ਫ਼ਾਰਸੀ ਮੁਗ਼ਲ ਦਰਬਾਰਾਂ ਦੀ ਭਾਸ਼ਾ ਕਿਵੇਂ ਬਣੀ ਅਤੇ ਉਰਦੂ ਨੇ ਭਾਰਤੀ ਸਮਾਜ ਵਿੱਚ ਆਪਣੀ ਵੱਖਰੀ ਪਛਾਣ ਕਿਵੇਂ ਬਣਾਈ? ਜਸਟਿਸ ਮਾਰਕੰਡੇ ਕਾਟਜੂ ਇਸ ਲੇਖ ਵਿੱਚ ਉਰਦੂ ਦੀ ਇਤਿਹਾਸਕ ਯਾਤਰਾ, ਫ਼ਾਰਸੀ ਦੇ ਪ੍ਰਭਾਵ, ਇਸ ਦੀ ਸਾਹਿਤਕ ਪਰੰਪਰਾ, ਭਾਰਤ ਦੀ ਵੰਡ ਤੋਂ ਬਾਅਦ ਇਸ ਦੇ ਸਾਹਮਣੇ ਆਈਆਂ ਚੁਣੌਤੀਆਂ ਅਤੇ ਭਾਰਤ ਵਿੱਚ ਇਸ ਦੇ ਭਵਿੱਖ ਬਾਰੇ ਆਪਣੇ ਵਿਚਾਰ ਪੇਸ਼ ਕਰਦੇ ਹਨ।
ਮੈਂ ਕਈ ਲੋਕਾਂ ਨੂੰ ਤਿੰਨ ਸਵਾਲਾਂ ਦੇ ਜਵਾਬ ਦੇਣ ਲਈ ਕਿਹਾ ਸੀ:
- ਮੁਗ਼ਲਾਂ ਨੇ ਆਪਣੀ ਮਾਤ-ਭਾਸ਼ਾ ਤੁਰਕੀ ਦੀ ਬਜਾਏ ਫ਼ਾਰਸੀ ਨੂੰ ਆਪਣੇ ਦਰਬਾਰ ਦੀ ਭਾਸ਼ਾ ਕਿਉਂ ਬਣਾਇਆ?
- ਫ਼ਾਰਸੀ ਤਾਂ ਈਰਾਨ ਦੀ ਭਾਸ਼ਾ ਹੈ। ਇਹ ਭਾਰਤ ਕਿਵੇਂ ਪਹੁੰਚੀ ਅਤੇ ਸਦੀਆਂ ਤੱਕ ਭਾਰਤ ਦੇ ਕਈ ਹਿੱਸਿਆਂ ਵਿੱਚ ਦਰਬਾਰੀ ਭਾਸ਼ਾ ਕਿਵੇਂ ਬਣੀ ਰਹੀ?
- ਫ਼ਾਰਸੀ ਅਤੇ ਉਰਦੂ ਵਿਚਕਾਰ ਬੁਨਿਆਦੀ ਅੰਤਰ ਕੀ ਹੈ ਅਤੇ ਉਰਦੂ ਭਾਸ਼ਾ ਹੋਂਦ ਵਿੱਚ ਕਿਵੇਂ ਆਈ?
ਕੋਈ ਵੀ ਇਨ੍ਹਾਂ ਸਵਾਲਾਂ ਦਾ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕਿਆ। ਇਸ ਲਈ ਮੈਂ ਖ਼ੁਦ ਇਨ੍ਹਾਂ ਦੇ ਜਵਾਬ ਪੇਸ਼ ਕਰ ਰਿਹਾ ਹਾਂ।
ਫ਼ਾਰਸੀ ਦਰਬਾਰੀ ਭਾਸ਼ਾ ਕਿਵੇਂ ਬਣੀ ਅਤੇ ਉਰਦੂ ਦਾ ਜਨਮ ਕਿਵੇਂ ਹੋਇਆ?
ਮੁਗ਼ਲਾਂ ਨੇ ਤੁਰਕੀ ਦੀ ਬਜਾਏ ਫ਼ਾਰਸੀ ਕਿਉਂ ਚੁਣੀ?
ਮੁਗ਼ਲਾਂ ਨੇ ਆਪਣੀ ਮਾਤ-ਭਾਸ਼ਾ ਤੁਰਕੀ ਦੀ ਬਜਾਏ ਫ਼ਾਰਸੀ ਨੂੰ ਦਰਬਾਰ ਦੀ ਭਾਸ਼ਾ ਇਸ ਲਈ ਬਣਾਇਆ ਕਿਉਂਕਿ ਦਰਬਾਰ ਦੀ ਭਾਸ਼ਾ ਬਹੁਤ ਉੱਚ ਪੱਧਰ ਦੀ, ਸੁਹਜਮਈ, ਸ਼ਾਲੀਨ, ਸੁੰਦਰ ਅਤੇ ਗਰਿਮਾਪੂਰਨ ਹੋਣੀ ਚਾਹੀਦੀ ਹੈ।
ਫ਼ਿਰਦੌਸੀ, ਹਾਫ਼ਿਜ਼, ਰੂਮੀ, ਸਾਅਦੀ ਅਤੇ ਉਮਰ ਖ਼ੱਯਾਮ ਵਰਗੇ ਮਹਾਨ ਕਵੀਆਂ ਨੇ ਫ਼ਾਰਸੀ ਨੂੰ ਬਹੁਤ ਹੀ ਨਿਖਰੀ ਹੋਈ, ਸੁੰਦਰ ਅਤੇ ਪ੍ਰਭਾਵਸ਼ਾਲੀ ਭਾਸ਼ਾ ਦਾ ਰੂਪ ਦਿੱਤਾ ਸੀ। ਇਸ ਪੱਖੋਂ ਤੁਰਕੀ ਦੀ ਫ਼ਾਰਸੀ ਨਾਲ ਕੋਈ ਤੁਲਨਾ ਨਹੀਂ ਸੀ। ਤੁਰਕੀ ਵਿੱਚ ਉਸ ਸਮੇਂ ਅਜਿਹੇ ਲੇਖਕ ਅਤੇ ਕਵੀ ਨਹੀਂ ਸਨ, ਜਿਨ੍ਹਾਂ ਦੀ ਤੁਲਨਾ ਉਪਰੋਕਤ ਫ਼ਾਰਸੀ ਸਾਹਿਤਕਾਰਾਂ ਨਾਲ ਕੀਤੀ ਜਾ ਸਕਦੀ।
ਇਹੀ ਕਾਰਨ ਸੀ ਕਿ ਫ਼ਾਰਸੀ ਦੱਖਣ-ਪੂਰਬੀ ਏਸ਼ੀਆ ਦੇ ਵੱਡੇ ਹਿੱਸਿਆਂ ਸਮੇਤ ਭਾਰਤ ਵਿੱਚ ਵੀ ਫੈਲ ਗਈ।
ਇਸ ਤਰ੍ਹਾਂ, ਭਾਵੇਂ ਬਾਬਰ ਨੇ ਆਪਣੀ ਸਵੈ-ਜੀਵਨੀ ਤੁਜ਼ੁਕ-ਏ-ਬਾਬਰੀ ਤੁਰਕੀ ਵਿੱਚ ਲਿਖੀ ਸੀ, ਪਰ ਉਸ ਦੇ ਪੋਤੇ ਅਕਬਰ ਨੇ ਇਸ ਦਾ ਫ਼ਾਰਸੀ ਵਿੱਚ ਅਨੁਵਾਦ ਕਰਵਾਇਆ ਅਤੇ ਇਸ ਦਾ ਨਾਂ ਬਾਬਰਨਾਮਾ ਰੱਖਿਆ। ਅਕਬਰ ਦੀ ਜੀਵਨੀ ਅਕਬਰਨਾਮਾ, ਜਿਸ ਨੂੰ ਅਬੁਲ ਫ਼ਜ਼ਲ ਨੇ ਲਿਖਿਆ ਸੀ, ਵੀ ਫ਼ਾਰਸੀ ਵਿੱਚ ਹੈ। ਇਸੇ ਤਰ੍ਹਾਂ ਉਸ ਦੇ ਪੁੱਤਰ ਜਹਾਂਗੀਰ ਦੀ ਸਵੈ-ਜੀਵਨੀ, ਜਿਸ ਨੂੰ ਜਹਾਂਗੀਰਨਾਮਾ ਕਿਹਾ ਜਾਂਦਾ ਹੈ, ਅਤੇ ਸ਼ਾਹਜਹਾਂ ਦੀ ਜੀਵਨੀ ਸ਼ਾਹਜਹਾਂਨਾਮਾ ਵੀ ਫ਼ਾਰਸੀ ਵਿੱਚ ਹੀ ਲਿਖੀਆਂ ਗਈਆਂ ਸਨ।
ਫ਼ਾਰਸੀ ਭਾਰਤ ਕਿਵੇਂ ਪਹੁੰਚੀ?
ਕੁਝ ਲੋਕਾਂ ਦੇ ਮਨ ਵਿੱਚ ਇਹ ਸਵਾਲ ਉੱਠ ਸਕਦਾ ਹੈ ਕਿ ਫ਼ਾਰਸੀ ਭਾਰਤ ਵਿੱਚ ਕਿਵੇਂ ਆਈ, ਜਦੋਂਕਿ ਇਹ ਭਾਰਤ ਦੀ ਮੂਲ ਭਾਸ਼ਾ ਨਹੀਂ ਹੈ।
ਇਸ ਦਾ ਜਵਾਬ ਇਹ ਹੈ ਕਿ ਸਮਾਜ ਦਾ ਕੁਲੀਨ ਜਾਂ ਉੱਚ ਵਰਗ ਅਕਸਰ ਆਮ ਲੋਕਾਂ ਤੋਂ ਆਪਣੀ ਵੱਖਰੀ ਪਛਾਣ ਬਣਾਉਣਾ ਚਾਹੁੰਦਾ ਹੈ ਅਤੇ ਇਸੇ ਲਈ ਉਹ ਕਿਸੇ ਵਿਦੇਸ਼ੀ ਭਾਸ਼ਾ ਦੀ ਵਰਤੋਂ ਕਰਦਾ ਹੈ। ਮਿਸਾਲ ਵਜੋਂ, ਅੱਜ ਭਾਰਤ ਦਾ ਉੱਚ ਵਰਗ ਅੰਗਰੇਜ਼ੀ ਬੋਲਦਾ ਹੈ।
ਕਿਸੇ ਵਿਦੇਸ਼ੀ ਭਾਸ਼ਾ ਦਾ ਉੱਚ ਵਰਗ ਜਾਂ ਦਰਬਾਰ ਦੀ ਭਾਸ਼ਾ ਬਣ ਜਾਣਾ ਕੋਈ ਅਨੋਖੀ ਗੱਲ ਨਹੀਂ ਹੈ। ਉਦਾਹਰਨ ਵਜੋਂ, ਉਨ੍ਹੀਵੀਂ ਸਦੀ ਤੱਕ ਫ਼ਰਾਂਸੀਸੀ ਭਾਸ਼ਾ ਰੂਸ, ਜਰਮਨੀ ਅਤੇ ਅਸਲ ਵਿੱਚ ਯੂਰਪ ਦੇ ਵੱਡੇ ਹਿੱਸੇ ਦੇ ਕੁਲੀਨ ਵਰਗ ਦੀ ਭਾਸ਼ਾ ਸੀ।
ਜਦੋਂ ਕੋਈ ਰੂਸੀ ਕੁਲੀਨ ਵਿਅਕਤੀ ਕਿਸੇ ਹੋਰ ਰੂਸੀ ਕੁਲੀਨ ਵਿਅਕਤੀ ਨਾਲ ਗੱਲ ਕਰਦਾ ਸੀ, ਤਾਂ ਉਹ ਅਕਸਰ ਫ਼ਰਾਂਸੀਸੀ ਵਿੱਚ ਗੱਲ ਕਰਦਾ ਸੀ, ਜਦੋਂਕਿ ਆਪਣੇ ਨੌਕਰ ਨਾਲ ਰੂਸੀ ਵਿੱਚ ਗੱਲ ਕਰਦਾ ਸੀ। ਇਸੇ ਤਰ੍ਹਾਂ, ਜਰਮਨ ਕੁਲੀਨ ਵਰਗ ਦੇ ਲੋਕ ਆਪਸ ਵਿੱਚ ਫ਼ਰਾਂਸੀਸੀ ਵਿੱਚ ਗੱਲ ਕਰਦੇ ਸਨ, ਪਰ ਆਪਣੇ ਨੌਕਰਾਂ ਨਾਲ ਜਰਮਨ ਵਿੱਚ।
ਟਾਲਸਟਾਏ ਦੇ ਨਾਵਲ ਵਾਰ ਐਂਡ ਪੀਸ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਰੂਸੀ ਫ਼ੌਜੀ ਕਮਾਂਡਰ, ਜੋ ਸਾਰੇ ਰੂਸੀ ਕੁਲੀਨ ਵਰਗ ਨਾਲ ਸਬੰਧਤ ਸਨ, ਆਪਸ ਵਿੱਚ ਅਕਸਰ ਫ਼ਰਾਂਸੀਸੀ ਵਿੱਚ ਗੱਲ ਕਰਦੇ ਸਨ, ਭਾਵੇਂ ਉਨ੍ਹਾਂ ਦਾ ਦੁਸ਼ਮਣ ਨੈਪੋਲੀਅਨ ਖ਼ੁਦ ਫ਼ਰਾਂਸੀਸੀ ਸੀ।
ਦਿੱਲੀ ਸਲਤਨਤ ਦੀ ਦਰਬਾਰੀ ਭਾਸ਼ਾ ਵੀ ਫ਼ਾਰਸੀ ਸੀ, ਭਾਵੇਂ ਦਿੱਲੀ ਦੇ ਬਹੁਤੇ ਸੁਲਤਾਨ ਫ਼ਾਰਸੀ ਨਹੀਂ, ਸਗੋਂ ਅਫ਼ਗਾਨ ਸਨ। ਉਨ੍ਹਾਂ ਦੀ ਮਾਤ-ਭਾਸ਼ਾ ਪਸ਼ਤੋ ਸੀ, ਪਰ ਉਨ੍ਹਾਂ ਨੇ ਫ਼ਾਰਸੀ ਨੂੰ ਦਰਬਾਰ ਦੀ ਭਾਸ਼ਾ ਵਜੋਂ ਤਰਜੀਹ ਦਿੱਤੀ, ਕਿਉਂਕਿ ਉਨ੍ਹਾਂ ਦੀ ਨਜ਼ਰ ਵਿੱਚ ਫ਼ਾਰਸੀ ਪਸ਼ਤੋ ਨਾਲੋਂ ਕਿਤੇ ਵਧੇਰੇ ਨਿਖਰੀ ਹੋਈ, ਸੁੰਦਰ ਅਤੇ ਸ਼ਾਲੀਨ ਭਾਸ਼ਾ ਸੀ।
ਅਕਬਰ ਦੇ ਵਿੱਤ ਮੰਤਰੀ ਰਾਜਾ ਟੋਡਰਮਲ ਨੇ ਪੂਰੇ ਮੁਗ਼ਲ ਸਾਮਰਾਜ ਦੇ ਮਾਲੀਆ ਅਤੇ ਨਿਆਂਇਕ ਰਿਕਾਰਡ ਫ਼ਾਰਸੀ ਵਿੱਚ ਲਿਖਵਾਉਣ ਦਾ ਪ੍ਰਬੰਧ ਕੀਤਾ ਸੀ।
ਫ਼ਾਰਸੀ ਅਤੇ ਉਰਦੂ ਵਿੱਚ ਕੀ ਅੰਤਰ ਹੈ?
