ਬਣਾਵਟੀ ਬੁੱਧੀ (AI) ਹੁਣ ਭਵਿੱਖ ਦੀ ਕੋਈ ਦੂਰ ਦੀ ਸੰਭਾਵਨਾ ਨਹੀਂ ਰਹੀ, ਸਗੋਂ ਸਾਡੀ ਮੌਜੂਦਾ ਜ਼ਿੰਦਗੀ ਦਾ ਹਿੱਸਾ ਬਣ ਚੁੱਕੀ ਹੈ। ਪਰ ਕੀ ਦੁਨੀਆ ਇਸ ਦੇ ਵਿਆਪਕ ਪ੍ਰਭਾਵ ਲਈ ਤਿਆਰ ਹੈ? ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਦਾ ਜਵਾਬ ਹੈ—ਨਹੀਂ।
26 ਅਗਸਤ ਨੂੰ ਪ੍ਰਕਾਸ਼ਿਤ ਆਪਣੇ ਲੇਖ “The turbulent AI era is here. The choices we make now are critical” ਵਿੱਚ ਗੇਟਸ ਨੇ ਚੇਤਾਵਨੀ ਦਿੱਤੀ ਹੈ ਕਿ ਬਣਾਵਟੀ ਬੁੱਧੀ ਰੁਜ਼ਗਾਰ, ਆਮਦਨ, ਸਿੱਖਿਆ, ਸਿਹਤ, ਮਨੁੱਖੀ ਰਿਸ਼ਤਿਆਂ ਅਤੇ ਸਮਾਜ ਵਿੱਚ ਤਾਕਤ ਦੇ ਸੰਤੁਲਨ ਨੂੰ ਬੁਨਿਆਦੀ ਤੌਰ ’ਤੇ ਬਦਲ ਸਕਦੀ ਹੈ। ਉਨ੍ਹਾਂ ਮੁਤਾਬਕ ਇਹ ਬਦਲਾਅ “ਮਨੁੱਖੀ ਇਤਿਹਾਸ ਦੇ ਸਭ ਤੋਂ ਉਥਲ-ਪੁਥਲ ਭਰੇ ਦੌਰਾਂ ਵਿੱਚੋਂ ਇੱਕ” ਹੋ ਸਕਦਾ ਹੈ।
ਗੇਟਸ ਦੀ ਚਿੰਤਾ ਬਣਾਵਟੀ ਬੁੱਧੀ ਨੂੰ ਰੋਕਣ ਦੀ ਨਹੀਂ, ਸਗੋਂ ਇਹ ਯਕੀਨੀ ਬਣਾਉਣ ਦੀ ਹੈ ਕਿ ਇਸ ਦੇ ਲਾਭ ਸਮਾਜ ਦੇ ਵੱਡੇ ਹਿੱਸੇ ਤੱਕ ਪਹੁੰਚਣ ਅਤੇ ਇਸ ਦੀ ਕੀਮਤ ਸਭ ਤੋਂ ਕਮਜ਼ੋਰ ਵਰਗਾਂ ਨੂੰ ਨਾ ਚੁਕਾਉਣੀ ਪਵੇ। ਉਨ੍ਹਾਂ ਦੇ ਸ਼ਬਦਾਂ ਵਿੱਚ, AI “ਹੁਣ ਤੱਕ ਦਾ ਸਭ ਤੋਂ ਵੱਡਾ ਬਰਾਬਰੀ ਦਾ ਸਾਧਨ ਹੋ ਸਕਦੀ ਹੈ ਜਾਂ ਬੇਇਨਸਾਫ਼ੀ ਦਾ ਸਭ ਤੋਂ ਵੱਡਾ ਸਰੋਤ।”
ਇਸ ਵਾਰ ਬਦਲਾਅ ਵੱਖਰਾ ਹੈ
ਗੇਟਸ ਦਾ ਕਹਿਣਾ ਹੈ ਕਿ ਬਣਾਵਟੀ ਬੁੱਧੀ ਪਿਛਲੀਆਂ ਤਕਨੀਕੀ ਕ੍ਰਾਂਤੀਆਂ ਤੋਂ ਵੱਖਰੀ ਹੈ। ਕੰਪਿਊਟਰ ਅਤੇ ਇੰਟਰਨੈੱਟ ਨੂੰ ਅਪਣਾਉਣ ਵਿੱਚ ਸਾਲਾਂ ਲੱਗੇ ਸਨ, ਪਰ AI ਪਹਿਲਾਂ ਤੋਂ ਮੌਜੂਦ ਸਾਧਨਾਂ ’ਤੇ ਕੰਮ ਕਰਦੀ ਹੈ ਅਤੇ ਆਮ ਭਾਸ਼ਾ ਵਿੱਚ ਮਨੁੱਖਾਂ ਨਾਲ ਗੱਲਬਾਤ ਕਰ ਸਕਦੀ ਹੈ।
ਉਨ੍ਹਾਂ ਮੁਤਾਬਕ, “ਸਾਨੂੰ ਇਸ ਦੇ ਅਨੁਕੂਲ ਹੋਣ ਦੀ ਲੋੜ ਨਹੀਂ, ਕਿਉਂਕਿ ਇਹ ਸਾਡੇ ਅਨੁਕੂਲ ਹੋ ਸਕਦੀ ਹੈ।”
ਇਸੇ ਕਾਰਨ ਇਸ ਦਾ ਫੈਲਾਅ ਬੇਮਿਸਾਲ ਤੇਜ਼ੀ ਨਾਲ ਹੋ ਸਕਦਾ ਹੈ।
ਨੌਕਰੀਆਂ ’ਤੇ ਸਭ ਤੋਂ ਵੱਡਾ ਅਸਰ
ਗੇਟਸ ਦੇ ਅਨੁਸਾਰ ਬਣਾਵਟੀ ਬੁੱਧੀ ਦਾ ਪ੍ਰਭਾਵ ਸਿਰਫ਼ ਆਰਥਿਕ ਮੰਦੀ ਤੱਕ ਸੀਮਤ ਨਹੀਂ ਰਹੇਗਾ। ਸ਼ੁਰੂਆਤੀ ਅਤੇ ਦਰਮਿਆਨੇ ਪੱਧਰ ਦੀਆਂ ਕਈ ਨੌਕਰੀਆਂ ਸਭ ਤੋਂ ਪਹਿਲਾਂ ਪ੍ਰਭਾਵਿਤ ਹੋ ਸਕਦੀਆਂ ਹਨ। ਵਿਕਰੀ ਅਤੇ ਗਾਹਕ ਸੇਵਾ, ਸਾਫ਼ਟਵੇਅਰ ਤਿਆਰ ਕਰਨਾ ਅਤੇ ਕਾਨੂੰਨੀ ਸਹਾਇਕਾਂ ਵਾਲੇ ਕੰਮਾਂ ਵਿੱਚ ਇਸ ਦਾ ਅਸਰ ਦਿਖਾਈ ਦੇ ਸਕਦਾ ਹੈ। ਇਸ ਤੋਂ ਬਾਅਦ ਕਰਜ਼ਾ ਅਰਜ਼ੀਆਂ ਦੀ ਜਾਂਚ, ਅੰਕੜਿਆਂ ਦਾ ਵਿਸ਼ਲੇਸ਼ਣ ਅਤੇ ਮਰੀਜ਼ਾਂ ਦੀ ਮੁੱਢਲੀ ਜਾਂਚ ਵਰਗੇ ਕੰਮ ਵੀ ਇਸ ਦੇ ਘੇਰੇ ਵਿੱਚ ਆ ਸਕਦੇ ਹਨ।
ਸਰੀਰਕ ਮਿਹਨਤ ਵਾਲੇ ਰੁਜ਼ਗਾਰ ਵੀ ਇਸ ਤੋਂ ਅਛੂਤੇ ਨਹੀਂ ਰਹਿਣਗੇ। ਗੇਟਸ ਦਾ ਅੰਦਾਜ਼ਾ ਹੈ ਕਿ ਇਸ ਦਹਾਕੇ ਦੇ ਅੰਤ ਤੱਕ ਬੁੱਧੀਮਾਨ ਰੋਬੋਟ ਨਿਰਮਾਣ ਅਤੇ ਹੋਟਲ-ਰੈਸਟੋਰੈਂਟ ਵਰਗੇ ਖੇਤਰਾਂ ਵਿੱਚ ਕੁਝ ਕੰਮਾਂ ਲਈ ਮਨੁੱਖਾਂ ਨਾਲ ਮੁਕਾਬਲਾ ਕਰ ਸਕਦੇ ਹਨ।
ਚਿੰਤਾ ਇਹ ਹੈ ਕਿ ਜੇਕਰ ਇੱਕ ਕੰਪਨੀ ਲਾਗਤ ਘਟਾਉਣ ਲਈ ਮਸ਼ੀਨਾਂ ਦੀ ਵਰਤੋਂ ਕਰਦੀ ਹੈ ਤਾਂ ਦੂਜੀਆਂ ਕੰਪਨੀਆਂ ’ਤੇ ਵੀ ਅਜਿਹਾ ਕਰਨ ਦਾ ਦਬਾਅ ਵਧੇਗਾ। ਇਸ ਨਾਲ ਰੁਜ਼ਗਾਰ ਘਟਣ ਅਤੇ ਬਣਾਵਟੀ ਬੁੱਧੀ ਦੇ ਲਾਭ ਕੁਝ ਹੀ ਲੋਕਾਂ ਤੱਕ ਸੀਮਤ ਰਹਿਣ ਦਾ ਖਤਰਾ ਹੈ।
