ਅੰਦੋਲਨ, ਏਕਤਾ ਅਤੇ ਗੋਡਾ – ਯਕਮੁਸ਼ਤ ਇਨਕਲਾਬ ਤੋਂ ਕਿਸੇ ਅੰਦੋਲਨਜੀਵੀ ਨੂੰ ਕਾਹਦਾ ਡਰ?

ਐੱਸ ਪੀ ਸਿੰਘ

ਐੱਸ ਪੀ ਸਿੰਘ

ਅੰਦੋਲਨ ਤਰ੍ਹਾਂ-ਤਰ੍ਹਾਂ ਦੇ ਸ਼ਾਨਾਮੱਤੇ ਦਿਨ ਮਨਾ ਰਿਹਾ ਹੈ ਤਾਂ ਇਹ ਪੁੱਛਣਾ ਬਣਦਾ ਹੈ ਕਿ ਮੰਚ ਉੱਤੇ ਖੇਤ-ਮਜ਼ਦੂਰਾਂ ਅਤੇ ਉਨ੍ਹਾਂ ਨਾਲ ਜੁੜੇ ਸਮਾਜਿਕ ਸਰੋਕਾਰਾਂ ਬਾਰੇ ਬਹਿਸ ਕਦੋਂ ਹੋਵੇਗੀ?

ਇਹ ਕੁਦਰਤੀ ਵਰਤਾਰਾ ਹੈ ਕਿ ਪੀੜਤ ਆਪਣੀ ਵਿਥਿਆ ਕਹਿਣ ਹਰ ਉਸ ਦਰਵਾਜ਼ੇ ’ਤੇ ਜਾਂਦਾ ਹੈ, ਜਿੱਥੇ ਸੁਣਵਾਈ ਦੀ ਸੰਭਾਵਨਾ ਹੋਵੇ, ਹਮਦਰਦ ਕੰਨਾਂ ਤਕ ਰਸਾਈ ਹੋਵੇ ਜਾਂ ਉਸ ਦੀ ਕੁਰਲਾਹਟ ਨਾਲ ਏਨਾ ਵੱਡਾ ਤਮਾਸ਼ਾ ਬਣੇ ਕਿ ਕੁੱਲ ਲੋਕਾਈ ਉਸ ਦੀ ਤ੍ਰਾਸਦੀ ਵੇਖੇ, ਯੱਖ-ਬਸਤਾ ਆਲਮ ਪਿਘਲੇ, ਫ਼ਿਕਰ ਦਾ ਕੱਦ ਵੱਡਾ ਹੋਵੇ।

ਕਦੀ ਵਿਰਲਾ ਹੀ ਕੋਈ ਮੌਕਾ ਬਣਦਾ ਹੈ ਕਿ ਪੀੜਤ ਆਪਣੀ ਹੋਣੀ ਲਈ ਜ਼ਿੰਮੇਵਾਰ ਧਿਰ ਦੇ ਮੰਚ ਉੱਤੇ ਪਹੁੰਚ ਜਾਵੇ। ਇਹ ਨਿਵੇਕਲੀ ਕਿਸਮ ਦੀ ਸ਼ਨਾਸਾਈ ਦਾ ਮੌਕਾ ਹੁੰਦਾ ਹੈ, ਤਾਕਤਵਰ ਨੂੰ ਪਸੇ ਆਈਨਾ ਆਪਣਾ ਅਕਸ ਦਿਖਾਈ ਦਿੰਦਾ ਹੈ, ਦੀਦਾਵਰ ਹੋਣ ਦੀ ਕੋਈ ਸੰਭਾਵਨਾ ਜਨਮ ਲੈਂਦੀ ਹੈ।

ਅੰਦੋਲਨਅੱਜ ਦੁਨੀਆਂ ਵਿੱਚ ਜਾਰਜ ਫਲੌਇਡ ਦੇ ਪੁਲਸੀਆ ਕਤਲ ਬਾਰੇ ਚੱਲ ਰਹੇ ਮੁਕੱਦਮੇ ਵਾਲਾ ਵੱਡਾ ਮੰਚ ਸਜਿਆ ਹੋਇਆ ਹੈ। ਹਰ ਰੋਜ਼ ਦਰਜਨਾਂ ਕੌਮਾਂਤਰੀ ਟੀਵੀ ਚੈਨਲ ਘੰਟਿਆਂ-ਬੱਧੀ ਮੁਕੱਦਮੇ ਦਾ ਸਿੱਧਾ ਪ੍ਰਸਾਰਣ ਕਰ ਰਹੇ ਹਨ। ਇੱਕ ਤੋਂ ਬਾਅਦ ਇੱਕ ਗਵਾਹ ਭੁਗਤ ਰਹੇ ਹਨ।