ਫ਼ਾਰਸੀ ਅਤੇ ਉਰਦੂ ਵਿਚਕਾਰ ਅੰਤਰ ਸਮਝਣ ਲਈ ਸਭ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਕਿਸੇ ਵਾਕ ਦੀ ਭਾਸ਼ਾ ਨਿਰਧਾਰਤ ਕਰਨ ਲਈ ਇਹ ਦੇਖਣਾ ਚਾਹੀਦਾ ਹੈ ਕਿ ਉਸ ਵਿੱਚ ਵਰਤੀ ਗਈ ਕਿਰਿਆ ਕਿਸ ਭਾਸ਼ਾ ਨਾਲ ਸਬੰਧਤ ਹੈ। ਹਿੰਦੀ ਵਿੱਚ ਇਸ ਨੂੰ ‘ਕ੍ਰਿਆ’ ਅਤੇ ਉਰਦੂ ਵਿੱਚ ‘ਫ਼ੇਲ’ ਕਿਹਾ ਜਾਂਦਾ ਹੈ।
ਮੰਨ ਲਓ ਕਿ ਮੈਂ ਇਹ ਕਹਿੰਦਾ ਹਾਂ:
“Mr Ram, aaiye to my house for dinner with your wife for dinner at 8 pm.”
ਇਸ ਵਾਕ ਵਿੱਚ ਕੁੱਲ 16 ਸ਼ਬਦ ਹਨ, ਜਿਨ੍ਹਾਂ ਵਿੱਚੋਂ 15 ਅੰਗਰੇਜ਼ੀ ਦੇ ਹਨ। ਇਸ ਦੇ ਬਾਵਜੂਦ ਇਹ ਅੰਗਰੇਜ਼ੀ ਦਾ ਨਹੀਂ, ਸਗੋਂ ਹਿੰਦੁਸਤਾਨੀ (ਸਧਾਰਨ ਹਿੰਦੀ) ਦਾ ਵਾਕ ਹੈ, ਕਿਉਂਕਿ ਇਸ ਵਿੱਚ ਵਰਤੀ ਗਈ ਕਿਰਿਆ ‘aaiye’ ਹਿੰਦੁਸਤਾਨੀ ਦੀ ਹੈ।
ਇਸੇ ਤਰ੍ਹਾਂ, ਕਿਸੇ ਵੀ ਉਰਦੂ ਸ਼ਾਇਰ ਦਾ ਕੋਈ ਵੀ ਸ਼ੇਰ ਲੈ ਕੇ ਦੇਖ ਲਓ। ਅਸੀਂ ਪਾਵਾਂਗੇ ਕਿ ਉਸ ਵਿੱਚ ਵਰਤੀਆਂ ਗਈਆਂ ਕਿਰਿਆਵਾਂ ਲਗਭਗ ਹਮੇਸ਼ਾ ਹਿੰਦੁਸਤਾਨੀ ਦੀਆਂ ਹੁੰਦੀਆਂ ਹਨ, ਭਾਵੇਂ ਨਾਂਵ ਅਤੇ ਵਿਸ਼ੇਸ਼ਣ ਅਕਸਰ ਫ਼ਾਰਸੀ ਜਾਂ ਅਰਬੀ ਦੇ ਹੁੰਦੇ ਹਨ। ਜੇ ਕਿਸੇ ਸ਼ੇਰ ਵਿੱਚ ਕਿਰਿਆ ਫ਼ਾਰਸੀ ਦੀ ਹੋਵੇ, ਤਾਂ ਉਹ ਫ਼ਾਰਸੀ ਦਾ ਸ਼ੇਰ ਬਣ ਜਾਵੇਗਾ ਅਤੇ ਜੇ ਕਿਰਿਆ ਅਰਬੀ ਦੀ ਹੋਵੇ, ਤਾਂ ਉਹ ਅਰਬੀ ਦਾ ਸ਼ੇਰ ਹੋਵੇਗਾ।
ਮਿਸਾਲ ਵਜੋਂ ਗ਼ਾਲਿਬ ਦਾ ਇਹ ਸ਼ੇਰ ਦੇਖੋ:
“ਦੇਖੋ ਮੁਝੇ ਜੋ ਦੀਦਾ-ਏ-ਇਬਰਤ ਨਿਗਾਹ ਹੋ
ਮੇਰੀ ਸੁਨੋ ਜੋ ਗੋਸ਼-ਏ-ਨਸੀਹਤ ਨਿਓਸ਼ ਹੈ।”
ਇੱਥੇ ਅਸੀਂ ਦੇਖਦੇ ਹਾਂ ਕਿ ਸ਼ੇਰ ਵਿੱਚ ਵਰਤੀਆਂ ਗਈਆਂ ਕਿਰਿਆਵਾਂ ‘ਦੇਖੋ’, ‘ਸੁਨੋ’ ਅਤੇ ‘ਹੈ’ ਸਧਾਰਨ ਹਿੰਦੀ ਦੀਆਂ ਹਨ, ਜਦੋਂਕਿ ਕਈ ਨਾਂਵ ਅਤੇ ਵਿਸ਼ੇਸ਼ਣ ਫ਼ਾਰਸੀ ਜਾਂ ਅਰਬੀ ਦੇ ਹਨ।
ਇਹ ਦਰਸਾਉਂਦਾ ਹੈ ਕਿ ਉਰਦੂ ਇੱਕ ਦੇਸੀ ਭਾਸ਼ਾ ਹੈ, ਕਿਉਂਕਿ ਇਸ ਦੀਆਂ ਕਿਰਿਆਵਾਂ ਹਿੰਦੁਸਤਾਨੀ ਵਿੱਚ ਹਨ। ਇਸ ਲਈ ਇਸ ਨੂੰ ਫ਼ਾਰਸੀ ਅਤੇ ਅਰਬੀ ਵਰਗੀਆਂ ਵਿਦੇਸ਼ੀ ਭਾਸ਼ਾਵਾਂ ਦੀ ਸ਼੍ਰੇਣੀ ਵਿੱਚ ਨਹੀਂ ਰੱਖਣਾ ਚਾਹੀਦਾ।
ਮੁਗ਼ਲ ਦਰਬਾਰ ਦੀ ਭਾਸ਼ਾ ਫ਼ਾਰਸੀ ਤੋਂ ਉਰਦੂ ਕਿਵੇਂ ਬਣੀ?
ਇੱਕ ਸਵਾਲ ਇਹ ਵੀ ਹੈ ਕਿ ਤਾਕਤਵਰ ਮੁਗ਼ਲਾਂ ਦੇ ਸ਼ਾਸਨਕਾਲ ਵਿੱਚ, ਅਰਥਾਤ ਔਰੰਗਜ਼ੇਬ ਤੱਕ, ਦਰਬਾਰ ਦੀ ਭਾਸ਼ਾ ਫ਼ਾਰਸੀ ਸੀ, ਪਰ ਬਾਅਦ ਦੇ ਮੁਗ਼ਲਾਂ ਦੇ ਸਮੇਂ ਵਿੱਚ ਹੌਲੀ-ਹੌਲੀ ਇਹ ਉਰਦੂ ਕਿਵੇਂ ਬਣ ਗਈ?
ਇਸ ਦਾ ਕਾਰਨ ਇਹ ਸੀ ਕਿ ਬਾਅਦ ਦੇ ਮੁਗ਼ਲ ਅਸਲ ਅਰਥਾਂ ਵਿੱਚ ਸਮਰਾਟ ਨਹੀਂ ਰਹਿ ਗਏ ਸਨ। ਉਹ ਆਮ ਲੋਕਾਂ ਜਾਂ ਗ਼ਰੀਬਾਂ ਦੇ ਵਧੇਰੇ ਨੇੜੇ ਆ ਗਏ ਸਨ ਅਤੇ ਉਨ੍ਹਾਂ ਨੂੰ ਵੀ ਆਮ ਆਦਮੀ ਵਾਂਗ ਜੀਵਨ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਲਈ ਉਨ੍ਹਾਂ ਨੂੰ ਅਜਿਹੀ ਭਾਸ਼ਾ ਦਾ ਸਹਾਰਾ ਲੈਣਾ ਪਿਆ ਜੋ ਆਮ ਲੋਕਾਂ ਦੀ ਭਾਸ਼ਾ ਦੇ ਵਧੇਰੇ ਨੇੜੇ ਸੀ।
ਫਿਰ ਉਨ੍ਹਾਂ ਦੇ ਦਰਬਾਰ ਦੀ ਭਾਸ਼ਾ ਆਮ ਲੋਕਾਂ ਦੀ ਹਿੰਦੁਸਤਾਨੀ ਕਿਉਂ ਨਹੀਂ ਬਣੀ?
ਇਸ ਦਾ ਕਾਰਨ ਇਹ ਸੀ ਕਿ ਗ਼ਰੀਬੀ ਅਤੇ ਆਰਥਿਕ ਕਮਜ਼ੋਰੀ ਦੇ ਬਾਵਜੂਦ ਬਾਅਦ ਦੇ ਮੁਗ਼ਲਾਂ ਨੇ ਆਪਣੀ ਇੱਜ਼ਤ, ਸੱਭਿਆਚਾਰ ਅਤੇ ਸਵੈਮਾਣ ਕਾਇਮ ਰੱਖਿਆ ਸੀ। ਉਨ੍ਹਾਂ ਨੂੰ ਇਸ ਗੱਲ ਦਾ ਮਾਣ ਸੀ ਕਿ ਉਹ ਸ਼ਹਿਜ਼ਾਦੇ-ਏ-ਤੈਮੂਰੀਆ, ਅਰਥਾਤ ਮਹਾਨ ਜੇਤੂ ਤੈਮੂਰ ਦੇ ਵੰਸ਼ਜ ਸਨ, ਜੋ ਬਾਬਰ ਦੇ ਪੜਦਾਦੇ ਦੇ ਪੜਦਾਦਾ ਸਨ, ਅਤੇ ਮਹਾਨ ਮੁਗ਼ਲਾਂ ਦੀ ਵੰਸ਼-ਪਰੰਪਰਾ ਨਾਲ ਸਬੰਧਤ ਸਨ।
ਇਸ ਲਈ ਗ਼ਰੀਬ ਹੋ ਜਾਣ ਦੇ ਬਾਵਜੂਦ ਉਹ ਆਮ ਲੋਕਾਂ ਵਾਂਗ ਸਮਝੇ ਜਾਣ ਲਈ ਤਿਆਰ ਨਹੀਂ ਸਨ। ਉਨ੍ਹਾਂ ਨੇ ਫ਼ਾਰਸੀ ਛੱਡ ਕੇ ਹਿੰਦੁਸਤਾਨੀ ਤਾਂ ਅਪਣਾ ਲਈ, ਪਰ ਇਹ ਆਮ ਲੋਕਾਂ ਵਾਲੀ ਹਿੰਦੁਸਤਾਨੀ ਨਹੀਂ ਸੀ। ਇਸ ਵਿੱਚ ਫ਼ਾਰਸੀ ਭਾਸ਼ਾ ਦੀ ਨਫ਼ਾਸਤ, ਨਿਖਾਰ, ਸੱਭਿਆਚਾਰ ਅਤੇ ਕੁਝ ਸ਼ਬਦਾਵਲੀ ਦਾ ਸੁਮੇਲ ਸੀ।
ਦੂਜੇ ਸ਼ਬਦਾਂ ਵਿੱਚ, ਉਹ ਅਜਿਹੀ ਹਿੰਦੁਸਤਾਨੀ ਬੋਲਦੇ ਸਨ ਜਿਸ ਵਿੱਚ ਫ਼ਾਰਸੀ ਦੀ ਸ਼ਾਲੀਨਤਾ, ਨਫ਼ਾਸਤ, ਨਿਖਾਰ ਅਤੇ ਕੁਝ ਸ਼ਬਦਾਵਲੀ ਸ਼ਾਮਲ ਸੀ।
ਇਸ ਤਰ੍ਹਾਂ ਉਰਦੂ ਅਜਿਹੇ ਕੁਲੀਨ ਵਰਗ ਦੀ ਭਾਸ਼ਾ ਬਣ ਗਈ, ਜੋ ਆਰਥਿਕ ਤੌਰ ‘ਤੇ ਭਾਵੇਂ ਗ਼ਰੀਬ ਹੋ ਗਿਆ ਸੀ, ਪਰ ਆਪਣੀ ਇੱਜ਼ਤ, ਮਾਣ ਅਤੇ ਸਵੈਮਾਣ ਕਾਇਮ ਰੱਖਣਾ ਚਾਹੁੰਦਾ ਸੀ।
ਉਰਦੂ ਦੇ ਮਹਾਨਤਮ ਸ਼ਾਇਰ ਗ਼ਾਲਿਬ ਬਾਰੇ ਇੱਕ ਪ੍ਰਸਿੱਧ ਕਿੱਸਾ ਹੈ ਕਿ ਭਾਰੀ ਆਰਥਿਕ ਤੰਗੀ ਦੇ ਬਾਵਜੂਦ ਉਨ੍ਹਾਂ ਨੇ ਇੱਕ ਨੌਕਰੀ ਦੀ ਪੇਸ਼ਕਸ਼ ਸਿਰਫ਼ ਇਸ ਲਈ ਠੁਕਰਾ ਦਿੱਤੀ ਸੀ, ਕਿਉਂਕਿ ਜਦੋਂ ਉਹ ਆਪਣੀਆਂ ਸੇਵਾਵਾਂ ਪੇਸ਼ ਕਰਨ ਗਏ ਤਾਂ ਉਨ੍ਹਾਂ ਦੇ ਸਵਾਗਤ ਲਈ ਕੋਈ ਵੀ ਮੌਜੂਦ ਨਹੀਂ ਸੀ।
ਉਰਦੂ ਬੋਲਣ ਵਾਲੇ ਲੋਕਾਂ ਦੇ ਇਸ ਸਵੈਮਾਣ ਦੀ ਸਭ ਤੋਂ ਵਧੀਆ ਮਿਸਾਲ ਜੋਸ਼ ਮਲੀਹਾਬਾਦੀ ਦੀਆਂ ਇਨ੍ਹਾਂ ਸਤਰਾਂ ਵਿੱਚ ਮਿਲਦੀ ਹੈ:
“ਹਸ਼ਰ ਮੇਂ ਭੀ ਖ਼ੁਸਰਵਾਨਾ ਸ਼ਾਨ ਸੇ ਜਾਏਂਗੇ ਹਮ
ਔਰ ਅਗਰ ਪੁਰਸ਼ਿਸ਼ ਨਾ ਹੋਗੀ, ਤੋ ਪਲਟ ਆਏਂਗੇ ਹਮ।”
ਅਰਥਾਤ:
“ਕਿਆਮਤ ਦੇ ਦਿਨ ਵੀ ਅਸੀਂ ਪੂਰੀ ਸ਼ਾਨ ਨਾਲ ਜਾਵਾਂਗੇ,
ਅਤੇ ਜੇ ਸਾਡਾ ਆਦਰ-ਸਤਿਕਾਰ ਨਾ ਹੋਇਆ ਤਾਂ ਵਾਪਸ ਮੁੜ ਆਵਾਂਗੇ।”
ਉਰਦੂ ਦਾ ਦੋਹਰਾ ਸਰੂਪ
ਇਸ ਤਰ੍ਹਾਂ ਉਰਦੂ ਇੱਕ ਪਾਸੇ ਕੁਲੀਨ ਵਰਗ ਦੀ ਭਾਸ਼ਾ ਹੈ ਅਤੇ ਦੂਜੇ ਪਾਸੇ ਆਮ ਲੋਕਾਂ ਦੀ ਵੀ ਭਾਸ਼ਾ ਹੈ।
ਇਹ ਆਮ ਲੋਕਾਂ ਦੀ ਭਾਸ਼ਾ ਇਸ ਲਈ ਹੈ ਕਿਉਂਕਿ ਇਸ ਦੀ ਨੀਂਹ ਹਿੰਦੁਸਤਾਨੀ ਹੈ, ਜੋ ਆਮ ਲੋਕਾਂ ਦੀ ਭਾਸ਼ਾ ਹੈ। ਪਰ ਇਹ ਉਸੇ ਅਰਥ ਵਿੱਚ ਸਿਰਫ਼ ਆਮ ਲੋਕਾਂ ਦੀ ਭਾਸ਼ਾ ਨਹੀਂ ਹੈ, ਕਿਉਂਕਿ ਇਸ ਦੀ ਬੁਨਿਆਦ ਉੱਤੇ ਕੁਲੀਨ ਵਰਗ ਦੀ ਭਾਸ਼ਾ ਫ਼ਾਰਸੀ ਦੀ ਇੱਕ ਪਰਤ ਚੜ੍ਹੀ ਹੋਈ ਹੈ। ਇਸੇ ਕਾਰਨ ਇਸ ਵਿੱਚ ਕੁਲੀਨ ਭਾਸ਼ਾ ਵਾਲੀ ਨਫ਼ਾਸਤ, ਨਿਖਾਰ ਅਤੇ ਸੁਚੱਜਾਪਣ ਮੌਜੂਦ ਹੈ।