ਗੇਟਸ ਖਾਸ ਤੌਰ ’ਤੇ ਨੌਜਵਾਨਾਂ ਨੂੰ ਲੈ ਕੇ ਚਿੰਤਤ ਹਨ। ਪਹਿਲੀ ਨੌਕਰੀ ਸਿਰਫ਼ ਆਮਦਨ ਦਾ ਸਾਧਨ ਨਹੀਂ ਹੁੰਦੀ; ਇੱਥੋਂ ਹੀ ਤਜਰਬਾ ਅਤੇ ਅੱਗੇ ਵਧਣ ਦਾ ਰਾਹ ਬਣਦਾ ਹੈ। ਜੇਕਰ ਸ਼ੁਰੂਆਤੀ ਪੱਧਰ ਦੇ ਕੰਮ ਹੀ ਤੇਜ਼ੀ ਨਾਲ ਘਟ ਗਏ ਤਾਂ ਰਵਾਇਤੀ ਰੁਜ਼ਗਾਰ ਦੀ ਪੌੜੀ ਕਮਜ਼ੋਰ ਪੈ ਸਕਦੀ ਹੈ।
ਉਨ੍ਹਾਂ ਮੁਤਾਬਕ ਰੁਜ਼ਗਾਰ ਸਿਰਫ਼ ਪੈਸਾ ਕਮਾਉਣ ਦਾ ਸਾਧਨ ਨਹੀਂ, ਸਗੋਂ “ਸਨਮਾਨ ਅਤੇ ਸਮਾਜਿਕ ਜੁੜਾਅ” ਦਾ ਸਰੋਤ ਵੀ ਹੈ।
ਦੁਰਵਰਤੋਂ ਦਾ ਖਤਰਾ
ਗੇਟਸ ਨੇ ਬਣਾਵਟੀ ਬੁੱਧੀ ਦੀ ਦੁਰਵਰਤੋਂ ਨੂੰ ਦੂਜਾ ਵੱਡਾ ਖਤਰਾ ਦੱਸਿਆ ਹੈ।
ਹਥਿਆਰਾਂ, ਜੈਵਿਕ ਹਥਿਆਰਾਂ ਅਤੇ ਕੰਪਿਊਟਰ ਵਾਇਰਸਾਂ ਨਾਲ ਸਬੰਧਤ ਜਾਣਕਾਰੀ ਪਹਿਲਾਂ ਹੀ ਉਪਲਬਧ ਹੈ। AI ਅਜਿਹੀ ਜਾਣਕਾਰੀ ਹਾਸਲ ਕਰਨ ਅਤੇ ਉਸ ਦੀ ਵਰਤੋਂ ਕਰਨ ਦੀ ਸਮਰੱਥਾ ਨੂੰ ਹੋਰ ਆਸਾਨ ਬਣਾ ਸਕਦੀ ਹੈ।
ਨਕਲੀ ਤਸਵੀਰਾਂ ਅਤੇ ਵੀਡੀਓ, ਧੋਖਾਧੜੀ, ਗੁੰਮਰਾਹਕੁੰਨ ਜਾਣਕਾਰੀ ਅਤੇ ਵਿਆਪਕ ਨਿਗਰਾਨੀ ਵਰਗੀਆਂ ਸਮੱਸਿਆਵਾਂ ਵੀ ਵਧ ਸਕਦੀਆਂ ਹਨ। ਸਾਈਬਰ ਹਮਲਿਆਂ ਦਾ ਖਤਰਾ ਹਸਪਤਾਲਾਂ, ਬੈਂਕਾਂ, ਬਿਜਲੀ ਅਤੇ ਪਾਣੀ ਦੀਆਂ ਪ੍ਰਣਾਲੀਆਂ ਅਤੇ ਸਰਕਾਰੀ ਸੰਸਥਾਵਾਂ ਤੱਕ ਪਹੁੰਚ ਸਕਦਾ ਹੈ।
ਜੈਵਿਕ ਖੇਤਰ ਵਿੱਚ ਵੀ ਇਹ ਦੋਹਰਾ ਖਤਰਾ ਹੈ। AI ਨਵੀਆਂ ਦਵਾਈਆਂ ਅਤੇ ਟੀਕਿਆਂ ਦੇ ਵਿਕਾਸ ਵਿੱਚ ਮਦਦ ਕਰ ਸਕਦੀ ਹੈ, ਪਰ ਇਸੇ ਸਮਰੱਥਾ ਦੀ ਦੁਰਵਰਤੋਂ ਖਤਰਨਾਕ ਬਿਮਾਰੀਆਂ ਤਿਆਰ ਕਰਨ ਲਈ ਵੀ ਹੋ ਸਕਦੀ ਹੈ।
ਗੇਟਸ ਮੁਤਾਬਕ ਸਕਾਰਾਤਮਕ ਅਤੇ ਖਤਰਨਾਕ ਸਮਰੱਥਾਵਾਂ ਨੂੰ ਵੱਖ ਰੱਖਣਾ ਆਸਾਨ ਨਹੀਂ ਹੋਵੇਗਾ। ਇਸ ਦੇ ਨਾਲ ਹੀ ਬਣਾਵਟੀ ਬੁੱਧੀ ਦੇ ਵਧਦੇ ਇਸਤੇਮਾਲ ਨਾਲ ਤਾਕਤ ਕੁਝ ਸਰਕਾਰਾਂ ਅਤੇ ਕੰਪਨੀਆਂ ਦੇ ਹੱਥਾਂ ਵਿੱਚ ਕੇਂਦਰਿਤ ਹੋਣ ਦਾ ਖਤਰਾ ਵੀ ਹੈ।
