕੀਅਤ ਵਾਲੀ ਜ਼ਮੀਨ ਦੇ ਇੱਕ ਹਿੱਸੇ ਵਿੱਚ ਉਸ ਨੂੰ ਦਫ਼ਨਾਇਆ ਗਿਆ। ਜਦੋਂ ਵੀ ਸੋਨੀਆ ਉੱਥੇ ਜਾਂਦੀਆਂ, ਉਸ ਬੱਚੇ ਦੀ ਯਾਦ ਵਿੱਚ ਇੱਕ ਫੁੱਲ ਰੱਖ ਆਉਂਦੀਆਂ ਸਨ।
ਇਹ ਇੱਕ ਮਾਂ ਦੇ ਦੁੱਖ ਦਾ ਬਹੁਤ ਨਿੱਜੀ ਵੇਰਵਾ ਹੈ, ਜਿਸ ਨੂੰ ਜ਼ਿਆਦਾਤਰ ਪਰਿਵਾਰ ਆਪਣੇ ਤੱਕ ਹੀ ਸੀਮਤ ਰੱਖਣਾ ਚਾਹੁਣਗੇ। ਪਰ ਜਦੋਂ ਉਨ੍ਹਾਂ ਦੇ ਕੁਝ ਸਿਆਸੀ ਵਿਰੋਧੀਆਂ ਨੂੰ ਇਸ ਘਟਨਾ ਦੀ ਭਿਣਕ ਲੱਗੀ ਤਾਂ ਇਹ ਬੇਹੱਦ ਘਟੀਆ ਸਿਆਸੀ ਹਮਲੇ ਦਾ ਵਿਸ਼ਾ ਬਣ ਗਈ। ਇੱਕ ਅਖ਼ਬਾਰ ਵਿੱਚ ਇਹ ਸਿਰਲੇਖ ਛਪਿਆ ਸੀ: “ਇੰਦਰਾ ਗਾਂਧੀ ਨਾਜਾਇਜ਼ ਬੱਚੇ ਦੀ ਦਾਦੀ ਬਣਨ ਦੀ ਆਪਣੀ ਕੋਸ਼ਿਸ਼ ਵਿੱਚ ਨਾਕਾਮ ਰਹੀ।”
2004 ਦੀਆਂ ਆਮ ਚੋਣਾਂ ਵਿੱਚ ਕਾਂਗਰਸ ਦੀ ਅਗਵਾਈ ਵਾਲੇ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂ.ਪੀ.ਏ.) ਦੀ ਜਿੱਤ ਤੋਂ ਬਾਅਦ ਜਦੋਂ ਸੋਨੀਆ ਦੇ ਪ੍ਰਧਾਨ ਮੰਤਰੀ ਬਣਨ ਦੀ ਸੰਭਾਵਨਾ ਸਾਹਮਣੇ ਆਈ ਤਾਂ ਉਨ੍ਹਾਂ ਉੱਤੇ ਹਮਲੇ ਹੋਰ ਤਿੱਖੇ ਹੋ ਗਏ। ਸੁਸ਼ਮਾ ਸਵਰਾਜ ਨੇ ਧਮਕੀ ਦਿੱਤੀ ਸੀ ਕਿ ਜੇ ਸੋਨੀਆ ਪ੍ਰਧਾਨ ਮੰਤਰੀ ਬਣੀਆਂ ਤਾਂ ਉਹ ਆਪਣਾ ਸਿਰ ਮੁੰਨਵਾ ਲੈਣਗੀਆਂ ਅਤੇ ਜ਼ਮੀਨ ‘ਤੇ ਚਟਾਈ ਵਿਛਾ ਕੇ ਸੌਣਗੀਆਂ।
ਮੈਨੂੰ ਸਿਰਫ਼ ਇੱਕ ਹੋਰ ਸਿਆਸਤਦਾਨ ਦੀ ਉਦਾਹਰਨ ਯਾਦ ਆਉਂਦੀ ਹੈ, ਜਿਸ ਨੇ ਇਸੇ ਤਰ੍ਹਾਂ ਦਾ ਮੌਕਾ ਠੁਕਰਾ ਦਿੱਤਾ ਸੀ। ਸੀ. ਕ੍ਰਿਸ਼ਨਨ ਨਾਇਰ, ਜਿਨ੍ਹਾਂ ਨੇ ਗਾਂਧੀ ਜੀ ਨਾਲ ਨਮਕ ਸੱਤਿਆਗ੍ਰਹਿ ਵਿੱਚ ਹਿੱਸਾ ਲਿਆ ਸੀ, ਨੇ ਖ਼ੁਦ ਮੁੱਖ ਮੰਤਰੀ ਬਣਨ ਦੀ ਬਜਾਏ ਆਪਣੇ ਜੂਨੀਅਰ ਸਾਥੀ ਬ੍ਰਹਮ ਪ੍ਰਕਾਸ਼ ਨੂੰ ਦਿੱਲੀ ਦਾ ਮੁੱਖ ਮੰਤਰੀ ਬਣਾਉਣਾ ਪਸੰਦ ਕੀਤਾ ਸੀ। ਹਾਲਾਂਕਿ, ਇਨ੍ਹਾਂ ਦੋਵਾਂ ਹਾਲਾਤਾਂ ਵਿੱਚ ਕੋਈ ਸਿੱਧੀ ਸਮਾਨਤਾ ਨਹੀਂ ਹੈ।
ਸੋਨੀਆ ਨੇ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਫ਼ੈਸਲਾ ਕੀਤਾ। ਇਹ ਫ਼ੈਸਲਾ ਬਹੁਤ ਸਾਰੇ ਲੋਕਾਂ ਲਈ ਹੈਰਾਨੀਜਨਕ ਸੀ, ਪਰ ਮਨਮੋਹਨ ਸਿੰਘ ਭਾਰਤ ਦੇ ਸਭ ਤੋਂ ਉੱਘੇ ਪ੍ਰਧਾਨ ਮੰਤਰੀਆਂ ਵਿੱਚੋਂ ਇੱਕ ਸਾਬਤ ਹੋਏ। ਬਾਅਦ ਦੇ ਸਾਲਾਂ ਵਿੱਚ ਦੋਵਾਂ ਦੇ ਸਬੰਧਾਂ ਬਾਰੇ ਕਾਫ਼ੀ ਕਿਆਸਅਰਾਈਆਂ ਲਗਾਈਆਂ ਗਈਆਂ। ਖ਼ਾਸ ਤੌਰ ‘ਤੇ ਸਾਬਕਾ ਪ੍ਰਧਾਨ ਮੰਤਰੀ ਦੇ ਇੱਕ ਸਹਿਯੋਗੀ ਵੱਲੋਂ ਪ੍ਰਕਾਸ਼ਿਤ ਵਿਵਾਦਪੂਰਨ ਵੇਰਵੇ ਤੋਂ ਬਾਅਦ, ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਸਰਕਾਰੀ ਫਾਈਲਾਂ ਨਿਯਮਿਤ ਤੌਰ ‘ਤੇ ਸੋਨੀਆ ਗਾਂਧੀ ਕੋਲ ਭੇਜੀਆਂ ਜਾਂਦੀਆਂ ਸਨ।
ਇਸ ਪ੍ਰਸੰਗ ਵਿੱਚ ਜਵਾਹਰਲਾਲ ਨਹਿਰੂ ਦੇ ਜੀਵਨ ਦੀ ਇੱਕ ਘਟਨਾ ਯਾਦ ਆਉਂਦੀ ਹੈ। ਐੱਚ. ਕੇ. ਦੁਆ, ਜੋ ਬਾਅਦ ਵਿੱਚ ਭਾਰਤ ਦੇ ਪ੍ਰਸਿੱਧ ਸੰਪਾਦਕਾਂ ਵਿੱਚ ਸ਼ਾਮਲ ਹੋਏ ਅਤੇ ਮੇਰੇ ਸੀਨੀਅਰ ਵੀ ਰਹੇ, ਨੂੰ ਆਪਣੇ ਪੱਤਰਕਾਰੀ ਜੀਵਨ ਦੇ ਸ਼ੁਰੂਆਤੀ ਦੌਰ ਵਿੱਚ ਨਹਿਰੂ ਦੀਆਂ ਅਸਥੀਆਂ ਦੇ ਇਲਾਹਾਬਾਦ, ਜਿਸ ਨੂੰ ਹੁਣ ਪ੍ਰਯਾਗਰਾਜ ਕਿਹਾ ਜਾਂਦਾ ਹੈ, ਦੇ ਸੰਗਮ ਵਿੱਚ ਜਲ-ਪ੍ਰਵਾਹ ਦੀ ਰਿਪੋਰਟਿੰਗ ਦੀ ਜ਼ਿੰਮੇਵਾਰੀ ਮਿਲੀ ਸੀ।