ਇਸ ਤਰ੍ਹਾਂ ਉਰਦੂ ਦਾ ਦੋਹਰਾ ਸਰੂਪ ਹੈ। ਇਹ ਆਮ ਲੋਕਾਂ ਦੀ ਜ਼ੁਬਾਨ ਵੀ ਹੈ ਅਤੇ ਕੁਲੀਨ ਵਰਗ ਦੀ ਭਾਸ਼ਾ ਵੀ।
ਇਹ ਗੱਲ ਸੁਣਨ ਵਿੱਚ ਵਿਰੋਧਾਭਾਸੀ ਲੱਗ ਸਕਦੀ ਹੈ, ਪਰ ਇਹ ਸੱਚ ਹੈ। ਦਰਅਸਲ, ਉਰਦੂ ਦੀ ਖ਼ੂਬਸੂਰਤੀ ਵੀ ਇਹੀ ਹੈ ਕਿ ਇਹ ਆਮ ਲੋਕਾਂ ਦੀ ਭਾਸ਼ਾ ਹੋਣ ਦੇ ਨਾਤੇ ਉਨ੍ਹਾਂ ਦੀਆਂ ਸਮੱਸਿਆਵਾਂ, ਚਿੰਤਾਵਾਂ, ਦੁੱਖਾਂ ਅਤੇ ਆਸਾਂ ਨੂੰ ਪ੍ਰਗਟ ਕਰਦੀ ਹੈ, ਪਰ ਇਸ ਦੇ ਨਾਲ ਹੀ ਇਸ ਵਿੱਚ ਸ਼ਾਲੀਨਤਾ, ਨਫ਼ਾਸਤ, ਨਿਖਾਰ ਅਤੇ ਗਰਿਮਾ ਵੀ ਮੌਜੂਦ ਹੈ।
ਉਪਰ ਦੱਸਿਆ ਜਾ ਚੁੱਕਾ ਹੈ ਕਿ ਉਰਦੂ ਮੂਲ ਰੂਪ ਵਿੱਚ ਦੋ ਭਾਸ਼ਾਈ ਪਰੰਪਰਾਵਾਂ ਦਾ ਸੁਮੇਲ ਹੈ: ਹਿੰਦੁਸਤਾਨੀ ਜਾਂ ਸਧਾਰਨ ਹਿੰਦੀ, ਜੋ ਆਮ ਲੋਕਾਂ ਦੀ ਭਾਸ਼ਾ ਹੈ, ਅਤੇ ਫ਼ਾਰਸੀ, ਜੋ ਕੁਲੀਨ ਵਰਗ ਦੀ ਭਾਸ਼ਾ ਰਹੀ ਹੈ।
ਇਹ ਵੀ ਦੱਸਿਆ ਗਿਆ ਹੈ ਕਿ ਉਰਦੂ ਅਸਲ ਵਿੱਚ ਹਿੰਦੁਸਤਾਨੀ ਦਾ ਇੱਕ ਵਿਸ਼ੇਸ਼ ਰੂਪ ਹੈ, ਨਾ ਕਿ ਫ਼ਾਰਸੀ ਦਾ, ਕਿਉਂਕਿ ਇਸ ਦੀਆਂ ਕਿਰਿਆਵਾਂ ਹਿੰਦੁਸਤਾਨੀ ਦੀਆਂ ਹਨ।
ਇਸੇ ਵਿਸ਼ਲੇਸ਼ਣ ਨੂੰ ਅੱਗੇ ਵਧਾਉਂਦੇ ਹੋਏ ਕਿਹਾ ਜਾ ਸਕਦਾ ਹੈ ਕਿ ਉਰਦੂ ਦੀ ਵਿਸ਼ਾ-ਵਸਤੂ, ਅਰਥਾਤ ਇਸ ਵਿੱਚ ਪ੍ਰਗਟ ਕੀਤੀਆਂ ਗਈਆਂ ਭਾਵਨਾਵਾਂ ਅਤੇ ਵਿਚਾਰ, ਆਮ ਲੋਕਾਂ ਦੇ ਜੀਵਨ ਨਾਲ ਸਬੰਧਤ ਹਨ, ਪਰ ਇਨ੍ਹਾਂ ਨੂੰ ਪ੍ਰਗਟ ਕਰਨ ਦਾ ਢੰਗ ਕੁਲੀਨ ਵਰਗ ਵਾਲਾ ਹੈ।
ਦੂਜੇ ਸ਼ਬਦਾਂ ਵਿੱਚ, ਉਰਦੂ ਆਮ ਲੋਕਾਂ ਦੀਆਂ ਮੁਸ਼ਕਲਾਂ, ਦੁੱਖਾਂ, ਚਿੰਤਾਵਾਂ, ਆਸਾਂ ਅਤੇ ਇੱਛਾਵਾਂ ਨੂੰ ਪ੍ਰਗਟ ਕਰਦੀ ਹੈ, ਪਰ ਇਸ ਦਾ ਅੰਦਾਜ਼-ਏ-ਬਿਆਨ ਆਮ ਆਦਮੀ ਵਾਲਾ ਨਹੀਂ, ਸਗੋਂ ਕਿਸੇ ਕੁਲੀਨ ਵਿਅਕਤੀ ਵਾਲਾ ਹੁੰਦਾ ਹੈ।
ਮਿਸਾਲ ਵਜੋਂ, ਉਰਦੂ ਦੇ ਮਹਾਨਤਮ ਸ਼ਾਇਰ ਗ਼ਾਲਿਬ ਨੂੰ ਕਵਿਤਾ ਵਿੱਚ ਆਮ ਬੋਲਚਾਲ ਵਾਲੀ ਭਾਸ਼ਾ ਦੀ ਵਰਤੋਂ ਬਿਲਕੁਲ ਪਸੰਦ ਨਹੀਂ ਸੀ। ਆਪਣੇ ਆਪ ਨੂੰ ਕੁਲੀਨ ਸਮਝਦੇ ਹੋਏ ਉਹ ਆਮ ਲੋਕਾਂ ਤੋਂ ਵੱਖਰੇ ਦਿਖਾਈ ਦੇਣ ਦੀ ਤੀਬਰ ਇੱਛਾ ਰੱਖਦੇ ਸਨ। ਉਨ੍ਹਾਂ ਦੀ ਸ਼ਾਇਰੀ ਮੌਲਿਕਤਾ ਅਤੇ ਰਵਾਇਤੀ ਸੋਚ ਤੋਂ ਹਟ ਕੇ ਪ੍ਰਗਟਾਵੇ ਲਈ ਜਾਣੀ ਜਾਂਦੀ ਹੈ।
ਗ਼ਾਲਿਬ ਦਾ ਪੱਕਾ ਵਿਸ਼ਵਾਸ ਸੀ ਕਿ ਕਵਿਤਾ ਦੀ ਭਾਸ਼ਾ ਆਮ ਲੋਕਾਂ ਦੀ ਰੋਜ਼ਾਨਾ ਬੋਲਚਾਲ ਵਰਗੀ ਨਹੀਂ ਹੋਣੀ ਚਾਹੀਦੀ। ਇਸੇ ਕਾਰਨ ਉਨ੍ਹਾਂ ਦੀ ਸ਼ਾਇਰੀ ਵਿੱਚ ਫ਼ਾਰਸੀ ਦਾ ਪ੍ਰਭਾਵ ਬਹੁਤ ਜ਼ਿਆਦਾ ਹੈ। ਉਹ ਆਪਣੇ ਵਿਚਾਰ ਸਿੱਧੇ ਤੌਰ ‘ਤੇ ਪ੍ਰਗਟ ਕਰਨ ਦੀ ਬਜਾਏ ਅਕਸਰ ਰੂਪਕਾਂ, ਸੰਕੇਤਾਂ, ਇਸ਼ਾਰਿਆਂ ਅਤੇ ਅਪ੍ਰਤੱਖ ਢੰਗ ਨਾਲ ਪੇਸ਼ ਕਰਦੇ ਸਨ।
ਇਹੀ ਗੱਲ ਕਈ ਹੋਰ ਉਰਦੂ ਸ਼ਾਇਰਾਂ ਉੱਤੇ ਵੀ ਲਾਗੂ ਹੁੰਦੀ ਹੈ। ਉਹ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਸਧਾਰਨ ਅਤੇ ਸਿੱਧੀ ਭਾਸ਼ਾ ਵਿੱਚ ਪ੍ਰਗਟ ਕਰਨ ਦੀ ਬਜਾਏ ਰੂਪਕਾਂ, ਇਸ਼ਾਰਿਆਂ, ਸੰਕੇਤਾਂ, ਹਵਾਲਿਆਂ ਅਤੇ ਘੁਮਾ-ਫਿਰਾ ਕੇ ਕਹਿਣ ਦੇ ਢੰਗ ਦੀ ਵਰਤੋਂ ਕਰਦੇ ਸਨ। ਇਸ ਦਾ ਮਕਸਦ ਆਪਣੀ ਅਭਿਵਿਅਕਤੀ ਨੂੰ ਆਮ ਬੋਲਚਾਲ ਤੋਂ ਵੱਖਰਾ, ਵਧੇਰੇ ਨਿਖਰਿਆ ਹੋਇਆ ਅਤੇ ਕੁਲੀਨ ਦਿਖਾਉਣਾ ਹੁੰਦਾ ਸੀ।
ਕਈ ਵਾਰ ਇਸ ਕਾਰਨ ਉਨ੍ਹਾਂ ਦੀਆਂ ਰਚਨਾਵਾਂ ਨੂੰ ਸਮਝਣਾ ਮੁਸ਼ਕਲ ਹੋ ਜਾਂਦਾ ਹੈ। ਉਰਦੂ ਦੇ ਮਹਾਨ ਆਲੋਚਕ ਅਤੇ ਜੀਵਨੀਕਾਰ ਹਾਲੀ ਦੇ ਵਿਚਾਰ ਅਨੁਸਾਰ ਗ਼ਾਲਿਬ ਦੇ ਲਗਭਗ ਇੱਕ-ਤਿਹਾਈ ਸ਼ੇਰ ਇੰਨੇ ਗੁੰਝਲਦਾਰ ਹਨ ਕਿ ਉਨ੍ਹਾਂ ਨੂੰ ਆਮ ਉਰਦੂ ਦੀ ਸਮਝ ਦੇ ਦਾਇਰੇ ਵਿੱਚ ਰੱਖਣਾ ਮੁਸ਼ਕਲ ਹੈ। ਕਈ ਵਾਰ ਇੱਕੋ ਸ਼ੇਰ ਦੇ ਕਈ ਅਰਥ ਕੱਢੇ ਜਾ ਸਕਦੇ ਹਨ।
ਫਿਰ ਵੀ, ਉਰਦੂ ਦਾ ਇਹ ਕੁਲੀਨ ਅੰਦਾਜ਼ ਅਤੇ ਨਫ਼ਾਸਤ ਹੀ ਇਸ ਨੂੰ ਤਾਕਤਵਰ ਬਣਾਉਂਦੇ ਹਨ। ਇਸੇ ਰਾਹੀਂ ਆਮ ਲੋਕਾਂ ਦੀਆਂ ਭਾਵਨਾਵਾਂ ਅਤੇ ਵਿਚਾਰਾਂ ਨੂੰ ਵੀ ਬਹੁਤ ਜ਼ੋਰਦਾਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਗਟ ਕੀਤਾ ਜਾ ਸਕਦਾ ਹੈ।
ਹਿੰਦੀ ਵਿੱਚ ਇਹ ਤਾਕਤ ਨਹੀਂ ਹੈ, ਕਿਉਂਕਿ ਇਸ ਵਿੱਚ ਉਸ ਪੱਧਰ ਦੀ ਨਫ਼ਾਸਤ ਅਤੇ ਨਿਖਾਰ ਦੀ ਘਾਟ ਹੈ।
ਫ਼ਾਰਸੀ ਦੀ ਥਾਂ ਉਰਦੂ ਦਾ ਆਉਣਾ
ਜਦੋਂ ਤੱਕ ਭਾਰਤ ਵਿੱਚ ਤਾਕਤਵਰ ਮੁਗ਼ਲ ਸਮਰਾਟ ਰਹੇ, ਅਰਥਾਤ 1707 ਵਿੱਚ ਔਰੰਗਜ਼ੇਬ ਦੀ ਮੌਤ ਤੱਕ, ਫ਼ਾਰਸੀ ਦਰਬਾਰ ਦੀ ਭਾਸ਼ਾ ਬਣੀ ਰਹੀ। ਇਸ ਦਾ ਦਬਦਬਾ ਇੰਨਾ ਜ਼ਿਆਦਾ ਸੀ ਕਿ ਉੱਤਰੀ ਭਾਰਤ ਵਿੱਚ ਉਰਦੂ ਨੂੰ ਕਦੇ ਵੀ ਉਹ ਮਾਨਤਾ ਨਹੀਂ ਮਿਲੀ ਅਤੇ ਉਹ ਦਰਬਾਰ ਦੀ ਭਾਸ਼ਾ ਨਹੀਂ ਬਣ ਸਕੀ। ਇਸ ਨੂੰ ਇੱਕ ਘਟੀਆ ਭਾਸ਼ਾ ਸਮਝਿਆ ਜਾਂਦਾ ਸੀ।
ਇਸ ਦੇ ਉਲਟ, ਉਰਦੂ ਨੂੰ ਦੱਖਣੀ ਭਾਰਤ ਅਤੇ ਗੁਜਰਾਤ ਵਿੱਚ ਪਨਾਹ ਅਤੇ ਸਰਪ੍ਰਸਤੀ ਮਿਲੀ, ਜਿੱਥੇ ਇਹ ਉੱਥੋਂ ਦੀਆਂ ਸਲਤਨਤਾਂ ਦੇ ਕੁਲੀਨ ਵਰਗ ਦੀ ਭਾਸ਼ਾ ਬਣ ਗਈ।
ਦਿਲਚਸਪ ਗੱਲ ਇਹ ਹੈ ਕਿ ਉਰਦੂ ਉੱਤਰੀ ਭਾਰਤ ਦੀ ਭਾਸ਼ਾ ਹੋਣ ਦੇ ਬਾਵਜੂਦ ਦੱਖਣੀ ਭਾਰਤ ਵਿੱਚ ਵਿਕਸਿਤ ਹੋਈ ਅਤੇ ਉੱਥੇ ਪ੍ਰਸਿੱਧ ਹੋਈ। ਗੋਲਕੁੰਡਾ, ਬੀਜਾਪੁਰ, ਅਹਿਮਦਨਗਰ ਆਦਿ ਦੀਆਂ ਦੱਖਣੀ ਸਲਤਨਤਾਂ, ਜਿਨ੍ਹਾਂ ਦੇ ਸ਼ਾਸਕ ਮੁਸਲਮਾਨ ਸਨ, ਨੇ ਇਸ ਨੂੰ ਸਰਪ੍ਰਸਤੀ ਦਿੱਤੀ ਅਤੇ ਇਹ ਉੱਥੇ ਦਰਬਾਰੀ ਭਾਸ਼ਾ ਬਣ ਗਈ।
ਇਸ ਤਰ੍ਹਾਂ ਇਹ ਗੱਲ ਦਿਲਚਸਪ ਹੈ ਕਿ ਮਹਾਨ ਮੁਗ਼ਲਾਂ ਦੇ ਸ਼ਾਸਨਕਾਲ ਦੌਰਾਨ ਉਰਦੂ ਦੱਖਣੀ ਭਾਰਤ ਅਤੇ ਗੁਜਰਾਤ ਵਿੱਚ ਦਰਬਾਰੀ ਭਾਸ਼ਾ ਬਣ ਗਈ, ਪਰ ਜਦੋਂ ਤੱਕ ਉੱਤਰ ਵਿੱਚ ਤਾਕਤਵਰ ਮੁਗ਼ਲ ਮੌਜੂਦ ਰਹੇ, ਇਹ ਫ਼ਾਰਸੀ ਨੂੰ ਉਸ ਦੀ ਥਾਂ ਤੋਂ ਹਟਾ ਨਹੀਂ ਸਕੀ।
ਦੱਖਣੀ ਭਾਰਤ ਵਿੱਚ ਉਰਦੂ ਨੂੰ ਇਸ ਲਈ ਵੀ ਮਾਨਤਾ ਮਿਲੀ ਕਿਉਂਕਿ ਉੱਥੇ ਇਹ ਇੱਕ ਬਾਹਰੀ ਭਾਸ਼ਾ ਸੀ। ਉੱਥੋਂ ਦੀਆਂ ਸਥਾਨਕ ਭਾਸ਼ਾਵਾਂ ਤੇਲਗੂ, ਤਮਿਲ, ਕੰਨੜ ਆਦਿ ਸਨ। ਜਿਵੇਂ ਕਿ ਮੈਂ ਪਹਿਲਾਂ ਦੱਸਿਆ ਹੈ, ਕਿਸੇ ਸਮਾਜ ਦਾ ਕੁਲੀਨ ਵਰਗ ਅਕਸਰ ਆਮ ਲੋਕਾਂ ਤੋਂ ਆਪਣੀ ਵੱਖਰੀ ਪਛਾਣ ਬਣਾਉਣ ਲਈ ਕਿਸੇ ਵਿਦੇਸ਼ੀ ਭਾਸ਼ਾ ਨੂੰ ਤਰਜੀਹ ਦਿੰਦਾ ਹੈ।