ਗੋਰਾ ਅਮਰੀਕਾ ਸਰੇਰਾਹ ਹੋ ਰਹੀ ਆਪਣੀ ਜਿਰ੍ਹਾ ਵੇਖ ਰਿਹਾ ਹੈ। ਸਿਆਹਫਾਮ ਸਮਾਜ ਦੱਸ ਰਿਹਾ ਹੈ ਕਿ ਕਿਵੇਂ ਇਸ ਮੁਲਖੱਈਏ ਉੱਤੇ ਮੁਸੱਲਤ ਗੋਰੇ ਅਮਰੀਕਾ ਨੇ ਉਸ ਦੀ ਧੌਣ ’ਤੇ ਗੋਡਾ ਰੱਖਿਆ ਹੋਇਆ ਹੈ ਤੇ ਉਸ ਨੂੰ ਸਾਹ ਨਹੀਂ ਆ ਰਿਹਾ। ਮੁਕੱਦਮਾ ਮੰਚ ਬਣ ਗਿਆ ਹੈ, ਜ਼ਮਾਨਾ ਕੰਨ ਧਰ ਰਿਹਾ ਹੈ।

ਸਾਡੀ ਰਾਜਧਾਨੀ ਦੀਆਂ ਬਰੂਹਾਂ ਉੱਤੇ ਇੱਕ ਵਿਸ਼ਾਲ ਮੰਚ ਸਜਿਆ ਹੋਇਆ ਹੈ। ਪੂਰਾ ਮੁਲਕ ਗੋਸ਼-ਬਰ-ਆਵਾਜ਼ ਹੈ, ਉੱਥੇ ਉੱਠ ਰਹੀ ਸਦਾ ਵੱਲ ਧਿਆਨ ਦੇ ਰਿਹਾ ਹੈ। ਮੰਚ ਉੱਤੇ ਕਿਹਾ ਸੁਰਖ਼ੀ ਬਣਦਾ ਹੈ, ਜ਼ਮਾਨਾ ਕੰਨ ਧਰਦਾ ਹੈ, ਸੰਪਾਦਕ ਦੀ ਕਲਮ ਵਹਿੰਦੀ ਹੈ, ਬਹਿਸ ਅੱਗੇ ਟੁਰਦੀ ਹੈ। ਸੰਭਾਵਨਾ ਪੈਦਾ ਹੁੰਦੀ ਹੈ ਕਿ ਅੰਦੋਲਨ ਦੀ ਖ਼ੈਰ ਮੰਗਦੀਆਂ ਹੋਰ ਆਵਾਜ਼ਾਂ/ਸਦਾਂ ਵੀ ਉੱਠਣ ਪਰ ਮੰਚ ਉੱਤੇ ਇੱਕ ਪੀੜਤ ਧਿਰ ਦੀ ਕਥਾ ਘੱਟ ਸੁਣਾਈ ਦੇ ਰਹੀ ਹੈ।

ਜਿੱਥੇ ਕਿਤੇ ਉਹਦੀ ਧੌਣ ‘ਤੇ ਦਹਾਕਿਆਂ ਤੋਂ ਰੱਖੇ ਗੋਡੇ ਦਾ ਜ਼ਿਕਰ ਆਉਂਦਾ ਵੀ ਹੈ ਤਾਂ ਉਹਦੇ ਆਪਣੇ ਹਰੂਫ਼ ਵਿਚ ਨਹੀਂ ਹੁੰਦਾ। ਤਕੜੀ ਧਿਰ ਉੱਤੇ ਆਈ ਮੁਸੀਬਤ ਕਮਜ਼ੋਰ ਨੂੰ ਵੀ ਲੈ ਡੁੱਬੇਗੀ, ਇਹ ਤਾਂ ਦੱਸਿਆ ਜਾ ਰਿਹਾ ਹੈ ਪਰ ਇਹ ਚਰਚਾ ਕਿਤੇ ਨਹੀਂ ਕਿ ਹਕੂਮਤੀ ਕਹਿਰ ਦਾ ਸ਼ਿਕਾਰ ਹੋਏ ਇੱਕ ਹਿੱਸੇ ਨੇ ਆਪ ਵੀ ਦੂਜੇ ਸਮਾਜਿਕ ਵਰਗ ਨੂੰ ਕਮਜ਼ੋਰ ਰੱਖਣ ਵਿੱਚ ਭੂਮਿਕਾ ਅਦਾ ਕੀਤੀ ਹੈ।