ਸੰਭਵ ਹੈ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਨਾ ਹੋਵੇ ਕਿ ਨਹਿਰੂ ਦੀਆਂ ਕੁਝ ਅਸਥੀਆਂ ਉਨ੍ਹਾਂ ਦੇ ਜੱਦੀ ਘਰ ਵਿੱਚ ਸੁਰੱਖਿਅਤ ਰੱਖੀਆਂ ਗਈਆਂ ਸਨ। ਆਖ਼ਰਕਾਰ ਰਾਜੀਵ ਗਾਂਧੀ, ਸੋਨੀਆ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ, ਉਨ੍ਹਾਂ ਅਸਥੀਆਂ ਨੂੰ ਗੰਗਾ, ਯਮੁਨਾ ਅਤੇ ਪੌਰਾਣਿਕ ਸਰਸਵਤੀ ਦੇ ਸੰਗਮ ਤੱਕ ਲੈ ਕੇ ਗਏ। ਭਾਰਤ ਦੀਆਂ ਨਦੀਆਂ ਅਤੇ ਪਰੰਪਰਾਵਾਂ ਨਾਲ ਇਸ ਪਰਿਵਾਰ ਦੇ ਰਿਸ਼ਤੇ ਵਿੱਚ ਇੱਕ ਤਰ੍ਹਾਂ ਦੀ ਨਿਰੰਤਰਤਾ ਦਿਖਾਈ ਦਿੰਦੀ ਹੈ।
ਸੋਨੀਆ ਦੇ ਸਿਆਸੀ ਵਿਰੋਧੀਆਂ ਨੇ ਆਪਣੇ ਹਮਲੇ ਸਿਰਫ਼ ਕੌਮੀ ਪੱਧਰ ਤੱਕ ਸੀਮਤ ਨਹੀਂ ਰੱਖੇ। ਜਦੋਂ ਉਨ੍ਹਾਂ ਨੇ ਕਰਨਾਟਕ ਦੇ ਬੇਲਾਰੀ ਤੋਂ ਸੁਸ਼ਮਾ ਸਵਰਾਜ ਵਿਰੁੱਧ ਚੋਣ ਲੜੀ ਤਾਂ ਸੁਸ਼ਮਾ ਨੇ ਇਸ ਨੂੰ ਇੱਕ ਭਾਰਤੀ ਧੀ ਅਤੇ ਵਿਦੇਸ਼ੀ ਨੂੰਹ ਵਿਚਕਾਰ ਮੁਕਾਬਲੇ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਪਰ ਵੋਟਰਾਂ ਨੇ ਇਸ ਪ੍ਰਚਾਰ ਨੂੰ ਸਵੀਕਾਰ ਨਹੀਂ ਕੀਤਾ। ਸੋਨੀਆ ਨੇ ਵੱਡੇ ਫ਼ਰਕ ਨਾਲ ਜਿੱਤ ਹਾਸਲ ਕੀਤੀ।

ਸੋਨੀਆ ਅਤੇ ਰਾਜੀਵ ਗਾਂਧੀ ਆਪਣੇ ਬੱਚਿਆਂ ਪ੍ਰਿਯੰਕਾ ਅਤੇ ਰਾਹੁਲ ਨਾਲ।
