ਕਾਮਰੇਡ ਬਾਇਡਨ ਨੂੰ ਲਾਲ ਸਲਾਮ – ਵੇਖੋ ਕਿੱਥੇ ਆਇਆ ਇਨਕਲਾਬ

ਐੱਸ ਪੀ ਸਿੰਘ

ਐੱਸ ਪੀ ਸਿੰਘ

2001 ਵਿਚ ਇਸੇ ਜੋਅ ਬਾਇਡਨ ਨੇ ਅਫ਼ਗ਼ਾਨਿਸਤਾਨ ਉੱਤੇ ਚੜ੍ਹ ਜਾਣ ਦੇ ਹੱਕ ‘ਚ ਵੋਟ ਪਾਈ ਸੀ, ਫਿਰ ਅਗਲੇ ਸਾਲ ਇਹੀ ਜੰਗੀ ਸੋਚ ਇਰਾਕ ਖ਼ਿਲਾਫ਼ ਵੀ ਭੁਗਤਾਈ ਸੀ।

ਚਲਦੇ ਵੱਡੇ ਘੋਲ ਅਤੇ ਅਖ਼ਬਾਰਾਂ ਵਿੱਚ ਲੋਟੂ ਸਾਮਰਾਜੀ ਨਿਜ਼ਾਮ ਖ਼ਿਲਾਫ਼ ਡਟਿਆਂ ਬਾਰੇ ਸੁਰਖ਼ੀਆਂ ਦੀ ਦੁਨੀਆ ਵਿਚ ਇਨਕਲਾਬ ਦਾ ਤਸੱਵਰ ਅਕਸਰ ਰਵਾਇਤੀ ਹੁੰਦਾ ਹੈ, ਬਹੁਤਾ ਇਨਕਲਾਬੀ ਨਹੀਂ। ਕਿਸੇ ਲਾਲ ਹਨੇਰੀ ਝੁੱਲ੍ਹਣ, ਚੁੰਮ ਕੇ ਕਿਸੇ ਰੱਸੇ ‘ਤੇ ਝੂਲਣ ਜਾਂ ਕੁਰਬਾਨੀਆਂ ਦੀ ਝੜੀ ਲਾਉਣ ਤੋਂ ਬਿਨਾਂ ਵਰਤੇ ਵਰਤਾਰੇ ਦੇ ਇਨਕਲਾਬ ਹੋਣ ਬਾਰੇ ਸ਼ੱਕ ਕਰਨਾ ਹਰ ਸੱਚੇ ਇਨਕਲਾਬੀ ਦਾ ਫ਼ਰਜ਼ ਹੈ।

ਬਾਇਡਨ
ਜੋਅ ਬਾਇਡਨ

ਨਾਲੇ ਸਾਮਰਾਜੀ ਸ਼ਕਤੀਆਂ ਦੇ ਪਿਤਾਮਾ, ਅਮਰੀਕਾ ਦਾ ਰਾਸ਼ਟਰਪਤੀ ਜੋਅ ਬਾਇਡਨ ਕਿਹੜੇ ਜ਼ਾਵੀਏ ਤੋਂ ਇਨਕਲਾਬੀ ਕਹਾ ਸਕਦਾ ਹੈ? ਇਹ ਲਕਬ ਤਾਂ ਅਸੀਂ ਬਰਨੀ ਸੈਂਡਰਜ਼ ਨੂੰ ਆਪਣੇ ਵਿੱਤੋਂ ਬਾਹਰ ਜਾ ਕੇ ਕਦੀ ਕਦੀ ਬਖ਼ਸ਼ ਦਿੰਦੇ ਹਾਂ।

ਪਰ ਜੇ ਇਸ ਦੇਸੀ ਇਨਕਲਾਬੀ ਥੜ੍ਹੇ ਤੋਂ ਥੱਲੇ ਉਤਰ ਕੇ ਵੇਖੀਏ ਤਾਂ ਜੋ ਅਮਰੀਕਾ ਵਿੱਚ ਹੋ ਰਿਹਾ ਹੈ, ਉਹ ਕਿਸੇ ਇਨਕਲਾਬ ਤੋਂ ਕਿਵੇਂ ਘੱਟ ਹੈ? ਸੂਹੇ ਰੂਸ ਜਾਂ ਸੁਰਖ਼ ਚੀਨ ਨਾਲ ਬੱਧੇ ਇਸ ਅਲੌਕਿਕ ਸ਼ਬਦ ਨੂੰ ਅਮਰੀਕਾ ਨਾਲ ਜੋੜ ਕੇ ਪੜ੍ਹਨ ’ਚ ਹੁੰਦੀ ਕੋਫ਼ਤ ਤੋਂ ਛੁਟਕਾਰਾ ਪਾ ਕੇ ਵੇਖੋਗੇ ਤਾਂ ਇਨਕਲਾਬੀ ਤਸਵੀਰ ਉਭਰੇਗੀ।