ਮੰਚ ਪਿੱਛੇ ਟੰਗੇ ਵੱਡੇ ਬੈਨਰ ’ਤੇ ਇਨਕਲਾਬੀ ਬੋਲ ਲਿਖੇ ਹਨ, ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।’ ਮੰਚ ਦੀ ਤਾਸੀਰ ਅੰਦੋਲਨੀ ਹੈ, ਭੀੜਾਂ ਦਾ ਜਜ਼ਬਾ ਇਨਕਲਾਬੀ ਹੈ। ‘ਧੌਣ ’ਤੇ ਗੋਡਾ ਰੱਖ ਦਿਆਂਗੇ’ ਦੇ ਨਾਅਰੇ ਸਿੰਘੂ-ਟਿਕਰੀ-ਗਾਜ਼ੀਪੁਰ ਤੋਂ ਲੈ ਕੇ ਚੰਡੀਗੜ੍ਹ ਦੇ ਮਟਕਾ ਚੌਕ ਤਕ ਗੂੰਜ ਰਹੇ ਹਨ। ਖ਼ਲਕਤ ਦੀ ਅਦਾਲਤ ਵਿੱਚ ਜ਼ੁਲਮ ਖ਼ਿਲਾਫ਼ ਇੱਕ ਮੁਕੱਦਮਾ ਚੱਲ ਰਿਹਾ ਹੈ।

ਅੰਦੋਲਨਪੀੜਤ ਮਜ਼ਦੂਰ ਧਿਰ ਤੋਂ ਇਹ ਆਸ ਕਰਨੀ ਬਣਦੀ ਹੈ ਕਿ ਉਹ ਮੰਚ ਤੋਂ ਇਹ ਸਵਾਲ ਕਰੇ ਕਿ ਉਸ ਬਾਰੇ ਖੁੱਲ੍ਹ ਕੇ ਗੱਲ ਕਦੋਂ ਕੀਤੀ ਜਾਵੇਗੀ, ਉਸ ਨਾਲ ਹੁੰਦੇ ਸਮਾਜਿਕ ਵਿਤਕਰਿਆਂ ਦੀ ਬਾਤ ਕਦੋਂ ਪਾਈ ਜਾਵੇਗੀ, ਉਹਦੀ ਧੌਣ ਤੋਂ ਗੋਡਾ ਕਦੋਂ ਚੁੱਕਿਆ ਜਾਵੇਗਾ? ਇਹ ਨਿਸ਼ਾਨਦੇਹੀ ਵੀ ਕਰ ਦਿੱਤੀ ਜਾਵੇ ਕਿ ਗੋਡਾ ਕਿਸ ਦਾ ਹੈ?

ਸੜਕਾਂ ਉੱਤੇ ਵਗਦੇ ਹਜ਼ਾਰਾਂ ਵਾਹਨਾਂ ਪਿੱਛੇ ਲਿਖਿਆ ਮਿਲਦਾ ਹੈ ਕਿ ਤਿੰਨਾਂ ਖੇਤੀ ਕਾਨੂੰਨਾਂ ਦਾ ਰੰਗ ਕਾਲਾ ਹੈ ਅਤੇ ਮਨੋਰਥ ਕਿਸਾਨ ਦੀ ਜ਼ਮੀਨ ਖੋਹਣਾ ਹੈ। ‘ਨੋ ਫਾਰਮਰ, ਨੋ ਫੂਡ’ ਹੁਣ ਪੰਜਾਬੀ ਦਾ ਮੁਹਾਵਰਾ ਹੋ ਗਿਆ ਹੈ। ਫਾਰਚੂਨਰ ਹੀ ਨਹੀਂ, ਜੱਟ ਦੇ ਗੱਡੇ ’ਤੇ ਵੀ ਚੜ੍ਹ ਗਿਆ ਹੈ, ਉਲਥੇ ਦਾ ਮੁਥਾਜ ਨਹੀਂ ਰਿਹਾ। ਜੇ ਕਿਸਾਨ ਦੀ ਜ਼ਮੀਨ ਜਾਵੇਗੀ ਤਾਂ ਮਜ਼ਦੂਰਾਂ ਦੀ ਰੋਜ਼ੀ-ਰੋਟੀ ਵੀ ਮੁਹਾਲ ਹੋ ਜਾਵੇਗੀ।