ਅਜਿਹੇ ਲੋਕ ਵੀ ਸਨ ਜਿਨ੍ਹਾਂ ਨੇ ਭਵਿੱਖਬਾਣੀ ਕੀਤੀ ਸੀ ਕਿ ਜੇ ਕਾਂਗਰਸ 1977 ਦੀਆਂ ਆਮ ਚੋਣਾਂ ਹਾਰ ਗਈ ਤਾਂ ਸੋਨੀਆ ਭਾਰਤ ਛੱਡ ਜਾਣਗੀਆਂ। ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਪਰਿਵਾਰ ਨੂੰ ਲਗਾਤਾਰ ਸਿਆਸੀ ਹਾਰਾਂ ਅਤੇ ਨਿੱਜੀ ਦੁਖਾਂਤਾਂ ਦਾ ਸਾਹਮਣਾ ਕਰਨਾ ਪਿਆ, ਪਰ ਉਹ ਭਾਰਤ ਵਿੱਚ ਹੀ ਰਹੀਆਂ। ਉਨ੍ਹਾਂ ਨੇ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਇੱਥੇ ਕੀਤਾ ਅਤੇ ਆਖ਼ਰਕਾਰ ਜਨਤਕ ਜੀਵਨ ਵਿੱਚ ਪ੍ਰਵੇਸ਼ ਕੀਤਾ। ਉਨ੍ਹਾਂ ਦਾ ਬਿਰਤਾਂਤ ਪੜ੍ਹਨ ਤੋਂ ਬਾਅਦ ਮੈਨੂੰ ਅਜਿਹੇ ਬਹੁਤ ਘੱਟ ਸਿਆਸਤਦਾਨ ਯਾਦ ਆਉਂਦੇ ਹਨ, ਜਿਨ੍ਹਾਂ ਨੇ ਉਸ ਦੇਸ਼ ਪ੍ਰਤੀ ਇੰਨੀ ਮਜ਼ਬੂਤ ਵਚਨਬੱਧਤਾ ਦਿਖਾਈ ਹੋਵੇ ਜਿਸ ਨੂੰ ਉਨ੍ਹਾਂ ਨੇ ਆਪਣਾ ਘਰ ਚੁਣਿਆ।
ਪੁਸਤਕ ਵਿੱਚ ਲੋਕਤੰਤਰ ਦੇ ਭਵਿੱਖ ਬਾਰੇ ਕੀਤੀ ਗਈ ਉਨ੍ਹਾਂ ਦੀ ਇੱਕ ਟਿੱਪਣੀ ਵਿਸ਼ੇਸ਼ ਤੌਰ ‘ਤੇ ਮਹੱਤਵਪੂਰਨ ਹੈ। ਸੋਨੀਆ ਦਾ ਮੰਨਣਾ ਹੈ ਕਿ ਤਾਨਾਸ਼ਾਹੀ ਹਕੂਮਤਾਂ ਅਣਮਿੱਥੇ ਸਮੇਂ ਤੱਕ ਕਾਇਮ ਨਹੀਂ ਰਹਿ ਸਕਦੀਆਂ, ਕਿਉਂਕਿ ਆਖ਼ਰਕਾਰ ਲੋਕ ਉਨ੍ਹਾਂ ਦੇ ਵਿਰੁੱਧ ਖੜ੍ਹੇ ਹੋ ਜਾਂਦੇ ਹਨ। ਇੱਕੋ ਪਾਰਟੀ, ਇੱਕੋ ਖਾਣ-ਪੀਣ ਦੀ ਸੰਸਕ੍ਰਿਤੀ ਅਤੇ ਇੱਕੋ ਭਾਸ਼ਾ ਥੋਪਣ ਦੀ ਕੋਸ਼ਿਸ਼ ਭਾਰਤ ਵਰਗੇ ਵਿਭਿੰਨਤਾਵਾਂ ਵਾਲੇ ਦੇਸ਼ ਵਿੱਚ ਕਾਮਯਾਬ ਨਹੀਂ ਹੋ ਸਕਦੀ। ਇਹ ਟਿੱਪਣੀ ਅਜਿਹੇ ਸਮੇਂ ਵਿੱਚ ਖ਼ਾਸ ਤੌਰ ‘ਤੇ ਪ੍ਰਸੰਗਿਕ ਹੈ, ਜਦੋਂ ਸਿਆਸੀ ਇਕਸਾਰਤਾ ਨੂੰ ਕਈ ਵਾਰ ਕੌਮੀ ਏਕਤਾ ਦੇ ਬਦਲ ਵਜੋਂ ਪੇਸ਼ ਕੀਤਾ ਜਾਂਦਾ ਹੈ।