ਬੱਚਿਆਂ ਅਤੇ ਰਿਸ਼ਤਿਆਂ ’ਤੇ ਅਸਰ
ਗੇਟਸ ਦੀ ਤੀਜੀ ਵੱਡੀ ਚਿੰਤਾ ਬੱਚਿਆਂ ਅਤੇ ਮਨੁੱਖੀ ਰਿਸ਼ਤਿਆਂ ਨੂੰ ਲੈ ਕੇ ਹੈ।
ਉਨ੍ਹਾਂ ਨੂੰ ਡਰ ਹੈ ਕਿ ਬਣਾਵਟੀ ਸਾਥੀ ਬੱਚਿਆਂ ਅਤੇ ਨੌਜਵਾਨਾਂ ਦੇ ਸਮਾਜਿਕ ਵਿਕਾਸ ਨੂੰ ਪ੍ਰਭਾਵਿਤ ਕਰ ਸਕਦੇ ਹਨ। ਅਜਿਹੇ ਸਾਥੀ ਹਰ ਸਮੇਂ ਉਪਲਬਧ ਹੋਣਗੇ, ਵਰਤੋਂਕਾਰ ਦੀ ਪਸੰਦ ਮੁਤਾਬਕ ਗੱਲਬਾਤ ਕਰਨਗੇ ਅਤੇ ਮਨੁੱਖਾਂ ਵਾਂਗ ਨਾਰਾਜ਼ ਜਾਂ ਅਸਹਿਮਤ ਵੀ ਨਹੀਂ ਹੋਣਗੇ।
ਗੇਟਸ ਨੂੰ ਡਰ ਹੈ ਕਿ ਇਸ ਨਾਲ ਲੋਕ ਅਸਲ ਰਿਸ਼ਤਿਆਂ ਤੋਂ ਮਿਲਣ ਵਾਲੇ ਜ਼ਰੂਰੀ ਤਜਰਬਿਆਂ ਅਤੇ ਜੀਵਨ ਦੀਆਂ ਸਿੱਖਿਆਵਾਂ ਤੋਂ ਦੂਰ ਹੋ ਸਕਦੇ ਹਨ।
ਸਿੱਖਿਆ ਵਿੱਚ ਵੀ ਇਹ ਵਿਰੋਧਾਭਾਸ ਸਾਹਮਣੇ ਆਉਂਦਾ ਹੈ। AI ਵਿਦਿਆਰਥੀਆਂ ਲਈ ਇੱਕ ਸ਼ਕਤੀਸ਼ਾਲੀ ਸਹਾਇਕ ਬਣ ਸਕਦੀ ਹੈ, ਪਰ ਇਸ ਦੀ ਬੇਹੱਦ ਵਰਤੋਂ ਨਾਲ ਉਹ ਖੁਦ ਸੋਚਣ ਅਤੇ ਸਿੱਖਣ ਲਈ ਘੱਟ ਮਿਹਨਤ ਕਰ ਸਕਦੇ ਹਨ। ਗੇਟਸ ਨੇ ਇੱਕ ਸ਼ੁਰੂਆਤੀ ਸਰਵੇਖਣ ਦਾ ਹਵਾਲਾ ਦਿੱਤਾ ਹੈ, ਜਿਸ ਵਿੱਚ ਵਧੇਰੇ AI ਵਰਤੋਂ ਅਤੇ ਘੱਟ ਆਲੋਚਨਾਤਮਕ ਸੋਚ ਵਿਚਕਾਰ ਸਬੰਧ ਪਾਇਆ ਗਿਆ, ਖਾਸ ਕਰਕੇ ਨੌਜਵਾਨਾਂ ਵਿੱਚ।
ਹਾਲਾਂਕਿ, ਉਹ ਮੰਨਦੇ ਹਨ ਕਿ ਇਕੱਲੇ ਰਹਿਣ ਵਾਲੇ ਬਜ਼ੁਰਗਾਂ ਜਾਂ ਘੱਟ ਆਵਾਜਾਈ ਸਮਰੱਥਾ ਵਾਲੇ ਲੋਕਾਂ ਲਈ ਬਣਾਵਟੀ ਸਾਥੀ ਲਾਭਦਾਇਕ ਹੋ ਸਕਦੇ ਹਨ। ਇਸ ਲਈ ਅਸਲ ਸਵਾਲ ਇਹ ਹੈ ਕਿ ਸਮਾਜ ਇਸ ਤਕਨਾਲੋਜੀ ਦੀ ਵਰਤੋਂ ਦੀ ਹੱਦ ਕਿੱਥੇ ਤੈਅ ਕਰਦਾ ਹੈ।