ਦੱਖਣੀ ਭਾਰਤ ਦੇ ਸੁਲਤਾਨਾਂ ਨੇ ਉਰਦੂ ਨੂੰ ਸਰਪ੍ਰਸਤੀ ਦਿੱਤੀ। ਕਵਿਤਾ ਅਤੇ ਸਾਹਿਤ ਦੇ ਵਿਕਾਸ ਲਈ ਸਰਪ੍ਰਸਤੀ ਦੀ ਲੋੜ ਹੁੰਦੀ ਹੈ, ਕਿਉਂਕਿ ਕਵੀ ਦਾ ਵੀ ਪੇਟ ਹੁੰਦਾ ਹੈ ਅਤੇ ਉਸ ਨੂੰ ਵੀ ਰੋਜ਼ੀ-ਰੋਟੀ ਕਮਾਉਣੀ ਪੈਂਦੀ ਹੈ।
ਅਸਲ ਵਿੱਚ ਉਸ ਸਮੇਂ ਉੱਤਰੀ ਭਾਰਤ ਵਿੱਚ ਉਰਦੂ ਨੂੰ ਨੀਵੀਂ ਨਜ਼ਰ ਨਾਲ ਦੇਖਿਆ ਜਾਂਦਾ ਸੀ ਅਤੇ ਫ਼ਾਰਸੀ ਨੂੰ ਆਦਰਸ਼ ਭਾਸ਼ਾ ਮੰਨਿਆ ਜਾਂਦਾ ਸੀ। ਇਸ ਦੇ ਉਲਟ, ਦੱਖਣੀ ਭਾਰਤ ਅਤੇ ਗੁਜਰਾਤ ਵਿੱਚ ਇਹ ਕੁਲੀਨ ਵਰਗ ਵਿੱਚ ਪ੍ਰਚਲਿਤ ਹੋਈ ਅਤੇ ਇਸ ਨੂੰ ਸਰਪ੍ਰਸਤੀ ਮਿਲੀ।
ਇਸ ਸੰਦਰਭ ਵਿੱਚ ਦੱਖਣੀ ਭਾਰਤ ਦੇ ਮਹਾਨ ਉਰਦੂ ਕਵੀ ਵਲੀ ਦਕਨੀ ਦਾ ਜ਼ਿਕਰ ਕਰਨਾ ਦਿਲਚਸਪ ਹੋਵੇਗਾ। ਜਦੋਂ ਉਹ 1700 ਈਸਵੀ ਵਿੱਚ ਔਰੰਗਜ਼ੇਬ ਦੇ ਰਾਜ ਦੌਰਾਨ ਦਿੱਲੀ ਆਏ, ਤਾਂ ਉਨ੍ਹਾਂ ਦੀ ਪ੍ਰਸਿੱਧੀ ਪਹਿਲਾਂ ਹੀ ਦਿੱਲੀ ਪਹੁੰਚ ਚੁੱਕੀ ਸੀ। ਉਹ ਦਿੱਲੀ ਵਿੱਚ ਬਹੁਤ ਮਕਬੂਲ ਹੋਏ, ਕਿਉਂਕਿ ਉਨ੍ਹਾਂ ਦੀ ਸ਼ਾਇਰੀ ਉਰਦੂ ਵਿੱਚ ਸੀ, ਜਿਸ ਨੂੰ ਦਿੱਲੀ ਦੇ ਆਮ ਲੋਕ ਸਮਝ ਸਕਦੇ ਸਨ। ਇਸ ਦੇ ਉਲਟ, ਦਿੱਲੀ ਦੇ ਸ਼ਾਇਰ ਫ਼ਾਰਸੀ ਵਿੱਚ ਲਿਖਦੇ ਸਨ, ਜਿਸ ਨੂੰ ਆਮ ਲੋਕ ਨਹੀਂ ਸਮਝ ਸਕਦੇ ਸਨ।
ਵਲੀ ਦਕਨੀ ਨੂੰ ਅਕਸਰ ਉਰਦੂ ਦਾ ਪਿਤਾਮਾ ਮੰਨਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਦਿੱਲੀ ਦੇ ਸ਼ਾਇਰਾਂ ਨੂੰ ਇਹ ਸੰਭਾਵਨਾ ਦਿਖਾਈ ਕਿ ਆਮ ਲੋਕਾਂ ਦੀ ਸਮਝ ਵਿੱਚ ਆਉਣ ਵਾਲੀ ਉਰਦੂ ਵਿੱਚ ਵੀ ਉੱਚ ਪੱਧਰ ਦੀ ਸ਼ਾਇਰੀ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਉੱਤਰੀ ਭਾਰਤ ਵਿੱਚ ਉਰਦੂ ਨੂੰ ਮਾਨਤਾ ਦਿਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਔਰੰਗਜ਼ੇਬ ਦੀ 1707 ਵਿੱਚ ਮੌਤ ਤੋਂ ਬਾਅਦ ਜਦੋਂ ਬਾਅਦ ਦੇ ਮੁਗ਼ਲਾਂ ਦਾ ਦੌਰ ਸ਼ੁਰੂ ਹੋਇਆ, ਤਾਂ ਹੀ ਫ਼ਾਰਸੀ ਦੀ ਥਾਂ ਹੌਲੀ-ਹੌਲੀ ਉਰਦੂ ਨੇ ਲੈਣੀ ਸ਼ੁਰੂ ਕੀਤੀ। ਇਹ ਤਬਦੀਲੀ ਬਹੁਤ ਹੌਲੀ ਸੀ ਅਤੇ ਇਸ ਨੂੰ ਬਹੁਤ ਹੀ ਬੇਦਿਲੀ ਨਾਲ ਸਵੀਕਾਰ ਕੀਤਾ ਗਿਆ।
ਮਿਸਾਲ ਵਜੋਂ, 1857 ਦੇ ਵਿਦਰੋਹ ਦੇ ਸਮੇਂ ਤੱਕ ਜੀਵਤ ਰਹੇ ਗ਼ਾਲਿਬ ਆਪਣੀ ਫ਼ਾਰਸੀ ਸ਼ਾਇਰੀ ਨੂੰ ਵਧੇਰੇ ਮਹੱਤਵ ਦਿੰਦੇ ਸਨ ਅਤੇ ਆਪਣੀ ਉਰਦੂ ਸ਼ਾਇਰੀ ਨੂੰ ਘੱਟ ਸਮਝਦੇ ਸਨ, ਭਾਵੇਂ ਉਨ੍ਹਾਂ ਦੀ ਮਹਾਨਤਾ ਦਾ ਅਸਲ ਆਧਾਰ ਉਨ੍ਹਾਂ ਦੀ ਉਰਦੂ ਸ਼ਾਇਰੀ ਹੀ ਹੈ।
ਉਨ੍ਹਾਂ ਨੇ ਆਪਣੇ ਮਿੱਤਰ ਮੁਨਸ਼ੀ ਸ਼ਿਵ ਨਾਰਾਇਣ ਆਰਾਮ ਨੂੰ ਇੱਕ ਚਿੱਠੀ ਵਿੱਚ ਲਿਖਿਆ ਸੀ:
“ਮੇਰੇ ਦੋਸਤ, ਮੈਂ ਉਰਦੂ ਵਿੱਚ ਕਿਵੇਂ ਲਿਖ ਸਕਦਾ ਹਾਂ? ਕੀ ਮੇਰਾ ਰੁਤਬਾ ਇੰਨਾ ਡਿੱਗ ਗਿਆ ਹੈ ਕਿ ਮੇਰੇ ਤੋਂ ਇਹ ਉਮੀਦ ਕੀਤੀ ਜਾਵੇ?”
ਇਸ ਤੋਂ ਪਤਾ ਲੱਗਦਾ ਹੈ ਕਿ ਉਸ ਸਮੇਂ ਉਰਦੂ ਵਿੱਚ ਲਿਖਣਾ ਇੱਜ਼ਤ ਦੇ ਖ਼ਿਲਾਫ਼ ਸਮਝਿਆ ਜਾਂਦਾ ਸੀ ਅਤੇ ਸਾਰੇ ਸਨਮਾਨਿਤ ਲੇਖਕ ਫ਼ਾਰਸੀ ਵਿੱਚ ਲਿਖਣਾ ਪਸੰਦ ਕਰਦੇ ਸਨ।
ਮੈਂ ਇੱਕ ਹੋਰ ਉਦਾਹਰਨ ਦੇਣਾ ਚਾਹਾਂਗਾ। ਮੇਰੇ ਪੂਰਵਜ ਪੰਡਿਤ ਮਾਨਸਾ ਰਾਮ ਕਾਟਜੂ ਲਗਭਗ 1800 ਦੇ ਆਸ-ਪਾਸ ਕਸ਼ਮੀਰ ਤੋਂ ਆਏ ਸਨ। ਉਨ੍ਹਾਂ ਨੇ ਕੁਰੂਕਸ਼ੇਤਰ ਦੇ ਪੰਡੇ ਦੇ ਰਜਿਸਟਰ ਵਿੱਚ ਇੱਕ ਇੰਦਰਾਜ਼ ਦਰਜ ਕਰਵਾਇਆ ਸੀ, ਜਿਸ ਵਿੱਚ ਲਿਖਿਆ ਸੀ:
“ਬਤਲਾਸ਼-ਏ-ਮਾਸ਼-ਆਮਦਮ”
ਇਸ ਦਾ ਅਰਥ ਹੈ, “ਮੈਂ ਰੋਜ਼ੀ-ਰੋਟੀ ਦੀ ਭਾਲ ਵਿੱਚ ਆਇਆ ਹਾਂ”, ਭਾਵ ਰੁਜ਼ਗਾਰ ਦੀ ਤਲਾਸ਼ ਵਿੱਚ। ਅੰਤ ਵਿੱਚ ਉਨ੍ਹਾਂ ਨੂੰ ਪੱਛਮੀ ਮੱਧ ਪ੍ਰਦੇਸ਼ ਵਿੱਚ ਨਵਾਬ ਜਾਵਰਾ ਦੇ ਦਰਬਾਰ ਵਿੱਚ ਨੌਕਰੀ ਮਿਲ ਗਈ ਸੀ।

ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਨੇ ਇਹ ਵਾਕ ਉਰਦੂ ਵਿੱਚ ਨਹੀਂ, ਸਗੋਂ ਫ਼ਾਰਸੀ ਵਿੱਚ ਲਿਖਿਆ ਸੀ।
ਉਨ੍ਹਾਂ ਦਿਨਾਂ ਵਿੱਚ ਪੜ੍ਹਿਆ-ਲਿਖਿਆ ਵਰਗ ਲਿਖਣ ਲਈ ਫ਼ਾਰਸੀ ਦੀ ਵਰਤੋਂ ਕਰਦਾ ਸੀ। ਉਰਦੂ ਭਾਵੇਂ ਬੋਲਚਾਲ ਦੀ ਭਾਸ਼ਾ ਰਹੀ ਹੋਵੇ, ਪਰ ਲਿਖਤੀ ਭਾਸ਼ਾ ਫ਼ਾਰਸੀ ਸੀ।
ਗ਼ਾਲਿਬ ਨੂੰ ਆਪਣੀ ਤੁਰਕੀ ਵੰਸ਼ਾਵਲੀ ਉੱਤੇ ਮਾਣ ਸੀ। ਉਹ ਉਰਦੂ ਵਿੱਚ ਲਿਖਣ ਤੋਂ ਬਹੁਤ ਹਿਚਕਿਚਾਉਂਦੇ ਸਨ ਅਤੇ ਫ਼ਾਰਸੀ ਨੂੰ ਤਰਜੀਹ ਦਿੰਦੇ ਸਨ। ਉਨ੍ਹਾਂ ਦੀ ਮੁੱਢਲੀ ਉਰਦੂ ਸ਼ਾਇਰੀ ਵੀ ਫ਼ਾਰਸੀ ਦੇ ਪ੍ਰਭਾਵ ਕਾਰਨ ਇੰਨੀ ਔਖੀ ਸੀ ਕਿ ਉਸ ਨੂੰ ਸਮਝਣਾ ਮੁਸ਼ਕਲ ਹੋ ਜਾਂਦਾ ਸੀ। ਉਨ੍ਹਾਂ ਦੇ ਸਭ ਤੋਂ ਵਧੀਆ ਸ਼ੇਰ ਬਾਅਦਲੇ ਸਮੇਂ ਦੇ ਹਨ, ਜਦੋਂ ਉਨ੍ਹਾਂ ਨੇ ਖੜੀ ਬੋਲੀ ਦੀ ਵਰਤੋਂ ਕਰਨੀ ਸ਼ੁਰੂ ਕੀਤੀ।
ਔਰੰਗਜ਼ੇਬ ਦੀ 1707 ਵਿੱਚ ਮੌਤ ਤੋਂ ਬਾਅਦ ਮੁਗ਼ਲ ਸਾਮਰਾਜ ਦਾ ਪਤਨ ਉਰਦੂ ਲਈ ਇੱਕ ਤਰ੍ਹਾਂ ਨਾਲ ਵਰਦਾਨ ਸਾਬਤ ਹੋਇਆ, ਕਿਉਂਕਿ ਇਸ ਤੋਂ ਬਾਅਦ ਹੀ ਉਸ ਨੂੰ ਫ਼ਾਰਸੀ ਦੀ ਥਾਂ ਲੈਣ ਦਾ ਮੌਕਾ ਮਿਲਿਆ।
ਉਰਦੂ ਦਾ ਸੁਨਹਿਰੀ ਦੌਰ ਬਾਅਦ ਦੇ ਮੁਗ਼ਲਾਂ ਦੇ ਸਮੇਂ ਵਿੱਚ ਆਇਆ ਅਤੇ ਇਸ ਦਾ ਸਿਖਰ ਆਖ਼ਰੀ ਮੁਗ਼ਲ ਸਮਰਾਟ ਬਹਾਦਰ ਸ਼ਾਹ ਜ਼ਫ਼ਰ ਦੇ ਸਮੇਂ ਵਿੱਚ ਸੀ।
1947 ਤੱਕ ਭਾਰਤ ਦੇ ਵੱਡੇ ਹਿੱਸਿਆਂ ਵਿੱਚ ਉਰਦੂ ਅਦਾਲਤਾਂ ਅਤੇ ਪੜ੍ਹੇ-ਲਿਖੇ ਲੋਕਾਂ ਦੀ ਭਾਸ਼ਾ ਸੀ, ਭਾਵੇਂ ਉਹ ਹਿੰਦੂ ਹੋਣ, ਮੁਸਲਮਾਨ ਹੋਣ ਜਾਂ ਸਿੱਖ। ਇਸ ਦੇ ਨਾਲ ਹੀ, ਆਪਣੇ ਦੋਹਰੇ ਸਰੂਪ ਕਾਰਨ ਸ਼ਹਿਰੀ ਇਲਾਕਿਆਂ ਵਿੱਚ ਇਹ ਹਿੰਦੁਸਤਾਨੀ ਦੇ ਰੂਪ ਵਿੱਚ ਆਮ ਲੋਕਾਂ ਦੀ ਭਾਸ਼ਾ ਵੀ ਸੀ।
ਕਿਉਂਕਿ ਉਰਦੂ ਸ਼ਹਿਰੀ ਭਾਰਤ ਦੇ ਵੱਡੇ ਹਿੱਸੇ ਵਿੱਚ ਆਮ ਲੋਕਾਂ ਦੀ ਭਾਸ਼ਾ ਸੀ, ਇਸ ਲਈ ਇਸ ਨੇ ਹਰ ਭਾਸ਼ਾ ਤੋਂ ਸ਼ਬਦ ਅਪਣਾਏ ਅਤੇ ਦੂਜੀਆਂ ਭਾਸ਼ਾਵਾਂ ਦੇ ਸ਼ਬਦਾਂ ਨੂੰ ਸਵੀਕਾਰ ਕਰਨ ਵਿੱਚ ਕਦੇ ਕੋਈ ਇਤਰਾਜ਼ ਨਹੀਂ ਕੀਤਾ। ਮਿਸਾਲ ਵਜੋਂ, ਅਕਬਰ ਇਲਾਹਾਬਾਦੀ ਦੀ ਸ਼ਾਇਰੀ ਵਿੱਚ ਕਈ ਅੰਗਰੇਜ਼ੀ ਸ਼ਬਦ ਮਿਲਦੇ ਹਨ।
ਭਾਰਤ ਦੇ ਆਮ ਲੋਕ ਉਰਦੂ ਨੂੰ ਪਿਆਰ ਕਿਉਂ ਕਰਦੇ ਹਨ?