ਹੁਣ ਜਦੋਂ ਤਰਜੀਹੇ-ਤਬਸਰਿਆਂ ਦੀ ਜ਼ਮੀਨ ਵਸੀਹ ਹੋ ਹੀ ਗਈ ਹੈ, ਅੰਦੋਲਨ ਤਰ੍ਹਾਂ-ਤਰ੍ਹਾਂ ਦੇ ਸ਼ਾਨਾਮੱਤੇ ਦਿਨ ਮਨਾ ਰਿਹਾ ਹੈ ਤਾਂ ਇਹ ਪੁੱਛਣਾ ਬਣਦਾ ਹੈ ਕਿ ਮੰਚ ਉੱਤੇ ਖੇਤ-ਮਜ਼ਦੂਰਾਂ ਅਤੇ ਉਨ੍ਹਾਂ ਨਾਲ ਜੁੜੇ ਸਮਾਜਿਕ ਸਰੋਕਾਰਾਂ ਬਾਰੇ ਬਹਿਸ ਕਦੋਂ ਹੋਵੇਗੀ? ਖੇਤ-ਮਜ਼ਦੂਰ ਅਤੇ ਜਾਤ ਵਿਚਲੇ ਪੱਕੇ ਰਿਸ਼ਤੇ ਬਾਰੇ ਬਹਿਸ ਲਈ ਕਿਹੜਾ ਦਿਨ ਮੁਕੱਰਰ ਕੀਤਾ ਜਾ ਰਿਹਾ ਹੈ?

ਇਹ ਵੀ ਪੜ੍ਹੋ : ਹਿਤ ਅਤੇ ਹੱਕ ਵਿਚਲਾ ਫ਼ਰਕ

ਜੇ ਗੁਰੂ ਕੇ ਲੰਗਰਾਂ ਅਤੇ ਆਪਸੀ ਮਿਲਵਰਤਨ ਨੇ, ਹਰਿਆਣਾ ਪੰਜਾਬ ਦੇ ਭਾਈਚਾਰੇ ਨੇ, ਸ਼ਹਿਰਾਂ-ਪਿੰਡਾਂ ਦੇ ਸਹਿਯੋਗ ਨੇ ਦੁਨੀਆ ਭਰ ਵਿੱਚ ਅੰਦੋਲਨ ਦਾ ਕੱਦ ਉੱਚਾ ਕੀਤਾ ਹੈ ਤਾਂ ਕਿਆਸ ਕਰੋ ਕਿਵੇਂ ਕੌਮਾਂਤਰੀ ਅਖ਼ਬਾਰ ਅਤੇ ਟੀਵੀ ਚੈਨਲ ਕਿਸਾਨ-ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੂੰ ਲੱਭਦੇ ਫਿਰਨਗੇ ਜੇ ਇਹ ਐਲਾਨ ਹੋ ਗਿਆ ਕਿ ਜਿੱਥੇ-ਜਿੱਥੇ ਅੰਦੋਲਨਜੀਵੀਆਂ ਦੀ ਚੱਲਦੀ ਹੈ, ਉੱਥੇ-ਉੱਥੇ ਕੋਈ ਜਾਤ-ਆਧਾਰਤ ਸ਼ਮਸ਼ਾਨਘਾਟ ਜਾਂ ਰੱਬ ਦਾ ਘਰ ਨਹੀਂ ਹੋਵੇਗਾ, ਜਾਤ ਦੇ ਖ਼ਾਤਮੇ (Annihilation of Caste) ਵਾਲਾ ਪਰਚਾ ਲੱਖਾਂ ਦੀ ਗਿਣਤੀ ਵਿੱਚ ਵੰਡਿਆ ਜਾਵੇਗਾ ਅਤੇ ਅੰਦੋਲਨ ਨਾਲ ਵਾਬਸਤਾ ਕੋਈ ਵਿਅਕਤੀ ਕਦੀ ਵੀ ਮਜ਼ਦੂਰ ਨੂੰ ਘੱਟ ਉਜਰਤ ਨਹੀਂ ਦੇਵੇਗਾ?