ਗੇਟਸ ਨੇ ਇਹ ਵੀ ਮੰਨਿਆ ਹੈ ਕਿ ਤਕਨੀਕੀ ਉਦਯੋਗ ਨਾਲ ਉਨ੍ਹਾਂ ਦੇ ਡੂੰਘੇ ਸਬੰਧ ਹਨ ਅਤੇ ਮਾਈਕ੍ਰੋਸਾਫਟ ਸਮੇਤ ਹੋਰ ਬਣਾਵਟੀ ਬੁੱਧੀ ਕੰਪਨੀਆਂ ਨਾਲ ਉਨ੍ਹਾਂ ਦੇ ਵਿੱਤੀ ਹਿੱਤ ਜੁੜੇ ਹੋਏ ਹਨ। ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵਿਚਾਰ ਨਿੱਜੀ ਲਾਭ ਤੋਂ ਪ੍ਰੇਰਿਤ ਨਹੀਂ ਹਨ।
ਸੰਭਾਵਨਾਵਾਂ ਵੀ ਵੱਡੀਆਂ
ਗੇਟਸ ਸਿਰਫ਼ ਖਤਰਿਆਂ ਦੀ ਗੱਲ ਨਹੀਂ ਕਰਦੇ। ਉਨ੍ਹਾਂ ਦਾ ਮੰਨਣਾ ਹੈ ਕਿ AI ਵਿਗਿਆਨਕ ਖੋਜ, ਸਿਹਤ, ਖੇਤੀਬਾੜੀ, ਸਿੱਖਿਆ ਅਤੇ ਸਰਕਾਰੀ ਸੇਵਾਵਾਂ ਵਿੱਚ ਵੱਡਾ ਬਦਲਾਅ ਲਿਆ ਸਕਦੀ ਹੈ।
ਇਹ ਨਵੀਆਂ ਦਵਾਈਆਂ ਦੇ ਵਿਕਾਸ ਨੂੰ ਤੇਜ਼ ਕਰ ਸਕਦੀ ਹੈ, ਕਿਸਾਨਾਂ ਨੂੰ ਮੌਸਮ ਅਤੇ ਫ਼ਸਲਾਂ ਬਾਰੇ ਬਿਹਤਰ ਸਲਾਹ ਦੇ ਸਕਦੀ ਹੈ ਅਤੇ ਸਿਹਤ ਸੇਵਾਵਾਂ ਦੀ ਘਾਟ ਵਾਲੇ ਖੇਤਰਾਂ ਵਿੱਚ ਮਾਹਿਰ ਸਹਾਇਤਾ ਉਪਲਬਧ ਕਰਵਾ ਸਕਦੀ ਹੈ।
ਪਰ ਇਸ ਦੇ ਲਾਭ ਆਪਣੇ ਆਪ ਹਰ ਕਿਸੇ ਤੱਕ ਨਹੀਂ ਪਹੁੰਚਣਗੇ। ਸਰਕਾਰਾਂ ਅਤੇ ਪਰਉਪਕਾਰੀ ਸੰਸਥਾਵਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਘੱਟ ਆਮਦਨ ਵਾਲੇ ਲੋਕਾਂ ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਵੀ ਇਸ ਦਾ ਲਾਭ ਮਿਲੇ।
ਦੁਨੀਆ ਨੂੰ ਨਵੀਂ ਤਿਆਰੀ ਦੀ ਲੋੜ
ਗੇਟਸ ਦੇ ਅਨੁਸਾਰ ਬਣਾਵਟੀ ਬੁੱਧੀ ਤੋਂ ਪੈਦਾ ਹੋਣ ਵਾਲੀ ਚੁਣੌਤੀ ਦਾ ਹੱਲ ਸਿਰਫ਼ ਤਕਨੀਕੀ ਕੰਪਨੀਆਂ ਨਹੀਂ ਕਰ ਸਕਦੀਆਂ। ਸਰਕਾਰਾਂ, ਨੀਤੀ-ਨਿਰਮਾਤਾਵਾਂ, ਅਧਿਆਪਕਾਂ, ਸਿਹਤਕਰਮੀਆਂ ਅਤੇ ਆਮ ਨਾਗਰਿਕਾਂ ਨੂੰ ਵੀ ਇਸ ਬਹਿਸ ਵਿੱਚ ਸ਼ਾਮਲ ਹੋਣਾ ਪਵੇਗਾ।