ਕਿਉਂਕਿ ਉਰਦੂ ਆਮ ਲੋਕਾਂ ਦੀ ਭਾਸ਼ਾ ਰਹੀ ਹੈ, ਇਸ ਲਈ ਉਹ ਇਸ ਨੂੰ ਪਿਆਰ ਕਰਦੇ ਸਨ ਅਤੇ ਅੱਜ ਵੀ ਕਰਦੇ ਹਨ।
ਇਸ ਗੱਲ ਨੂੰ ਤਿੰਨ ਉਦਾਹਰਨਾਂ ਰਾਹੀਂ ਸਮਝਿਆ ਜਾ ਸਕਦਾ ਹੈ।
ਪਹਿਲੀ ਗੱਲ: ਅੱਜ ਵੀ ਹਿੰਦੀ ਫ਼ਿਲਮਾਂ ਦੇ ਕਈ ਗੀਤ ਉਰਦੂ ਵਿੱਚ ਹੁੰਦੇ ਹਨ, ਕਿਉਂਕਿ ਦਿਲ ਦੀ ਆਵਾਜ਼ ਆਪਣੀ ਹੀ ਭਾਸ਼ਾ ਵਿੱਚ ਨਿਕਲਦੀ ਹੈ, ਭਾਵੇਂ ਕੁਝ ਲੋਕ ਇਸ ਨੂੰ ਦਬਾਉਣ ਦੀ ਕਿੰਨੀ ਵੀ ਕੋਸ਼ਿਸ਼ ਕਿਉਂ ਨਾ ਕਰਨ।
ਮੈਨੂੰ ਯਾਦ ਹੈ ਕਿ ਜਦੋਂ ਮੈਂ ਜਵਾਨ ਸੀ, ਮੇਰੀ ਪੀੜ੍ਹੀ ਦੇ ਲੋਕ ਇਹ ਗੀਤ ਗਾਇਆ ਕਰਦੇ ਸਨ:
“ਐ ਦਿਲ ਮੁਝੇ ਐਸੀ ਜਗ੍ਹਾ ਲੇ ਚਲ ਜਹਾਂ ਕੋਈ ਨਾ ਹੋ।”
ਜਾਂ
“ਦਿਲ ਢੂੰਢਤਾ ਹੈ ਫਿਰ ਵਹੀ ਫ਼ੁਰਸਤ ਕੇ ਰਾਤ ਦਿਨ।”
ਉਸ ਸਮੇਂ ਸਾਨੂੰ ਇਹ ਅਹਿਸਾਸ ਵੀ ਨਹੀਂ ਸੀ ਕਿ ਇਹ ਫ਼ਿਲਮੀ ਗੀਤ ਮਹਾਨ ਸ਼ਾਇਰ ਗ਼ਾਲਿਬ ਦੇ ਸ਼ੇਰਾਂ ਉੱਤੇ ਆਧਾਰਿਤ ਹਨ।
ਅਸੀਂ “ਜਿਨ੍ਹਾਂ ਨੂੰ ਨਾਜ਼ ਹੈ ਹਿੰਦ ਪਰ ਵੋ ਕਹਾਂ ਹੈਂ” ਵੀ ਗਾਇਆ ਕਰਦੇ ਸਾਂ, ਜੋ ਹਿੰਦੀ ਫ਼ਿਲਮ ਪਿਆਸਾ ਵਿੱਚ ਸਾਹਿਰ ਲੁਧਿਆਣਵੀ ਦੇ ਸ਼ੇਰ “ਸਨਾ-ਖ਼ਵਾਨ-ਏ-ਤਕਦੀਸ-ਏ-ਮਸ਼ਰਿਕ ਕਹਾਂ ਹੈਂ” ਦਾ ਸਰਲ ਰੂਪ ਹੈ।
ਅੱਜ ਦੀ ਨੌਜਵਾਨ ਪੀੜ੍ਹੀ “ਮੁੰਨੀ ਬਦਨਾਮ ਹੁਈ” ਅਤੇ “ਸ਼ੀਲਾ ਕੀ ਜਵਾਨੀ” ਵਰਗੇ ਗੀਤ ਗਾਉਂਦੀ ਹੈ, ਜਿਨ੍ਹਾਂ ਨੂੰ ਮੈਂ ਬੇਮਤਲਬ ਸਮਝਦਾ ਹਾਂ।
ਦੂਜੀ ਗੱਲ: ਰੇਲਵੇ ਸਟੇਸ਼ਨਾਂ ਦੇ ਕਿਤਾਬਾਂ ਵਾਲੇ ਸਟਾਲਾਂ ਉੱਤੇ ਜਿਹੜੀਆਂ ਕਿਤਾਬਾਂ ਵਿਕਦੀਆਂ ਹਨ, ਉਹ ਗ਼ਾਲਿਬ, ਮੀਰ, ਫ਼ੈਜ਼, ਜੋਸ਼, ਫ਼ਿਰਾਕ਼, ਹਾਲੀ, ਦਾਗ਼, ਮਜਾਜ਼, ਜ਼ੌਕ਼ ਆਦਿ ਦੀਆਂ ਰਚਨਾਵਾਂ ਹੁੰਦੀਆਂ ਹਨ। ਅੱਜਕੱਲ੍ਹ ਇਹ ਕਿਤਾਬਾਂ ਦੇਵਨਾਗਰੀ ਲਿਪੀ ਵਿੱਚ ਵੀ ਮਿਲਦੀਆਂ ਹਨ।
ਸਾਨੂੰ ਦੱਸਿਆ ਜਾਂਦਾ ਹੈ ਕਿ ਉਰਦੂ ਨਹੀਂ, ਸਗੋਂ ਹਿੰਦੀ ਲੋਕਾਂ ਦੀ ਭਾਸ਼ਾ ਹੈ। ਫਿਰ ਸਵਾਲ ਇਹ ਹੈ ਕਿ ਰੇਲਵੇ ਸਟੇਸ਼ਨਾਂ ਉੱਤੇ, ਜਿੱਥੇ ਆਮ ਲੋਕ ਕਿਤਾਬਾਂ ਖਰੀਦਦੇ ਹਨ, ਮਹਾਦੇਵੀ ਵਰਮਾ ਜਾਂ ਸੁਮਿਤਰਾ ਨੰਦਨ ਪੰਤ ਵਰਗੇ ਹਿੰਦੀ ਕਵੀਆਂ ਦੀਆਂ ਰਚਨਾਵਾਂ ਕਿਉਂ ਨਹੀਂ ਵਿਕਦੀਆਂ? ਇਸ ਦੀ ਬਜਾਏ ਹਿੰਦੀ ਬੋਲਣ ਵਾਲੇ ਲੋਕ ਉਰਦੂ ਸ਼ਾਇਰੀ ਦੀਆਂ ਕਿਤਾਬਾਂ ਕਿਉਂ ਖਰੀਦਦੇ ਹਨ?
ਤੀਜੀ ਗੱਲ: ਉਹ ਹਿੰਦੀ ਲੇਖਕ, ਜਿਨ੍ਹਾਂ ਦਾ ਪਿਛੋਕੜ ਉਰਦੂ ਨਾਲ ਜੁੜਿਆ ਹੋਇਆ ਹੈ, ਜਿਵੇਂ ਪ੍ਰੇਮਚੰਦ, ਕ੍ਰਿਸ਼ਨ ਚੰਦਰ, ਰਾਜਿੰਦਰ ਸਿੰਘ ਬੇਦੀ, ਪ੍ਰੋ. ਗੋਪੀ ਚੰਦ ਅਤੇ ਮਲਿਕ ਰਾਮ, ਹਿੰਦੀ ਸਾਹਿਤਕ ਜਗਤ ਵਿੱਚ ਵੀ ਬਹੁਤ ਸਤਿਕਾਰ ਨਾਲ ਸਵੀਕਾਰ ਕੀਤੇ ਜਾਂਦੇ ਹਨ।
ਉਰਦੂ ਭਾਰਤ ਦੇ ਲੋਕਾਂ ਨੂੰ ਇਸ ਲਈ ਪਿਆਰੀ ਹੈ ਕਿਉਂਕਿ ਇਸ ਦਾ ਵਿਕਾਸ ਲੋਕਾਂ ਦੇ ਵਿਚਕਾਰ ਹੋਇਆ ਹੈ।
ਉਰਦੂ ਸਾਹਿਤ ਵਿਰੋਧ ਦਾ ਸਾਹਿਤ ਵੀ ਹੈ। ਇਹ ਆਮ ਆਦਮੀ ਦੀਆਂ ਮੁਸ਼ਕਲਾਂ ਅਤੇ ਬੇਇਨਸਾਫ਼ੀ ਦੇ ਖ਼ਿਲਾਫ਼ ਆਵਾਜ਼ ਉਠਾਉਂਦਾ ਹੈ।
ਇਸ ਸੰਦਰਭ ਵਿੱਚ ਫ਼ੈਜ਼ ਦੀ ਇਸ ਕਵਿਤਾ ਉੱਤੇ ਵਿਚਾਰ ਕਰੀਏ। ਗ਼ਾਲਿਬ ਦੇ ਨਾਲ ਫ਼ੈਜ਼ ਵੀ ਮੇਰੇ ਮਨਪਸੰਦ ਉਰਦੂ ਸ਼ਾਇਰਾਂ ਵਿੱਚੋਂ ਇੱਕ ਹਨ:
“ਨਿਸਾਰ ਮੈਂ ਤੇਰੀ ਗਲੀਆਂ ਪੇ ਐ ਵਤਨ ਕਿ ਜਹਾਂ
ਚਲੀ ਹੈ ਰਸਮ ਕਿ ਕੋਈ ਨਾ ਸਰ ਉਠਾ ਕੇ ਚਲੇ
ਜੋ ਕੋਈ ਚਾਹਨੇਵਾਲਾ ਤਵਾਫ਼ ਕੋ ਨਿਕਲੇ
ਨਜ਼ਰ ਚੁਰਾ ਕੇ ਚਲੇ, ਜਿਸਮ-ਓ-ਜਾਂ ਬਚਾ ਕੇ ਚਲੇ।”
ਇਹ ਕਵਿਤਾ ਪਾਕਿਸਤਾਨ ਵਿੱਚ ਮਾਰਸ਼ਲ ਲਾਅ ਦੌਰਾਨ ਤਾਨਾਸ਼ਾਹੀ ਅਤੇ ਜ਼ੁਲਮ ਦੇ ਖ਼ਿਲਾਫ਼ ਵਿਰੋਧ ਦੀ ਇੱਕ ਮਿਸਾਲ ਹੈ।
ਉਰਦੂ ਦੇਸ਼-ਭਗਤੀ ਦੀ ਭਾਸ਼ਾ ਵੀ ਹੈ। ਰਾਮ ਪ੍ਰਸਾਦ ਬਿਸਮਿਲ ਦੀਆਂ ਇਹ ਮਸ਼ਹੂਰ ਸਤਰਾਂ ਕੌਣ ਭੁੱਲ ਸਕਦਾ ਹੈ:
“ਸਰਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ।”
ਉਰਦੂ ਸ਼ਾਇਰੀ ਨੇ ਕਰਮਕਾਂਡ, ਰਸਮੀ ਧਾਰਮਿਕਤਾ ਅਤੇ ਦਮਨਕਾਰੀ ਜਾਂ ਪੁਰਾਣੀਆਂ ਸਮਾਜਿਕ ਰੀਤਾਂ-ਰਿਵਾਜਾਂ ਦੇ ਖ਼ਿਲਾਫ਼ ਵੀ ਆਵਾਜ਼ ਉਠਾਈ ਹੈ। ਇਸ ਅਰਥ ਵਿੱਚ ਇਸ ਨੂੰ ਕਬੀਰ ਦੀ ਕਵਿਤਾ ਦਾ ਉੱਤਰਾਧਿਕਾਰੀ ਕਿਹਾ ਜਾ ਸਕਦਾ ਹੈ, ਭਾਵੇਂ ਇਸ ਦਾ ਪ੍ਰਗਟਾਵਾ ਕਿਤੇ ਵਧੇਰੇ ਨਿਖਰਿਆ ਹੋਇਆ ਹੈ।
ਇਸੇ ਤਰ੍ਹਾਂ ਗ਼ਾਲਿਬ ਲਿਖਦੇ ਹਨ:
“ਨਹੀਂ ਕੁਝ ਸੁਬ੍ਹਾ-ਓ-ਜ਼ੁੰਨਾਰ ਕੇ ਫੰਦੇ ਮੇਂ ਗੀਰਾਈ
ਵਫ਼ਾਦਾਰੀ ਮੇਂ ਸ਼ੇਖ਼-ਓ-ਬਰਹਮਨ ਕੀ ਆਜ਼ਮਾਇਸ਼ ਹੈ।”
ਅਰਥਾਤ, ਮੁਸਲਮਾਨ ਦਾ ਤਾਵੀਜ਼ ਜਾਂ ਹਿੰਦੂ ਦਾ ਜਨੇਊ ਆਪਣੇ ਆਪ ਵਿੱਚ ਕੋਈ ਖ਼ਾਸ ਮਹੱਤਵ ਨਹੀਂ ਰੱਖਦਾ। ਕਿਸੇ ਸ਼ੇਖ਼ ਜਾਂ ਬ੍ਰਾਹਮਣ ਦੀ ਅਸਲ ਪਰਖ ਉਸ ਦੇ ਆਪਣੇ ਆਦਰਸ਼ਾਂ ਅਤੇ ਸਿਧਾਂਤਾਂ ਪ੍ਰਤੀ ਵਫ਼ਾਦਾਰੀ ਨਾਲ ਹੁੰਦੀ ਹੈ।
ਇੱਥੇ ਸਆਦਤ ਹਸਨ ਮੰਟੋ ਦੀਆਂ ਕਹਾਣੀਆਂ ਦਾ ਵੀ ਜ਼ਿਕਰ ਕੀਤਾ ਜਾ ਸਕਦਾ ਹੈ, ਖ਼ਾਸ ਕਰਕੇ ਉਹ ਕਹਾਣੀਆਂ ਜੋ ਵੰਡ ਦੀ ਭਿਆਨਕਤਾ ਨੂੰ ਦਰਸਾਉਂਦੀਆਂ ਹਨ, ਜਿਵੇਂ ਠੰਢਾ ਗੋਸ਼ਤ, ਟਿੱਟਵਾਲ ਦਾ ਕੁੱਤਾ ਅਤੇ ਖੋਲ ਦੋ।
ਆਧੁਨਿਕ ਭਾਰਤ ਵਿੱਚ ਆਮ ਲੋਕਾਂ ਦੀ ਭਾਸ਼ਾ ਹੋਣ ਕਾਰਨ ਉਰਦੂ ਦਾ ਸਰੂਪ ਲਗਭਗ ਪੂਰੀ ਤਰ੍ਹਾਂ ਧਰਮ-ਨਿਰਪੱਖ ਹੈ। ਉਰਦੂ ਦੇ ਕੁਝ ਮਹਾਨ ਸ਼ਾਇਰ ਤਾਂ ਧਰਮ ਦੀਆਂ ਰੂੜ੍ਹੀਆਂ ਦੇ ਲਗਭਗ ਵਿਰੋਧੀ ਰਹੇ ਹਨ।
ਮਹਾਨ ਸ਼ਾਇਰ ਮੀਰ ਲਿਖਦੇ ਹਨ:
“ਮੀਰ ਕੇ ਦੀਨ-ਓ-ਮਜ਼ਹਬ ਕੋ ਤੁਮ ਪੂਛਤੇ ਕਿਆ ਹੋ, ਉਨ੍ਹੋਂ ਨੇ ਤੋ