ਅੰਦੋਲਨਇਹ ਠੀਕ ਹੈ ਕਿ ‘ਨੋ ਫਾਰਮਰ ਨੋ ਫੂਡ’ ਵਾਲਾ ਅੰਦੋਲਨ ਕਾਲੇ ਰੰਗ ਦੇ ਤਿੰਨ ਖੇਤੀ ਕਾਨੂੰਨ ਵਾਪਸ ਕਰਵਾਉਣ ਤਕ ਸੀਮਤ ਹੈ ਪਰ ਕਿਸੇ ਯਕਮੁਸ਼ਤ ਇਨਕਲਾਬ ਤੋਂ ਕਿਸੇ ਅੰਦੋਲਨਜੀਵੀ ਨੂੰ ਕਾਹਦਾ ਡਰ? ਮੰਗਾਂ ਦੀ ਸੀਮਾ ਨਿਰਧਾਰਿਤ ਕਰਦੇ ਲਘੁਤੱਮ-ਮਹੱਤਮ ਇਹਤਜਾਜ ਕਰਦੀਆਂ ਜਥੇਬੰਦੀਆਂ ਦੇ ਅਹਿਤਿਆਤ ‘ਚੋਂ ਨਿਕਲਦੇ ਹਨ, ‘ਚੜਿਆ ਸੋਧਣ ਧਰਤਿ ਲੋਕਾਈ’ ਵਾਲੇ ਦੇ ਫ਼ਲਸਫ਼ੇ ‘ਚੋਂ ਨਹੀਂ।

‘ਮਨੁ ਹਾਲੀ ਕਿਰਸਾਣੀ’ ਕਰਨ ਦੀ ਸਲਾਹ ਦੇਣ ਵਾਲੇ ਗੁਰੂ ਨੂੰ ਤੁਸੀਂ ਹੀ ਅੰਦੋਲਨ ਵਿੱਚ ਲਿਆਏ ਸੀ, ਠੀਕ ਉਵੇਂ ਜਿਵੇਂ ਜ਼ਮੀਨ ਉੱਤੇ ਮਿਹਨਤਕਸ਼ ਵਾਹੀਕਾਰ ਦਾ ਹੱਕ ਤਸਦੀਕ ਕਰਦੇ ਗੁਰੂ ਦੇ ਬਹਾਦਰ ਬੰਦੇ ਦਾ ਉਸ ਮੰਚ ਤੋਂ ਜ਼ਿਕਰ ਹੁੰਦਾ ਰਿਹਾ ਜਿੱਥੇ ਪਿੱਠਭੂਮੀ ਵਿਚ ਟੰਗਿਆ ਬੈਨਰ ਕਿਸਾਨ ਮਜ਼ਦੂਰ ਏਕਤਾ ਦੇ ਜ਼ਿੰਦਾਬਾਦ ਹੋਣ ਦੀਆਂ ਭਬਕਾਂ ਮਾਰਦਾ ਰਿਹਾ।

ਅੰਦੋਲਨ ਦੀ ਬਿਰਤਾਂਤਕਾਰੀ ਹਾਲੇ ਕਿਸਾਨੀ ਹਰਫ਼ਾਂ ਵਿੱਚ ਹੋ ਰਹੀ ਹੈ, ਮਜ਼ਦੂਰੀ ਦੇ ਹਰੂਫ਼ ਹਾਲੇ ਕਦੇ-ਕਦਾਈਂ ਫਿੱਕੀ ਸਿਆਹੀ ਵਿੱਚ ਹੀ ਨਮੂਦਾਰ ਹੁੰਦੇ ਹਨ।