ਉਹ ਅਜਿਹੇ ਰਾਸ਼ਟਰੀ ਅਤੇ ਕੌਮਾਂਤਰੀ ਢਾਂਚੇ ਦੀ ਲੋੜ ਦੱਸਦੇ ਹਨ ਜੋ ਰੁਜ਼ਗਾਰ, ਸਿੱਖਿਆ, ਕਰ ਪ੍ਰਣਾਲੀ, ਊਰਜਾ, ਸਿਹਤ, ਵਿੱਤ ਅਤੇ ਕੌਮੀ ਸੁਰੱਖਿਆ ’ਤੇ AI ਦੇ ਪ੍ਰਭਾਵ ਨੂੰ ਇਕੱਠੇ ਦੇਖ ਸਕੇ।
ਉਨ੍ਹਾਂ ਦਾ ਕਹਿਣਾ ਹੈ ਕਿ ਮੌਜੂਦਾ ਸੰਸਥਾਵਾਂ ਅਜਿਹੀ ਤਕਨਾਲੋਜੀ ਲਈ ਤਿਆਰ ਨਹੀਂ ਹਨ, ਜੋ ਇੰਨੀ ਤੇਜ਼ੀ ਨਾਲ ਫੈਲ ਰਹੀ ਹੈ ਅਤੇ ਜ਼ਿੰਦਗੀ ਦੇ ਇੰਨੇ ਖੇਤਰਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਅਮਰੀਕਾ ਅਤੇ ਚੀਨ ਵਿਚਕਾਰ ਸਹਿਯੋਗ ਨੂੰ ਵੀ ਉਹ ਮਹੱਤਵਪੂਰਨ ਮੰਨਦੇ ਹਨ।
ਉਨ੍ਹਾਂ ਦਾ ਸਪੱਸ਼ਟ ਸੰਦੇਸ਼ ਹੈ—“ਸਾਡੇ ਕੋਲ ਹੌਲੀ ਚੱਲਣ ਦੀ ਸਹੂਲਤ ਨਹੀਂ ਹੈ।”
ਕੁਝ ਕੰਮ ਸਿਰਫ਼ ਮਨੁੱਖਾਂ ਲਈ
ਗੇਟਸ ਨੇ ਕੁਝ ਕੰਮਾਂ ਨੂੰ ਜਾਣਬੁੱਝ ਕੇ ਮਨੁੱਖਾਂ ਲਈ ਸੁਰੱਖਿਅਤ ਰੱਖਣ ਦਾ ਵਿਚਾਰ ਵੀ ਦਿੱਤਾ ਹੈ। ਉਨ੍ਹਾਂ ਨੇ ਇਸ ਨੂੰ “ਹਿਊਮਨ ਰਿਜ਼ਰਵਡ”, ਭਾਵ “ਸਿਰਫ਼ ਮਨੁੱਖਾਂ ਲਈ ਸੁਰੱਖਿਅਤ” ਕੰਮ ਕਿਹਾ ਹੈ।
ਆਪਣੇ ਪਿਤਾ ਦੀ ਅਲਜ਼ਾਈਮਰ ਬਿਮਾਰੀ ਦੇ ਆਖਰੀ ਦਿਨਾਂ ਨੂੰ ਯਾਦ ਕਰਦੇ ਹੋਏ ਗੇਟਸ ਕਹਿੰਦੇ ਹਨ ਕਿ ਉਨ੍ਹਾਂ ਦੀ ਦੇਖਭਾਲ ਵਿੱਚ ਅਜਿਹਾ ਮਨੁੱਖੀ ਪੱਖ ਸੀ, ਜਿਸ ਨੂੰ ਮਸ਼ੀਨ ਪੂਰੀ ਤਰ੍ਹਾਂ ਨਹੀਂ ਦੇ ਸਕਦੀ।
ਉਨ੍ਹਾਂ ਦਾ ਮੰਨਣਾ ਹੈ ਕਿ ਕੁਝ ਕੰਮ ਆਰਥਿਕ ਕਾਰਨਾਂ ਕਰਕੇ ਅਤੇ ਕੁਝ ਮਨੁੱਖੀ ਕਦਰਾਂ-ਕੀਮਤਾਂ ਕਰਕੇ ਮਨੁੱਖਾਂ ਲਈ ਸੁਰੱਖਿਅਤ ਰੱਖੇ ਜਾ ਸਕਦੇ ਹਨ। ਮਿਸਾਲ ਵਜੋਂ, ਕਿਸੇ ਵਿਅਕਤੀ ਨੂੰ ਗੰਭੀਰ ਅਤੇ ਜ਼ਿੰਦਗੀ ਬਦਲ ਦੇਣ ਵਾਲੀ ਡਾਕਟਰੀ ਜਾਣਕਾਰੀ ਮਸ਼ੀਨ ਤਕਨੀਕੀ ਤੌਰ ’ਤੇ ਦੇ ਸਕਦੀ ਹੈ, ਪਰ ਸ਼ਾਇਦ ਉਸ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ।