ਕਸ਼ਕਾ ਖੀਂਚਾ ਦੈਰ ਮੇਂ ਬੈਠਾ, ਕਬ ਕਾ ਤਰਕ ਇਸਲਾਮ ਕੀਆ।”
ਇਸੇ ਤਰ੍ਹਾਂ ਗ਼ਾਲਿਬ ਲਿਖਦੇ ਹਨ:
“ਈਮਾਨ ਮੁਝੇ ਰੋਕੇ ਹੈ ਤੋ ਖੀਂਚੇ ਹੈ ਮੁਝੇ ਕੁਫ਼ਰ
ਕਾਬਾ ਮੇਰੇ ਪੀਛੇ ਹੈ, ਕਲੀਸਾ ਮੇਰੇ ਆਗੇ।”
ਅਰਥਾਤ, ਆਸਥਾ ਮੈਨੂੰ ਰੋਕ ਰਹੀ ਹੈ, ਜਦੋਂਕਿ ਨਾਸਤਿਕਤਾ ਮੈਨੂੰ ਆਪਣੇ ਵੱਲ ਖਿੱਚ ਰਹੀ ਹੈ। ਕਾਬਾ ਮੇਰੇ ਪਿੱਛੇ ਹੈ ਅਤੇ ਗਿਰਜਾਘਰ ਮੇਰੇ ਅੱਗੇ।
ਇੱਥੇ ‘ਕਲੀਸਾ’ ਸ਼ਬਦ ਦਾ ਉਪਰਲਾ ਅਰਥ ਭਾਵੇਂ ਗਿਰਜਾਘਰ ਹੈ, ਪਰ ਇਸ ਦਾ ਅਸਲ ਅਰਥ ਆਧੁਨਿਕ ਸਭਿਅਤਾ ਹੈ। ਇਸ ਤਰ੍ਹਾਂ ਗ਼ਾਲਿਬ ਅਤੇ ਹੋਰ ਕਈ ਉਰਦੂ ਲੇਖਕ ਜਗੀਰੂ ਸਭਿਅਤਾ ਦੇ ਵਿਰੋਧੀ ਅਤੇ ਆਧੁਨਿਕਤਾ ਦੇ ਹਮਾਇਤੀ ਹਨ।
ਉਰਦੂ ਸਾਹਿਤ ਉੱਤੇ ਸੂਫ਼ੀ ਪਰੰਪਰਾ ਦਾ ਵੀ ਡੂੰਘਾ ਪ੍ਰਭਾਵ ਹੈ। ਸੂਫ਼ੀ ਮੁਸਲਮਾਨਾਂ ਵਿੱਚ ਉਦਾਰਵਾਦੀ ਸਨ, ਕੱਟੜਪੰਥੀ ਨਹੀਂ। ਉਨ੍ਹਾਂ ਨੇ ਧਰਮ, ਜਾਤੀ ਅਤੇ ਹੋਰ ਭੇਦਭਾਵਾਂ ਤੋਂ ਉੱਪਰ ਉੱਠ ਕੇ ਸਾਰੇ ਮਨੁੱਖਾਂ ਵਿੱਚ ਸਰਬਵਿਆਪੀ ਪਿਆਰ ਦਾ ਸੰਦੇਸ਼ ਫੈਲਾਇਆ। ਇਸ ਤੋਂ ਇਲਾਵਾ, ਸੂਫ਼ੀ ਆਮ ਲੋਕਾਂ ਨਾਲ ਉਨ੍ਹਾਂ ਦੀ ਆਪਣੀ ਭਾਸ਼ਾ ਵਿੱਚ ਗੱਲਬਾਤ ਕਰਦੇ ਸਨ। ਇਸ ਤਰ੍ਹਾਂ ਉਨ੍ਹਾਂ ਨੇ ਉਰਦੂ ਦੇ ਵਿਕਾਸ ਵਿੱਚ ਵੀ ਯੋਗਦਾਨ ਪਾਇਆ।
ਆਧੁਨਿਕ ਉਰਦੂ ਸ਼ਾਇਰਾਂ ਵਿੱਚ ਸਾਹਿਰ ਲੁਧਿਆਣਵੀ ਨੇ ਆਪਣੇ ਨਾਸਤਿਕ ਵਿਚਾਰਾਂ ਨੂੰ ਖੁੱਲ੍ਹ ਕੇ ਪ੍ਰਗਟ ਕੀਤਾ ਹੈ। ਉਨ੍ਹਾਂ ਦੀਆਂ ਇਹ ਸਤਰਾਂ ਦੇਖੋ:
“ਅਕ਼ਾਇਦ ਵਹਮ ਹੈ, ਮਜ਼ਹਬ ਖ਼ਿਆਲ-ਏ-ਖ਼ਾਮ ਹੈ ਸਾਕ਼ੀ
ਅਜ਼ਲ ਸੇ ਜ਼ਹਨ-ਏ-ਇਨਸਾਂ ਬਸਤਾ-ਏ-ਵਹਮ ਹੈ ਸਾਕ਼ੀ।”
ਇਸ ਦਾ ਅਰਥ ਹੈ:
“ਧਾਰਮਿਕ ਮਾਨਤਾਵਾਂ ਭਰਮ ਹਨ ਅਤੇ ਧਰਮ ਸਿਰਫ਼ ਇੱਕ ਅਧੂਰੀ ਕਲਪਨਾ ਹੈ। ਸ਼ੁਰੂ ਤੋਂ ਹੀ ਮਨੁੱਖ ਦਾ ਮਨ ਅੰਧਵਿਸ਼ਵਾਸਾਂ ਦਾ ਗ਼ੁਲਾਮ ਰਿਹਾ ਹੈ।”
ਇਸੇ ਤਰ੍ਹਾਂ ਉਹ ਅੱਗੇ ਲਿਖਦੇ ਹਨ:
“ਬੇਜ਼ਾਰ ਹੈ ਕਨਿਸ਼ਤ-ਓ-ਕਲੀਸਾ ਸੇ ਏਕ ਜਹਾਂ
ਸੌਦਾਗਰਾਨ-ਏ-ਦੀਨ ਕੀ ਸੌਦਾਗਰੀ ਕੀ ਖ਼ੈਰ।”
ਅਰਥਾਤ:
“ਦੁਨੀਆ ਮੰਦਰਾਂ ਅਤੇ ਗਿਰਜਾਘਰਾਂ ਤੋਂ ਅੱਕ ਚੁੱਕੀ ਹੈ। ਧਰਮ ਦੇ ਵਪਾਰੀਆਂ ਦੇ ਇਸ ਵਪਾਰ ਦੀ ਖ਼ੈਰ ਹੋਵੇ।”
ਮੈਂ ਇਹ ਕਹਿਣ ਦੀ ਹਿੰਮਤ ਕਰਦਾ ਹਾਂ ਕਿ ਦੁਨੀਆ ਦੀ ਕਿਸੇ ਵੀ ਭਾਸ਼ਾ ਦੀ ਕਵਿਤਾ ਨੇ ਮਨੁੱਖੀ ਦਿਲ ਦੀ ਆਵਾਜ਼ ਅਤੇ ਉਸ ਦੇ ਦੁੱਖਾਂ ਨੂੰ ਉਸ ਤਾਕਤ ਅਤੇ ਅੰਦਾਜ਼ ਨਾਲ ਪ੍ਰਗਟ ਨਹੀਂ ਕੀਤਾ, ਜਿਸ ਤਰ੍ਹਾਂ ਉਰਦੂ ਨੇ ਕੀਤਾ ਹੈ।
ਗ਼ਾਲਿਬ ਦੇ ਇਨ੍ਹਾਂ ਸਧਾਰਨ ਸ਼ਬਦਾਂ ਵਿੱਚ ਛੁਪੀ ਡੂੰਘੀ ਪੀੜਾ ਨੂੰ ਦੇਖੋ:
“ਰੰਜ ਸੇ ਖ਼ੂਗਰ ਹੁਆ ਇਨਸਾਂ ਤੋ ਮਿਟ ਜਾਂਤਾ ਹੈ ਰੰਜ
ਮੁਸ਼ਕਿਲੇਂ ਇਤਨੀ ਪੜੀ ਮੁਝ ਪਰ ਕਿ ਆਸਾਂ ਹੋ ਗਈਂ।”
ਅਰਥਾਤ, ਜਦੋਂ ਮਨੁੱਖ ਦੁੱਖ ਸਹਿਣ ਦਾ ਆਦੀ ਹੋ ਜਾਂਦਾ ਹੈ ਤਾਂ ਦੁੱਖ ਵੀ ਆਪਣਾ ਅਸਰ ਗੁਆ ਬੈਠਦੇ ਹਨ। ਮੇਰੇ ਉੱਤੇ ਇੰਨੀਆਂ ਮੁਸ਼ਕਲਾਂ ਆਈਆਂ ਕਿ ਸਭ ਕੁਝ ਆਸਾਨ ਹੋ ਗਿਆ।
ਮੀਰ ਅਤੇ ਨਜ਼ੀਰ ਵਰਗੇ ਕੁਝ ਉਰਦੂ ਲੇਖਕਾਂ ਨੇ ਹੋਲੀ, ਦੀਵਾਲੀ, ਰੱਖੜੀ ਅਤੇ ਹੋਰ ਹਿੰਦੂ ਤਿਉਹਾਰਾਂ ਤੇ ਰੀਤਾਂ-ਰਿਵਾਜਾਂ ਬਾਰੇ ਖ਼ੂਬਸੂਰਤ ਕਵਿਤਾਵਾਂ ਲਿਖੀਆਂ ਹਨ। ਇਹ ਦਰਸਾਉਂਦਾ ਹੈ ਕਿ ਉਰਦੂ ਕਿਸੇ ਇੱਕ ਖ਼ਾਸ ਧਰਮ ਦੀ ਭਾਸ਼ਾ ਨਹੀਂ ਸੀ।
ਉਰਦੂ ਸਾਹਿਤ ਦੀਆਂ ਮੋਹਰੀ ਕਤਾਰਾਂ ਵਿੱਚ ਬਹੁਤ ਸਾਰੇ ਹਿੰਦੂਆਂ ਨੇ ਆਪਣਾ ਨਾਂ ਬਣਾਇਆ ਹੈ। ਮਿਸਾਲ ਵਜੋਂ ਫ਼ਿਰਾਕ਼, ਚਕਬਸਤ, ਰਤਨ ਨਾਥ ਸਰਸ਼ਾਰ ਅਤੇ ਰਾਮ ਪ੍ਰਸਾਦ ਬਿਸਮਿਲ। ਵਲੀ ਦਕਨੀ ਦੀ ਸ਼ਾਇਰੀ ਵਿੱਚ ਗੰਗਾ, ਜਮੁਨਾ, ਕ੍ਰਿਸ਼ਨ, ਰਾਮ, ਸਰਸਵਤੀ, ਸੀਤਾ, ਲਕਸ਼ਮੀ ਆਦਿ ਸ਼ਬਦ ਅਕਸਰ ਮਿਲਦੇ ਹਨ।
ਭਾਰਤ ਦੀ ਵੰਡ ਅਤੇ ਉਰਦੂ
ਮੇਰੇ ਵਿਚਾਰ ਵਿੱਚ 1947 ਵਿੱਚ ਭਾਰਤ ਦੀ ਵੰਡ ਨੇ ਉਰਦੂ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ।
ਵੰਡ ਤੋਂ ਬਾਅਦ ਭਾਰਤ ਵਿੱਚ ਉਰਦੂ ਨੂੰ ਇੱਕ ਵਿਦੇਸ਼ੀ ਭਾਸ਼ਾ ਅਤੇ ਸਿਰਫ਼ ਮੁਸਲਮਾਨਾਂ ਦੀ ਭਾਸ਼ਾ ਵਜੋਂ ਪੇਸ਼ ਕੀਤਾ ਜਾਣ ਲੱਗਾ। ਹਾਲਤ ਇੱਥੋਂ ਤੱਕ ਪਹੁੰਚ ਗਈ ਕਿ ਕੁਝ ਮੁਸਲਮਾਨਾਂ ਨੇ ਵੀ ਆਪਣੇ ਹਿੰਦੂ ਭਰਾਵਾਂ ਪ੍ਰਤੀ ਆਪਣੀ ‘ਦੇਸ਼-ਭਗਤੀ’ ਅਤੇ ਏਕਤਾ ਦਿਖਾਉਣ ਲਈ ਉਰਦੂ ਪੜ੍ਹਨੀ ਛੱਡ ਦਿੱਤੀ।
1947 ਤੋਂ ਬਾਅਦ ਹਿੰਦੁਸਤਾਨੀ ਵਿੱਚ ਆਮ ਵਰਤੋਂ ਵਾਲੇ ਫ਼ਾਰਸੀ ਸ਼ਬਦਾਂ ਨੂੰ ਯੋਜਨਾਬੱਧ ਢੰਗ ਨਾਲ ਹਟਾ ਕੇ ਉਨ੍ਹਾਂ ਦੀ ਥਾਂ ਅਜਿਹੇ ਸੰਸਕ੍ਰਿਤ ਦੇ ਸ਼ਬਦ ਲਿਆਉਣ ਦੀ ਕੋਸ਼ਿਸ਼ ਕੀਤੀ ਗਈ, ਜਿਹੜੇ ਆਮ ਵਰਤੋਂ ਵਿੱਚ ਨਹੀਂ ਸਨ।
ਮਿਸਾਲ ਵਜੋਂ, ‘ਜ਼ਿਲ੍ਹਾ’ ਸ਼ਬਦ ਦੀ ਥਾਂ ‘ਜਨਪਦ’ ਵਰਤਿਆ ਜਾਣ ਲੱਗਾ।
ਇਲਾਹਾਬਾਦ ਹਾਈ ਕੋਰਟ ਵਿੱਚ ਇੱਕ ਕੇਸ ਦੀ ਸੁਣਵਾਈ ਦੌਰਾਨ ਮੇਰੇ ਸਾਹਮਣੇ ‘ਪ੍ਰਤਿਭੂ ਅਵੇਦਨ ਪੱਤਰ’ ਸਿਰਲੇਖ ਵਾਲੀ ਇੱਕ ਅਰਜ਼ੀ ਪੇਸ਼ ਕੀਤੀ ਗਈ। ਮੈਂ ਸਬੰਧਤ ਵਕੀਲ ਨੂੰ ਪੁੱਛਿਆ ਕਿ ‘ਪ੍ਰਤਿਭੂ’ ਸ਼ਬਦ ਦਾ ਕੀ ਅਰਥ ਹੈ। ਉਸ ਨੇ ਦੱਸਿਆ ਕਿ ਇਸ ਦਾ ਅਰਥ ਜ਼ਮਾਨਤ ਦੀ ਅਰਜ਼ੀ ਹੈ।
ਮੈਂ ਉਸ ਨੂੰ ਕਿਹਾ ਕਿ ਉਸ ਨੂੰ ‘ਪ੍ਰਤਿਭੂ’ ਵਰਗੇ ਸ਼ਬਦ ਦੀ ਬਜਾਏ ‘ਬੇਲ’ ਜਾਂ ‘ਜ਼ਮਾਨਤ’ ਸ਼ਬਦ ਵਰਤਣਾ ਚਾਹੀਦਾ ਸੀ, ਜਿਨ੍ਹਾਂ ਨੂੰ ਹਰ ਕੋਈ ਸਮਝਦਾ ਹੈ। ਇਸ ਦੇ ਉਲਟ ‘ਪ੍ਰਤਿਭੂ’ ਸ਼ਬਦ ਨੂੰ ਕੋਈ ਨਹੀਂ ਸਮਝਦਾ, ਇੱਥੋਂ ਤੱਕ ਕਿ ਹਿੰਦੁਸਤਾਨੀ ਬੋਲਣ ਵਾਲੇ ਵੀ ਨਹੀਂ।