ਅਜਿਹਾ ਨਾ ਹੁੰਦਾ ਤਾਂ ਅੰਦੋਲਨ ਹੁਣ ਤਕ ਕਿੰਨੀ ਵਾਰ ਮਨਰੇਗਾ ਦਿਹਾੜਾ ਮਨਾ ਚੁੱਕਾ ਹੁੰਦਾ, ਲੱਖਾਂ ਕਰੋੜਾਂ ਨੂੰ ਦੱਸਦਾ ਕਿ ਕਿਵੇਂ ਉਹ ਕਾਨੂੰਨਨ ਕੰਮ ਦੇ ਹੱਕਦਾਰ ਹਨ ਅਤੇ ਨਾ ਸਿਰਫ਼ ਕੇਂਦਰ, ਸਗੋਂ ਸੂਬਾ ਸਰਕਾਰਾਂ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪਿੰਡ ਦੇ ਮੋਹਤਬਰ ਉਨ੍ਹਾਂ ਦੇ ਇਸ ਹੱਕ ਖ਼ਿਲਾਫ਼ ਭੁਗਤ ਰਹੇ ਹਨ। ਕੀ ਸਿੰਘੂ-ਟਿਕਰੀ-ਗਾਜ਼ੀਪੁਰ ਵਿੱਚ ‘ਮਨਰੇਗਾ-ਮਨਰੇਗਾ’ ਸ਼ੂਕਦੀ ਖ਼ਲਕਤ ਅੰਦੋਲਨ ਨੂੰ ਮਜ਼ਬੂਤ ਕਰਦੀ ਜਾਂ ਕਮਜ਼ੋਰ?

ਇਹ ਵੀ ਪੜ੍ਹੋ :  ਹਾਕਮ ਖ਼ਿਲਾਫ਼ ਅੰਦੋਲਨ ਦਾ ਵਡੇਰਾ ਮਕਸਦ ਬਿਨ ਆਵਾਮ ਕਾਨੂੰਨਸਾਜ਼ੀ ਵਾਲੇ ਵਰਤਾਰੇ ਦਾ ਮੱਕੂ ਠੱਪਣਾ

ਕਿਸਾਨ-ਮਜ਼ਦੂਰ ਏਕਤਾ ਦਾ ਮੁੱਦਈ ਅੰਦੋਲਨ ਸੋਹਣੇ ਪੰਜਾਬ ਦੇ ਪਿੰਡਾਂ ਵਿੱਚ ਤੱਥ-ਖੋਜੀ ਟੀਮਾਂ ਕਦੋਂ ਭੇਜ ਰਿਹਾ ਹੈ, ਜਿਹੜੀਆਂ ਤਫ਼ਤੀਸ਼ ਕਰਨ ਕਿ ਵਿਹੜੇ ਅਤੇ ਖੇਤਾਂ ਵਾਲਿਆਂ ਦੀ ਏਕਤਾ ਕਿਵੇਂ ਨਿਭ ਰਹੀ ਹੈ? ਹੁਣ ਜਦੋਂ ਬੈਨਰ ਟੰਗਿਆ ਗਿਆ ਹੈ, ਏਕਤਾ ਬਾਰੇ ਜੱਗ ਸਾਰਾ ਜਾਣ ਗਿਆ ਹੈ ਤਾਂ ਫਿਰ ਅੰਦੋਲਨ ਨੂੰ ਅਗਾਂਹ ਵਧਣਾ ਚਾਹੀਦਾ ਹੈ, ਖੇਤ ਮਜ਼ਦੂਰਾਂ ਨਾਲ ਏਕਤਾ ਹਰਫ਼ਾਂ ’ਚ ਨਹੀਂ ਅਮਲ ਵਿੱਚ ਦਿਖਾਈ ਦੇਣੀ ਚਾਹੀਦੀ ਹੈ। ਉਦੋਂ ਅੰਗਰੇਜ਼ ਸਨ, ਸੋ ਇਹ ਧਿਰ ਜ਼ਮੀਨਾਂ ਤੋਂ ਵਾਂਝੀ ਰਹੀ।