ਰੋਬੋਟ ਅਤੇ AI ’ਤੇ ਕਰ
ਗੇਟਸ ਰੋਬੋਟ ਅਤੇ AI ਦੀ ਵਰਤੋਂ ’ਤੇ ਕਰ ਲਗਾਉਣ ਦੇ ਆਪਣੇ ਪੁਰਾਣੇ ਵਿਚਾਰ ਦੇ ਵੀ ਹਮਾਇਤੀ ਹਨ।

ਉਨ੍ਹਾਂ ਦਾ ਤਰਕ ਹੈ ਕਿ ਕਿਸੇ ਵਿਅਕਤੀ ਨੂੰ ਰੁਜ਼ਗਾਰ ਦੇਣ ’ਤੇ ਨਿਯੋਗਤਾ ਨੂੰ ਤਨਖਾਹ ਨਾਲ ਜੁੜੇ ਕਰ ਦੇਣੇ ਪੈਂਦੇ ਹਨ, ਜਦਕਿ ਰੋਬੋਟ ਖਰੀਦਣਾ ਕਾਰੋਬਾਰੀ ਖਰਚ ਮੰਨਿਆ ਜਾ ਸਕਦਾ ਹੈ। ਇਸ ਨਾਲ ਮਨੁੱਖਾਂ ਦੀ ਥਾਂ ਮਸ਼ੀਨਾਂ ਲਗਾਉਣ ਲਈ ਆਰਥਿਕ ਉਤਸ਼ਾਹ ਵਧ ਸਕਦਾ ਹੈ।
ਰੋਬੋਟ ਅਤੇ AI ਦੀ ਵਰਤੋਂ ’ਤੇ ਕਰ ਲਗਾ ਕੇ ਇਸ ਬਦਲਾਅ ਦੀ ਰਫ਼ਤਾਰ ਕੁਝ ਹੱਦ ਤੱਕ ਹੌਲੀ ਕੀਤੀ ਜਾ ਸਕਦੀ ਹੈ ਅਤੇ ਇਸ ਤੋਂ ਮਿਲਣ ਵਾਲੀ ਆਮਦਨ ਕਰਮਚਾਰੀਆਂ ਨੂੰ ਮੁੜ ਸਿਖਲਾਈ ਦੇਣ ਅਤੇ ਸਮਾਜਿਕ ਸੁਰੱਖਿਆ ’ਤੇ ਖਰਚ ਕੀਤੀ ਜਾ ਸਕਦੀ ਹੈ।
ਗੇਟਸ ਮੰਨਦੇ ਹਨ ਕਿ ਇਸ ਨਾਲ ਆਰਥਿਕ ਕਾਰਗੁਜ਼ਾਰੀ ਕੁਝ ਘਟ ਸਕਦੀ ਹੈ, ਪਰ ਉਨ੍ਹਾਂ ਮੁਤਾਬਕ ਲੋਕਾਂ ਨੂੰ ਰੁਜ਼ਗਾਰ ਵਿੱਚ ਬਣਾਈ ਰੱਖਣ ਲਈ “ਥੋੜ੍ਹੀ ਅਕਾਰਗੁਜ਼ਾਰੀ ਦੀ ਕੀਮਤ” ਚੁਕਾਉਣਾ ਉਚਿਤ ਹੋ ਸਕਦਾ ਹੈ।
ਆਗੂਆਂ ਲਈ ਸੰਦੇਸ਼
ਗੇਟਸ ਦਾ ਮੰਨਣਾ ਹੈ ਕਿ ਸਰਕਾਰਾਂ ਨੂੰ ਬੇਰੁਜ਼ਗਾਰੀ ਅਤੇ ਸਮਾਜਿਕ ਅਸਥਿਰਤਾ ਵਧਣ ਦੀ ਉਡੀਕ ਨਹੀਂ ਕਰਨੀ ਚਾਹੀਦੀ। ਤਿਆਰੀ ਹੁਣ ਤੋਂ ਸ਼ੁਰੂ ਕਰਨੀ ਪਵੇਗੀ।
AI ਬਾਰੇ ਬਹਿਸ ਸਿਰਫ਼ ਤਕਨੀਕੀ ਮਾਹਿਰਾਂ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ। ਕਾਮਿਆਂ, ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਅਤੇ ਭਾਈਚਾਰਕ ਆਗੂਆਂ ਦੀ ਆਵਾਜ਼ ਵੀ ਇਸ ਵਿੱਚ ਸ਼ਾਮਲ ਹੋਣੀ ਚਾਹੀਦੀ ਹੈ।
ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਸ ਬਦਲਾਅ ਦੇ ਲਾਭ ਉਨ੍ਹਾਂ ਲੋਕਾਂ ਤੱਕ ਕਿਵੇਂ ਪਹੁੰਚਣਗੇ ਜਿਨ੍ਹਾਂ ਕੋਲ ਦੌਲਤ ਅਤੇ ਪ੍ਰਭਾਵ ਘੱਟ ਹੈ, ਬੇਰੁਜ਼ਗਾਰ ਜਾਂ ਵਿਸਥਾਪਿਤ ਕਰਮਚਾਰੀਆਂ ਦੀ ਮਦਦ ਕਿਵੇਂ ਹੋਵੇਗੀ ਅਤੇ ਇਸ ਪੂਰੀ ਪ੍ਰਕਿਰਿਆ ਦੌਰਾਨ ਮਨੁੱਖਤਾ ਨੂੰ ਕਿਵੇਂ ਸੁਰੱਖਿਅਤ ਰੱਖਿਆ ਜਾਵੇਗਾ।
ਗੇਟਸ ਦਾ ਨਤੀਜਾ ਸਾਵਧਾਨੀ ਭਰੇ ਆਸ਼ਾਵਾਦ ਨਾਲ ਭਰਿਆ ਹੈ। ਉਨ੍ਹਾਂ ਅਨੁਸਾਰ ਇਹ ਬੇਮਿਸਾਲ ਤਕਨਾਲੋਜੀ “ਇੱਕ ਬੇਮਿਸਾਲ ਵਿਸ਼ਵਵਿਆਪੀ ਪ੍ਰਤੀਕਿਰਿਆ ਦੀ ਮੰਗ ਕਰਦੀ ਹੈ।”
AI ਦਾ ਦੌਰ ਹੁਣ ਆਉਣ ਵਾਲਾ ਨਹੀਂ ਹੈ। ਇਹ ਆ ਚੁੱਕਾ ਹੈ। ![]()
ਪਰ ਇਸ ਚੇਤਾਵਨੀ ਦਾ ਪੰਜਾਬ ਲਈ ਕੀ ਅਰਥ ਹੈ?
ਅਗਲੇ ਭਾਗ ਵਿੱਚ ਅਸੀਂ ਦੇਖਾਂਗੇ ਕਿ ਬਣਾਵਟੀ ਬੁੱਧੀ ਕਾਰਨ ਆਉਣ ਵਾਲੀ ਇਹ ਉਥਲ-ਪੁਥਲ ਪੰਜਾਬ ਦੀਆਂ ਨੌਕਰੀਆਂ, ਅਰਥਵਿਵਸਥਾ, ਸਿੱਖਿਆ ਅਤੇ ਸਮਾਜ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰ ਸਕਦੀ ਹੈ।
_______________
Disclaimer : punjabtoday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of punjabtoday.net or other platforms of the group. Punjab Today does not assume any responsibility or liability for the views of authors whose work appears here.
Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.
— Team PT