ਇੱਕ ਹੋਰ ਮੌਕੇ ‘ਤੇ ਜਦੋਂ ਮੈਂ ਸਵੇਰ ਦੀ ਸੈਰ ਕਰ ਰਿਹਾ ਸੀ ਤਾਂ ਮੈਨੂੰ ਇੱਕ ਬੋਰਡ ਦਿਖਾਈ ਦਿੱਤਾ, ਜਿਸ ਉੱਤੇ ‘ਪ੍ਰਵਰਣ ਕੇਂਦਰ’ ਲਿਖਿਆ ਹੋਇਆ ਸੀ। ਮੈਂ ਇਸ ਦਾ ਅਰਥ ਨਹੀਂ ਸਮਝ ਸਕਿਆ। ਹੇਠਾਂ ਦੇਖਿਆ ਤਾਂ ਅੰਗਰੇਜ਼ੀ ਵਿੱਚ ‘Selection Centre’ ਲਿਖਿਆ ਹੋਇਆ ਸੀ।
ਮੇਰੇ ਵਿਚਾਰ ਵਿੱਚ ਉੱਥੇ ‘ਭਰਤੀ ਦਫ਼ਤਰ’ ਜਾਂ ‘ਰੁਜ਼ਗਾਰ ਦਫ਼ਤਰ’ ਲਿਖਿਆ ਜਾਣਾ ਚਾਹੀਦਾ ਸੀ, ਨਾ ਕਿ ‘ਪ੍ਰਵਰਣ ਕੇਂਦਰ’ ਵਰਗਾ ਸ਼ਬਦ, ਜਿਸ ਨੂੰ ਕੋਈ ਸਮਝ ਹੀ ਨਾ ਸਕੇ।
ਹਿੰਦੁਸਤਾਨੀ ਵਿੱਚ ਆਮ ਵਰਤੋਂ ਵਾਲੇ ਫ਼ਾਰਸੀ ਸ਼ਬਦਾਂ ਨੂੰ ਨਫ਼ਰਤ ਨਾਲ ਹਟਾ ਕੇ ਉਨ੍ਹਾਂ ਦੀ ਥਾਂ ਅਜਿਹੇ ਸੰਸਕ੍ਰਿਤ ਸ਼ਬਦ ਲਿਆਉਣ ਦੀ ਇਹ ਨੀਤੀ, ਜੋ ਆਮ ਵਰਤੋਂ ਵਿੱਚ ਨਹੀਂ ਸਨ, ਬ੍ਰਿਟਿਸ਼ ਹਕੂਮਤ ਦੀ ‘ਪਾੜੋ ਅਤੇ ਰਾਜ ਕਰੋ’ ਦੀ ਨੀਤੀ ਦਾ ਨਤੀਜਾ ਸੀ। ਬ੍ਰਿਟਿਸ਼ ਹਕੂਮਤ ਨੇ ਆਪਣੇ ਕੱਟੜ ਸਥਾਨਕ ਹਮਾਇਤੀਆਂ ਰਾਹੀਂ ਇਹ ਪ੍ਰਚਾਰ ਕੀਤਾ ਕਿ ਹਿੰਦੀ ਜਾਂ ਸੰਸਕ੍ਰਿਤ-ਪ੍ਰਭਾਵਿਤ ਹਿੰਦੁਸਤਾਨੀ ਹਿੰਦੂਆਂ ਦੀ ਭਾਸ਼ਾ ਹੈ, ਜਦੋਂਕਿ ਉਰਦੂ ਮੁਸਲਮਾਨਾਂ ਦੀ ਭਾਸ਼ਾ ਹੈ। ਜਦੋਂਕਿ ਸੱਚਾਈ ਇਹ ਸੀ ਕਿ ਉਰਦੂ ਪੜ੍ਹੇ-ਲਿਖੇ ਵਰਗ ਦੀ ਸਾਂਝੀ ਭਾਸ਼ਾ ਸੀ, ਭਾਵੇਂ ਉਹ ਹਿੰਦੂ ਹੋਵੇ, ਮੁਸਲਮਾਨ ਹੋਵੇ ਜਾਂ ਸਿੱਖ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਫ਼ਾਰਸੀ ਅਤੇ ਅਰਬੀ ਦੇ ਬਹੁਤ ਸਾਰੇ ਸ਼ਬਦ ਹਿੰਦੁਸਤਾਨੀ ਵਿੱਚ ਸ਼ਾਮਲ ਹੋਏ ਅਤੇ ਆਮ ਵਰਤੋਂ ਦਾ ਹਿੱਸਾ ਬਣ ਗਏ। ਪਰ ਇਹ ਇੱਕ ਗ਼ਲਤ ਧਾਰਨਾ ਹੈ ਕਿ ਕਿਸੇ ਭਾਸ਼ਾ ਵਿੱਚ ਵਿਦੇਸ਼ੀ ਸ਼ਬਦ ਆਉਣ ਨਾਲ ਉਹ ਕਮਜ਼ੋਰ ਹੋ ਜਾਂਦੀ ਹੈ। ਅਸਲ ਵਿੱਚ ਇਸ ਨਾਲ ਭਾਸ਼ਾ ਹੋਰ ਮਜ਼ਬੂਤ ਹੁੰਦੀ ਹੈ।
ਮਿਸਾਲ ਵਜੋਂ, ਫ਼ਰਾਂਸੀਸੀ, ਜਰਮਨ, ਅਰਬੀ, ਉਰਦੂ ਅਤੇ ਹੋਰ ਭਾਸ਼ਾਵਾਂ ਦੇ ਬਹੁਤ ਸਾਰੇ ਸ਼ਬਦ ਅੰਗਰੇਜ਼ੀ ਵਿੱਚ ਸ਼ਾਮਲ ਹੋਏ ਹਨ। ਇਸ ਨਾਲ ਅੰਗਰੇਜ਼ੀ ਕਮਜ਼ੋਰ ਨਹੀਂ, ਸਗੋਂ ਹੋਰ ਮਜ਼ਬੂਤ ਹੋਈ ਹੈ।
ਹਿੰਦੁਸਤਾਨੀ ਵਿੱਚ ਆਮ ਵਰਤੋਂ ਵਾਲੇ ਫ਼ਾਰਸੀ ਅਤੇ ਅਰਬੀ ਸ਼ਬਦਾਂ ਨੂੰ ਨਫ਼ਰਤ ਨਾਲ ਹਟਾਉਣ ਦੀ ਇਸ ਕੱਟੜ ਨੀਤੀ ਦੇ ਨਤੀਜੇ ਵਜੋਂ ਅਜਿਹੀ ਹਿੰਦੀ ਵਿਕਸਿਤ ਹੋਈ ਜੋ ਬੇਲੋੜੇ ਢੰਗ ਨਾਲ ਸੰਸਕ੍ਰਿਤ-ਪ੍ਰਭਾਵਿਤ ਹੋ ਗਈ। ਭਾਰਤ ਦੇ ਆਮ ਲੋਕਾਂ ਲਈ ਇਸ ਨੂੰ ਸਮਝਣਾ ਅਕਸਰ ਮੁਸ਼ਕਲ ਹੋ ਜਾਂਦਾ ਹੈ।
ਸਾਡੀਆਂ ਅਦਾਲਤਾਂ ਵਿੱਚ ਸਰਕਾਰੀ ਨੋਟੀਫਿਕੇਸ਼ਨਾਂ ਵਿੱਚ ਵਰਤੀ ਜਾਂਦੀ ਹਿੰਦੀ ਨੂੰ ਸਮਝਣਾ ਵੀ ਅਕਸਰ ਔਖਾ ਹੁੰਦਾ ਹੈ।
ਫ਼ਾਰਸੀ ਸ਼ਬਦਾਂ ਪ੍ਰਤੀ ਨਫ਼ਰਤ ਦੀ ਇਸ ਨੀਤੀ ਨੇ ਭਾਰਤ ਵਿੱਚ ਉਰਦੂ ਦੇ ਲਗਭਗ ਕਤਲੇਆਮ ਵਰਗੀ ਸਥਿਤੀ ਪੈਦਾ ਕਰ ਦਿੱਤੀ।
ਉਰਦੂ ਦੇ ਪ੍ਰਸਿੱਧ ਆਲੋਚਕ ਸ਼ਮਸੁਰ ਰਹਿਮਾਨ ਫ਼ਾਰੂਕੀ ਨੇ ਡਾ. ਅਥਰ ਫ਼ਾਰੂਕੀ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਕਿਹਾ ਸੀ:
“ਮੇਰੇ ਲਈ ਅਤੇ ਮੇਰੇ ਵਰਗੇ ਹੋਰ ਲੋਕਾਂ ਲਈ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਭਾਰਤ ਵਿੱਚ ਸਾਡੀ ਪੀੜ੍ਹੀ ਲਈ ਉਰਦੂ ਸਾਹਿਤ ਹੁਣ ਇੱਕ ਜੀਵੰਤ ਹਕੀਕਤ ਨਹੀਂ ਰਿਹਾ। ਇਹ ਕਿਤਾਬਾਂ ਵਿੱਚ ਦਫ਼ਨ ਹੋ ਕੇ ਰਹਿ ਗਿਆ ਹੈ।”
ਪੂਰੇ ਸਤਿਕਾਰ ਨਾਲ, ਮੈਂ ਉਨ੍ਹਾਂ ਨਾਲ ਸਹਿਮਤ ਨਹੀਂ ਹਾਂ।
ਸਾਰੀਆਂ ਵਿਰੋਧੀ ਕੋਸ਼ਿਸ਼ਾਂ ਦੇ ਬਾਵਜੂਦ, ਜਿਹੜੀ ਭਾਸ਼ਾ ਦਿਲ ਦੀ ਆਵਾਜ਼ ਬਣਦੀ ਹੈ, ਉਸ ਨੂੰ ਉਦੋਂ ਤੱਕ ਖ਼ਤਮ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਲੋਕਾਂ ਦੇ ਦਿਲ ਧੜਕਦੇ ਰਹਿਣਗੇ।
ਅੱਜ ਵੀ ਉਰਦੂ ਭਾਰਤੀਆਂ ਦੇ ਦਿਲਾਂ ਵਿੱਚ ਜਿਉਂਦੀ ਹੈ। ਇਸ ਦਾ ਸਬੂਤ ਦੇਸ਼ ਦੇ ਉੱਤਰ, ਪੱਛਮ, ਦੱਖਣ ਅਤੇ ਪੂਰਬ ਵਿੱਚ ਹੋਣ ਵਾਲੇ ਮੁਸ਼ਾਇਰਿਆਂ ਵਿੱਚ ਵੱਖ-ਵੱਖ ਵਰਗਾਂ ਦੇ ਲੋਕਾਂ ਦੀ ਹੈਰਾਨੀਜਨਕ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਤੋਂ ਮਿਲਦਾ ਹੈ।
ਜੇ ਉਰਦੂ ਇੱਕ ਵਿਦੇਸ਼ੀ ਭਾਸ਼ਾ ਹੈ ਤਾਂ ਇਹ ਹੈਰਾਨੀ ਦੀ ਗੱਲ ਹੈ ਕਿ ਭਾਰਤ ਦੇ ਲੋਕ ਇਸ ਨੂੰ ਇੰਨਾ ਪਿਆਰ ਕਿਉਂ ਕਰਦੇ ਹਨ, ਉਰਦੂ ਸ਼ਾਇਰੀ ਦੀਆਂ ਕਿਤਾਬਾਂ ਕਿਉਂ ਖਰੀਦਦੇ ਹਨ ਅਤੇ ਉਰਦੂ ਗੀਤ ਕਿਉਂ ਗਾਉਂਦੇ ਹਨ।
ਮੇਰਾ ਸੁਝਾਅ ਹੈ ਕਿ ਉਰਦੂ ਸ਼ਾਇਰਾਂ ਦੀਆਂ ਰਚਨਾਵਾਂ ਦੇਵਨਾਗਰੀ ਲਿਪੀ ਵਿੱਚ ਵੀ ਪ੍ਰਕਾਸ਼ਿਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਜਿਵੇਂ ਪ੍ਰਕਾਸ਼ ਪੰਡਿਤ ਅਤੇ ਹੋਰਾਂ ਨੇ ਕੀਤਾ ਸੀ। ਇਸ ਨਾਲ ਉਹ ਲੋਕ ਵੀ ਉਰਦੂ ਸ਼ਾਇਰੀ ਪੜ੍ਹ ਸਕਣਗੇ, ਜਿਨ੍ਹਾਂ ਨੂੰ ਫ਼ਾਰਸੀ ਲਿਪੀ ਨਹੀਂ ਆਉਂਦੀ।
ਮੇਰੇ ਵਿਚਾਰ ਵਿੱਚ ਲਿਪੀ ਦੇ ਮਾਮਲੇ ਵਿੱਚ ਬਹੁਤ ਸਖ਼ਤ ਰੁਖ਼ ਨਹੀਂ ਅਪਣਾਉਣਾ ਚਾਹੀਦਾ।
ਕੁਝ ‘ਪ੍ਰਗਤੀਸ਼ੀਲ’ ਲੇਖਕ ਚਾਹੁੰਦੇ ਸਨ ਕਿ ਸਾਰੀ ਉਰਦੂ ਸਿਰਫ਼ ਦੇਵਨਾਗਰੀ ਲਿਪੀ ਵਿੱਚ ਲਿਖੀ ਜਾਵੇ, ਪਰ ਮੈਂ ਇਸ ਵਿਚਾਰ ਨਾਲ ਸਹਿਮਤ ਨਹੀਂ ਹਾਂ। ਇਸ ਮਾਮਲੇ ਵਿੱਚ ਲਚਕਦਾਰ ਰਵੱਈਆ ਅਪਣਾਇਆ ਜਾਣਾ ਚਾਹੀਦਾ ਹੈ ਅਤੇ ਹਰੇਕ ਵਿਅਕਤੀ ਨੂੰ ਆਪਣੀ ਪਸੰਦ ਦੀ ਲਿਪੀ ਚੁਣਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ।