ਅੰਦੋਲਨਫਿਰ ਇਬਨ-ਏ-ਇੰਸ਼ਾ ਦੇ ਕਹਿਣ ਮੁਤਾਬਕ ਕਾਲੇ ਅੰਗਰੇਜ਼ਾਂ ਵੀ ਧੱਕਾ ਕੀਤਾ। ਹੁਣ ਤਾਂ ਮੰਚ ਅੰਦੋਲਨ ਹੈ, ਏਕਤਾ ਵਾਲਾ ਬੈਨਰ ਵੀ ਟੰਗਿਆ ਗਿਆ ਹੈ, ਫਿਰ ਪੰਜਾਬ ਜ਼ਮੀਨ ਸੁਧਾਰ ਕਾਨੂੰਨ 1972 ਦੇ ਤਹਿਤ ਵਾਧੂ ਜ਼ਮੀਨਾਂ ਧਨਾਢ ਜ਼ਿਮੀਂਦਾਰਾਂ ਤੋਂ ਲੈ ਕੇ ਦਲਿਤ ਮਜ਼ਦੂਰਾਂ ਨੂੰ ਵੰਡਣ ਹਿੱਤ ਪਹਿਲਾ ਵੱਡਾ ਸਮਾਰੋਹ ਸਿੰਘੂ ਬਾਰਡਰ ‘ਤੇ ਹੋਣਾ ਹੈ ਕਿ ਟੀਕਰੀ ਠੀਕ ਰਹੇਗਾ? ਇਸ ਪ੍ਰਸ਼ਨ ਦਾ ਉੱਤਰ ਅਜੇ ਮਿਲਣਾ ਹੈ।

ਜੇ ਹਾਲ ਦੀ ਘੜੀ ਮੰਗ ਸੀਮਤ ਰੱਖਣੀ ਹੈ ਤਾਂ ‘ਕਿਸਾਨ-ਮਜ਼ਦੂਰ ਏਕਤਾ’ ਦੇ ਨਾਅਰਿਆਂ ਦੀ ਗੂੰਜ ਵਿੱਚ ਇਹ ਮਸਨੂਈ ਜਿਹਾ ਇਨਕਲਾਬੀ ਐਲਾਨ ਤਾਂ ਵਿਸਾਖੀ ਨੂੰ ਹੀ ਕਰ ਦੇਣਾ ਬਣਦਾ ਹੈ ਕਿ ਸਾਰੀਆਂ ਅੰਦੋਲਨੀ ਜਥੇਬੰਦੀਆਂ ਰਲ ਕੇ ਪੰਜਾਬ ਵਿਲੇਜ ਕਾਮਨ ਲੈਂਡਜ਼ ਰੈਗੂਲੇਸ਼ਨ ਐਕਟ, 1961 ਉੱਤੇ ਪਹਿਰਾ ਦੇਣਗੀਆਂ, ਜਿਸ ਅਧੀਨ ਵਾਹੀਯੋਗ ਸ਼ਾਮਲਾਟ ਜ਼ਮੀਨ ਦਾ ਤੀਜਾ ਹਿੱਸਾ ਦਲਿਤ ਬੇਜ਼ਮੀਨਿਆਂ ਨੂੰ ਠੇਕਾ-ਬੋਲੀ ਰਾਹੀਂ ਦੇਣਾ ਲਾਜ਼ਮੀ ਹੈ।

ਵੇਖੋ, ਸੰਜਮ ਤੋਂ ਕੰਮ ਲੈਂਦਿਆਂ ਮੈਂ ਹਾਲੇ ਪੰਜਾਬ ਸਕਿਉਰਿਟੀ ਆਫ਼ ਲੈਂਡ ਟੈਨਿਓਰ ਐਕਟ, 1953 ਵਾਲੇ ਕਾਨੂੰਨ ਦੀ ਗੱਲ ਹੀ ਨਹੀਂ ਕਰ ਰਿਹਾ। ਸਾਰਾ ਅੰਦੋਲਨ ਇਸੇ ਵਿਸਾਖੀ ਆ ਗਿਆ ਤਾਂ ਅਗਲੀ ਵਾਰੀ ਬੈਰੀਕੇਡ ਪੁੱਟ ਕੇ ਜੋਅ ਬਾਇਡਨ ਨਾਲ ਲੜਨ ਜਾਣਾ ਹੈ?