ਜਲਵਾਯੂ ਪਰਿਵਰਤਨ ਬਾਰੇ ਉਨ੍ਹਾਂ ਦੀ ਚਿੰਤਾ ਵੀ ਪੁਸਤਕ ਦਾ ਇੱਕ ਮਹੱਤਵਪੂਰਨ ਪੱਖ ਹੈ। ਪੁਸਤਕ ਦੇ ਅੰਤ ਵਿੱਚ ਉਹ ਅਥਰਵਵੇਦ ਦੇ ਪ੍ਰਿਥਵੀ ਸੂਕਤ ਦੀਆਂ ਇਨ੍ਹਾਂ ਪੰਕਤੀਆਂ ਦਾ ਹਵਾਲਾ ਦਿੰਦੇ ਹਨ:
“ਹੇ ਧਰਤੀ! ਮੈਂ ਤੇਰੇ ਵਿੱਚੋਂ ਜੋ ਕੁਝ ਵੀ ਪੁੱਟ ਕੇ ਕੱਢਾਂ, ਉਹ ਜਲਦੀ ਹੀ ਮੁੜ ਉੱਗ ਆਵੇ। ਮੈਂ ਤੇਰੇ ਮਰਮ-ਸਥਾਨਾਂ ਨੂੰ ਕੋਈ ਸੱਟ ਨਾ ਮਾਰਾਂ।”
ਇਹ ਇੱਕ ਬਹੁਤ ਹੀ ਸੁੰਦਰ ਪ੍ਰਾਰਥਨਾ ਹੈ, ਜੋ ਧਰਤੀ ਪ੍ਰਤੀ ਮਨੁੱਖਤਾ ਦੀ ਜ਼ਿੰਮੇਵਾਰੀ ਨੂੰ ਦਰਸਾਉਂਦੀ ਹੈ। ਕੁਦਰਤ ਤੋਂ ਅਸੀਂ ਜੋ ਕੁਝ ਲੈਂਦੇ ਹਾਂ, ਉਸ ਦੀ ਭਰਪਾਈ ਵੀ ਸਾਨੂੰ ਕਰਨੀ ਚਾਹੀਦੀ ਹੈ। ਸਾਨੂੰ ਉਸੇ ਸਰੋਤ ਨੂੰ ਜ਼ਖ਼ਮੀ ਨਹੀਂ ਕਰਨਾ ਚਾਹੀਦਾ, ਜੋ ਸਾਡੀ ਹੋਂਦ ਦਾ ਆਧਾਰ ਹੈ।
ਇਨ੍ਹਾਂ ਸ਼ਬਦਾਂ ਦੀ ਮਹੱਤਤਾ ਵਾਤਾਵਰਣ ਦੀ ਸੁਰੱਖਿਆ ਤੋਂ ਕਿਤੇ ਵੱਧ ਵਿਆਪਕ ਹੈ। ਇਹ ਉਨ੍ਹਾਂ ਲੋਕਾਂ ਲਈ ਇੱਕ ਚੇਤਾਵਨੀ ਵੀ ਹੋ ਸਕਦੇ ਹਨ, ਜੋ ਭਾਰਤੀ ਲੋਕਤੰਤਰ ਦੇ ਮੂਲ ਮਰਮ ਉੱਤੇ ਸੱਟ ਮਾਰਨ ਲਈ ਤਤਪਰ ਹਨ। ![]()
___________________
ਇਹ ਵੀ ਪੜ੍ਹੋ:
Disclaimer : punjabtoday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of punjabtoday.net or other platforms of the group. Punjab Today does not assume any responsibility or liability for the views of authors whose work appears here.
Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.
— Team PT