ਇੱਕ ਤਰੀਕਾ ਇਹ ਹੋ ਸਕਦਾ ਹੈ ਕਿ ਕਿਤਾਬ ਦੇ ਖੱਬੇ ਪੰਨੇ ਉੱਤੇ ਲਿਖਤ ਫ਼ਾਰਸੀ ਲਿਪੀ ਵਿੱਚ ਛਾਪੀ ਜਾਵੇ ਅਤੇ ਸੱਜੇ ਪੰਨੇ ਉੱਤੇ ਉਹੀ ਲਿਖਤ ਦੇਵਨਾਗਰੀ ਲਿਪੀ ਵਿੱਚ ਦਿੱਤੀ ਜਾਵੇ। ਔਖੇ ਸ਼ਬਦਾਂ ਦੇ ਅਰਥ ਹੇਠਾਂ ਸਧਾਰਨ ਹਿੰਦੀ (ਹਿੰਦੁਸਤਾਨੀ) ਵਿੱਚ ਸਮਝਾਏ ਜਾ ਸਕਦੇ ਹਨ।
ਉਰਦੂ ਦੇ ਮਹਾਨ ਸ਼ਾਇਰ ਜੋਸ਼ ਮਲੀਹਾਬਾਦੀ ਨੇ ਇੱਕ ਵਾਰ ਕਿਹਾ ਸੀ ਕਿ 1947 ਤੋਂ ਬਾਅਦ ਉਰਦੂ ਨੂੰ ਇਸ ਲਈ ਭਾਰੀ ਨੁਕਸਾਨ ਹੋਇਆ ਕਿਉਂਕਿ ਇਸ ਦਾ ਰਿਸ਼ਤਾ ਰੋਜ਼ੀ-ਰੋਟੀ ਨਾਲੋਂ ਤੋੜ ਦਿੱਤਾ ਗਿਆ ਸੀ। ਇਹ ਗੱਲ ਸਹੀ ਹੈ।
ਲੋਕਾਂ ਨੇ ਉਰਦੂ ਪੜ੍ਹਨੀ ਅਤੇ ਸਿੱਖਣੀ ਇਸ ਲਈ ਵੀ ਛੱਡ ਦਿੱਤੀ ਕਿਉਂਕਿ 1947 ਤੋਂ ਬਾਅਦ ਇਹ ਭਾਸ਼ਾ ਉਨ੍ਹਾਂ ਨੂੰ ਰੋਜ਼ੀ-ਰੋਟੀ ਕਮਾਉਣ ਵਿੱਚ ਪਹਿਲਾਂ ਵਾਂਗ ਮਦਦਗਾਰ ਨਹੀਂ ਰਹੀ ਸੀ।
ਇਸ ਸਬੰਧ ਵਿੱਚ ਮੈਂ ਇੱਕ ਸੁਝਾਅ ਦੇਣਾ ਚਾਹੁੰਦਾ ਹਾਂ।
ਇਲਾਹਾਬਾਦ ਹਾਈ ਕੋਰਟ ਦੇ ਜੱਜ ਵਜੋਂ ਮੈਂ ਰਮੇਸ਼ ਉਪਾਧਿਆਏ ਬਨਾਮ ਉੱਤਰ ਪ੍ਰਦੇਸ਼ ਰਾਜ, ਰਿਟ ਪਟੀਸ਼ਨ ਨੰਬਰ 29290/1990 ਵਿੱਚ 18 ਜਨਵਰੀ 1993 ਨੂੰ ਇੱਕ ਫ਼ੈਸਲਾ ਦਿੱਤਾ ਸੀ। ਇਸ ਵਿੱਚ ਮੈਂ ਸਿਫ਼ਾਰਸ਼ ਕੀਤੀ ਸੀ ਕਿ ਸਾਡੀਆਂ ਦੋ ਮਹਾਨ ਸੱਭਿਆਚਾਰਕ ਭਾਸ਼ਾਵਾਂ, ਸੰਸਕ੍ਰਿਤ ਅਤੇ ਉਰਦੂ, ਨੂੰ ਸਾਰੇ ਸਕੂਲਾਂ ਵਿੱਚ ਪੰਜ ਸਾਲਾਂ ਲਈ, ਜਮਾਤ ਤੀਜੀ ਤੋਂ ਅੱਠਵੀਂ ਤੱਕ, ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ।
ਅਜੇ ਤੱਕ ਇਸ ਸਿਫ਼ਾਰਸ਼ ਨੂੰ ਸਵੀਕਾਰ ਨਹੀਂ ਕੀਤਾ ਗਿਆ ਹੈ। ਜੇਕਰ ਇਸ ਨੂੰ ਸਵੀਕਾਰ ਕਰ ਲਿਆ ਜਾਂਦਾ ਹੈ ਤਾਂ ਭਾਰਤ ਦੇ ਕਈ ਹਿੱਸਿਆਂ ਵਿੱਚ ਉਰਦੂ ਜਾਣਨ ਵਾਲੇ ਹਜ਼ਾਰਾਂ ਲੋਕਾਂ ਨੂੰ ਸਕੂਲਾਂ ਵਿੱਚ ਨੌਕਰੀਆਂ ਮਿਲ ਸਕਣਗੀਆਂ।
ਇਸ ਤਰ੍ਹਾਂ ਉਰਦੂ ਦਾ ਰਿਸ਼ਤਾ ਮੁੜ ਰੋਜ਼ੀ-ਰੋਟੀ ਨਾਲ ਜੁੜ ਜਾਵੇਗਾ, ਕਿਉਂਕਿ ਉਰਦੂ ਜਾਣਨ ਵਾਲੇ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਇਸ ਦੇ ਨਾਲ ਹੀ ਸਾਡੇ ਬੱਚਿਆਂ ਨੂੰ ਇਸ ਮਹਾਨ ਸੱਭਿਆਚਾਰਕ ਭਾਸ਼ਾ ਦੀ ਬੁਨਿਆਦੀ ਜਾਣਕਾਰੀ ਵੀ ਮਿਲੇਗੀ, ਜਿਸ ਨੂੰ ਉਹ ਆਪਣੀ ਇੱਛਾ ਅਨੁਸਾਰ ਅੱਗੇ ਵਿਕਸਿਤ ਕਰ ਸਕਣਗੇ।
ਮੈਂ ਉਰਦੂ ਅਤੇ ਹਿੰਦੀ ਦੇ ਲੇਖਕਾਂ ਨੂੰ ਵੀ ਅਪੀਲ ਕਰਨਾ ਚਾਹਾਂਗਾ ਕਿ ਉਹ ਸਧਾਰਨ ਭਾਸ਼ਾ ਦੀ ਵਰਤੋਂ ਕਰਨ।
ਅਕਸਰ ਹਿੰਦੀ ਜਾਂ ਉਰਦੂ ਦੀ ਕੋਈ ਰਚਨਾ ਪੜ੍ਹਦਿਆਂ ਇਹ ਸਮਝਣਾ ਮੁਸ਼ਕਲ ਹੋ ਜਾਂਦਾ ਹੈ ਕਿ ਉਸ ਵਿੱਚ ਲਿਖਿਆ ਕੀ ਹੈ। ਪਰ ਜੇ ਲਿਖੀ ਹੋਈ ਗੱਲ ਸਮਝ ਹੀ ਨਾ ਆਵੇ ਤਾਂ ਅਜਿਹੇ ਸਾਹਿਤ ਦਾ ਕੀ ਲਾਭ?
ਅੱਜ ਭਾਰਤ ਅਤੇ ਪਾਕਿਸਤਾਨ ਦੇ ਲੋਕ ਗ਼ਰੀਬੀ, ਬੇਰੁਜ਼ਗਾਰੀ, ਮਹਿੰਗਾਈ ਅਤੇ ਹੋਰ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਸਾਹਿਤ ਨੂੰ ਇਨ੍ਹਾਂ ਸਮੱਸਿਆਵਾਂ ਦੇ ਵਿਰੁੱਧ ਲੋਕਾਂ ਦੇ ਸੰਘਰਸ਼ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਇਹ ਕੰਮ ਸਧਾਰਨ ਅਤੇ ਸਮਝ ਆਉਣ ਵਾਲੀ ਭਾਸ਼ਾ ਦੀ ਵਰਤੋਂ ਕਰਕੇ ਕੀਤਾ ਜਾ ਸਕਦਾ ਹੈ, ਜਿਵੇਂ ਵਿੰਸਟਨ ਚਰਚਿਲ ਦੇ ਜੰਗੀ ਸਮੇਂ ਦੇ ਭਾਸ਼ਣਾਂ ਵਿੱਚ ਜਾਂ ਪ੍ਰੇਮਚੰਦ ਅਤੇ ਸ਼ਰਤ ਚੰਦਰ ਦੀਆਂ ਕਹਾਣੀਆਂ ਵਿੱਚ ਮਿਲਦਾ ਹੈ।
ਇਹ ਯਾਦ ਰੱਖਣਾ ਚਾਹੀਦਾ ਹੈ ਕਿ ਮੀਰ ਅਤੇ ਗ਼ਾਲਿਬ ਨੇ ਮੁੱਖ ਤੌਰ ‘ਤੇ ਕੁਲੀਨ ਵਰਗ ਅਤੇ ਪੜ੍ਹੇ-ਲਿਖੇ ਲੋਕਾਂ ਦੀਆਂ ਚੋਣਵੀਆਂ ਮਹਿਫ਼ਲਾਂ ਲਈ ਲਿਖਿਆ ਸੀ। ਆਧੁਨਿਕ ਯੁੱਗ ਵਿੱਚ ਉਰਦੂ ਲੇਖਕਾਂ ਨੂੰ ਆਮ ਲੋਕਾਂ ਲਈ ਲਿਖਣਾ ਚਾਹੀਦਾ ਹੈ ਅਤੇ ਇਸ ਲਈ ਉਨ੍ਹਾਂ ਨੂੰ ਸੌਖੀ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ।
ਉਰਦੂ ਸ਼ਾਇਰੀ: ਦਿਲ ਦੀ ਆਵਾਜ਼
ਸਮਾਪਤੀ ਤੋਂ ਪਹਿਲਾਂ ਮੈਂ ਉਰਦੂ ਸ਼ਾਇਰੀ ਬਾਰੇ ਕੁਝ ਕਹਿਣਾ ਚਾਹੁੰਦਾ ਹਾਂ।
ਮੈਂ ਕਈ ਦੇਸ਼ਾਂ ਦਾ ਸਾਹਿਤ ਪੜ੍ਹਿਆ ਹੈ, ਜਿਨ੍ਹਾਂ ਵਿੱਚ ਇੰਗਲੈਂਡ, ਅਮਰੀਕਾ, ਫ਼ਰਾਂਸ, ਜਰਮਨੀ, ਰੂਸ, ਸਪੇਨ, ਲਾਤੀਨੀ ਅਮਰੀਕਾ ਦੇ ਦੇਸ਼ ਅਤੇ ਫ਼ਾਰਸ ਸ਼ਾਮਲ ਹਨ। ਇਸ ਦੇ ਨਾਲ ਹੀ ਮੈਂ ਭਾਰਤ ਦੀ ਹਿੰਦੀ, ਸੰਸਕ੍ਰਿਤ, ਬੰਗਾਲੀ ਅਤੇ ਤਮਿਲ ਸਮੇਤ ਕਈ ਭਾਸ਼ਾਵਾਂ ਦੀ ਕਵਿਤਾ ਵੀ ਪੜ੍ਹੀ ਹੈ।
ਮੇਰੇ ਵਿਚਾਰ ਵਿੱਚ ਦੁਨੀਆ ਦੀ ਕਿਸੇ ਵੀ ਭਾਸ਼ਾ ਵਿੱਚ ਮਨੁੱਖੀ ਦਿਲ ਦੀ ਆਵਾਜ਼ ਇੰਨੀ ਤਾਕਤ ਅਤੇ ਸੁੰਦਰਤਾ ਨਾਲ ਪ੍ਰਗਟ ਨਹੀਂ ਹੁੰਦੀ, ਜਿੰਨੀ ਉਰਦੂ ਵਿੱਚ ਹੁੰਦੀ ਹੈ। ਇਸ ਪੱਖੋਂ ਉਰਦੂ ਸ਼ਾਇਰੀ ਦੁਨੀਆ ਦੀ ਸਭ ਤੋਂ ਮਹਾਨ ਸ਼ਾਇਰੀ ਹੈ।
ਉਰਦੂ ਦਾ ਇੱਕ ਸ਼ੇਰ ਵਿਚਾਰਾਂ ਦੀ ਅਜਿਹੀ ਸੰਖੇਪ ਅਤੇ ਪ੍ਰਭਾਵਸ਼ਾਲੀ ਅਭਿਵਿਅਕਤੀ ਹੋ ਸਕਦਾ ਹੈ ਕਿ ਉਹ ਕਿਸੇ ਡੂੰਘੇ ਵਿਚਾਰ ਜਾਂ ਇੱਥੋਂ ਤੱਕ ਕਿ ਪੂਰੇ ਇਤਿਹਾਸਕ ਯੁੱਗ ਦਾ ਸਾਰ ਬਿਆਨ ਕਰ ਸਕਦਾ ਹੈ। ![]()
_________________
ਇਹ ਵੀ ਪੜ੍ਹੋ:
Disclaimer : punjabtoday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of punjabtoday.net or other platforms of the group. Punjab Today does not assume any responsibility or liability for the views of authors whose work appears here.
Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.
— Team PT