ਇਹ ਵੀ ਪੜ੍ਹੋ : ਸਿਰ ਘਟਦੇ ਵਧਦੇ ਰਹਿੰਦੇ ਹਨ, ਜੁੜਨੇ ਚਾਹੀਦੇ ਹਨ

ਜਾਰਜ ਫਲੌਇਡ ਵਾਲੇ ਮੁਕੱਦਮੇ ਵਿੱਚ ਭੁਗਤ ਰਹੇ ਚਸ਼ਮਦੀਦ ਗਵਾਹ ਵਿਲਕ-ਵਿਲਕ ਰੋਂਦੇ ਵਿਖਾਈ ਦਿੱਤੇ ਕਿ ਉਹ ਉਸ ਦੀ ਕੂਕ ਸੁਣ ਰਹੇ ਸਨ, ਧੌਣ ’ਤੇ ਰੱਖਿਆ ਗੋਡਾ ਵੇਖ ਰਹੇ ਸਨ, ਸਾਹ ਟੁੱਟਦਾ ਮਹਿਸੂਸ ਰਹੇ ਸਨ ਪਰ ਬੇਵੱਸ ਸਨ, ਅੱਜ ਆਪਣੇ ਆਪ ਨੂੰ ਮੁਆਫ਼ ਨਹੀਂ ਕਰ ਪਾ ਰਹੇ। ਗੋਰਾ ਅਮਰੀਕਾ ਸ਼ਰਮਸਾਰ ਹੋ ਰਿਹਾ ਹੈ, ਪਰ ਘੱਟੋ-ਘੱਟ ਜਨਤਕ ਮੰਚ ਉੱਤੇ ਇੱਕ ਧਿਰ ਦਾ ਦੂਜੇ ਉੱਤੇ ਗੋਡੇ ਵਾਲਾ ਮੁਕੱਦਮਾ ਤਾਂ ਰੱਖਿਆ ਜਾ ਰਿਹਾ ਹੈ।

ਸਾਡੇ ਪਿੰਡਾਂ ’ਚ ਦੋਵੇਂ ਧਿਰਾਂ ਆਪੋ ਵਿੱਚ ਨੂੜ੍ਹੀਆਂ ਵੀ ਹਨ, ਅੰਤਰਨਿਰਭਰ ਵੀ ਹਨ, ਏਕੇ ਵਿੱਚ ਵੀ ਹਨ। ਸਭਨਾਂ ਨੂੰ ਏਕਤਾ ਵਾਲੀਆਂ ਦੋਹਾਂ ਧਿਰਾਂ ਵਿੱਚੋਂ ਇੱਕ ਦਾ ਗੋਡਾ ਦੂਜੇ ਦੀ ਧੌਣ ’ਤੇ ਰੱਖੇ ਹੋਣ ਬਾਰੇ ਜਾਣਕਾਰੀ ਹੈ। ਅੰਦੋਲਨ ਇਸ ਦੀ ਵੀ ਗੱਲ ਕਰੇ, ਬਾਤ ਹੇਠਾਂ ਤਕ ਪੁੱਜੇ। ਇਹ ਹੋਵੇ ਤਾਂ ਸ਼ਹਿਰੀ ਗ਼ਰੀਬ ਨੂੰ ਕੋਈ ਆਸ ਬੱਝੇ, ਇੱਕੀ-ਦੁੱਕੀ ਚੱਕ ਹਾਕਮ ਦੀ ਧੌਣ ’ਤੇ ਸਾਂਝਾ ਗੋਡਾ ਰੱਖਣ ਦੀ ਕੋਈ ਕਵਾਇਦ ਬਣੇ।

(ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਸਾਰੇ ਕਾਲਮ ਵਿੱਚ ਪਰਵਾਸੀ ਮਜ਼ਦੂਰ ਲਈ ਛਿਓਡੰਬੇ ਜਿੰਨੀ ਜਗ੍ਹਾ ਵੀ ਨਾ ਬਚਾ ਕੇ ਰੱਖਣ ਲਈ ਗੋਡੇ ਟੇਕ ਕੇ ਮੁਆਫ਼ੀ ਦਾ ਤਲਬਗਾਰ ਹੈ।)

An iteration of this piece published in the Punjabi Tribune can be accessed here.

Also Read: Centre wants to give farmers what they wanted, Farmers all set to fight against it

__________________________________

Watch video: 

ਐੱਸ ਪੀ ਸਿੰਘ

ਐੱਸ ਪੀ ਸਿੰਘ

Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.

Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.

— Team PT

Related Post

Add Your Heading Text Here

Copyright © Punjab Today  : All right Reserve 2016 - 2021 |