ਲੰਮੇ ਸਮੇਂ ਤੋਂ ਅਮਰੀਕੀ ਸਾਮਰਾਜੀ ਨਿਜ਼ਾਮ ਗੰਭੀਰ ਮੁਸ਼ਕਲ ਵਿਚ ਫਸਿਆ ਹੋਇਆ ਹੈ। ਜਿਹੜੇ ਢੰਗ ਤਰੀਕਿਆਂ ਅਤੇ ਰਾਜਨੀਤਕ ਆਰਥਿਕ ਨੀਤੀਆਂ ਤਹਿਤ ਅਮਰੀਕਾ ਵਿਚਰਦਾ ਰਿਹਾ ਹੈ, ਜੋਅ ਬਾਇਡਨ ਉਹਦਾ ਹਿੱਸਾ ਰਿਹਾ ਹੈ।

ਜਿੱਥੇ ਕਿਤੇ ਡੈਮੋਕਰੈਟਿਕ ਪਾਰਟੀ ਨੇ ਕਿਸੇ ਅਗਾਂਹਵਧੂ ਏਜੰਡੇ ਨੂੰ ਹੱਥ ਵੀ ਪਾਇਆ, ਉਹ ਰਿਪਬਲਿਕਨ ਵੋਟਰਾਂ ਅਤੇ ਵਿਰੋਧ ਨੂੰ ਧਿਆਨ ਵਿੱਚ ਰੱਖ ਕੇ ਵਿਚਕਾਰਲੇ ਰਸਤੇ ਲੱਭਦਿਆਂ ਹੀ ਨਿਭਾਇਆ। ਨਤੀਜਾ ਟਰੰਪ ਨਿਕਲਿਆ।

ਬਰਨੀ ਸੈਂਡਰਜ਼

ਦੋਹਾਂ ਧਿਰਾਂ ’ਚ ਪਾੜਾ ਵਧਦਾ ਗਿਆ, ਮਸਲੇ ਹੋਰ ਗੰਭੀਰ ਹੁੰਦੇ ਗਏ। ਚੋਣ ਪ੍ਰਚਾਰ ਦੌਰਾਨ ਵੀ ਇਹਦੇ ਘੱਟ ਹੀ ਸੰਕੇਤ ਸਨ ਕਿ ਬਾਇਡਨ ਦਾ ਏਜੰਡਾ ਏਡਾ ਇਨਕਲਾਬੀ ਹੋ ਜਾਵੇਗਾ। ਸਾਨੂੰ ਤਾਂ ਜਾਪਦਾ ਸੀ ਬਰਨੀ ਸੈਂਡਰਜ਼ ਉਹਨੂੰ ਥੋੜ੍ਹਾ ਥੋੜ੍ਹਾ ਖੱਬੇ ਨੂੰ ਧੱਕੀ ਰੱਖੇ, ਏਨਾ ਹੀ ਬਹੁਤ ਹੈ।

ਅੱਜ ਦੁਨੀਆ ਭਰ ’ਚ ਤਬਸਰੇ ਹੋ ਰਹੇ ਹਨ ਕਿ ਬਾਇਡਨ ਨੇ ਇਹ ਕਿਆਸ ਤੋਂ ਵਧੇਰੇ ਖੱਬੇ-ਪੱਖੀ ਰਾਹ ਕਿਉਂ ਫੜਿਆ। ਭਵਿੱਖ ਵਿੱਚ ਬਾਇਡਨ ਦੀ ਫੈਸਲਾਸਾਜ਼ੀ ਤੋਂ ਇਸ ਇਨਕਲਾਬ ਦਾ ਖਾਸਾ ਬਿਹਤਰ ਸਪੱਸ਼ਟ ਹੋਵੇਗਾ ਜਾਂ ਪਾਜ ਉਘੜ ਆਏਗਾ ਪਰ ਹੁਣ ਤਕ ਜੋ ਕਰ ਦਿੱਤਾ ਗਿਆ ਹੈ, ਉਹਦੀ ਅਸੀਂ ਕਿਸੇ ਸਾਮਰਾਜਵਾਦੀ ਨਿਜ਼ਾਮ ਤੋਂ ਕਦੋਂ ਉਮੀਦ ਰੱਖੀ ਸੀ?

ਅਮਰੀਕੀ ਰਾਜਨੀਤੀ ਉੱਤੇ ਅੱਖ ਰੱਖਣ ਵਾਲੇ ਜੋਅ ਬਾਇਡਨ ਨੂੰ ਜਾਣਦੇ ਸਨ; ਇਸ ਰਾਸ਼ਟਰਪਤੀ ਜੋਅ ਬਾਇਡਨ ਨੇ ਉਨ੍ਹਾਂ ਨੂੰ ਹੈਰਾਨ ਕਰ ਦਿੱਤਾ ਹੈ।

ਨਸਲੀ ਪਾਟੋਧਾੜ ਦਾ ਸ਼ਿਕਾਰ ਅਤੇ ਮਹਾਂਮਾਰੀ ਵਿੱਚ ਗ੍ਰਸਿਆ ਅਮਰੀਕਾ ਮੰਝਧਾਰ ਵਿਚ ਸੀ। ਕਿਸੇ ਵੀ ਨਵੇਂ ਰਾਸ਼ਟਰਪਤੀ ਨੇ ਕੁਝ ਵਡੇਰਾ ਤਾਂ ਕਰਨਾ ਹੀ ਸੀ। ਪਰ ਇੰਨਾ ਵੱਡਾ ‘‘ਅਮਰੀਕਾ ਰੈਸਕਿਊ ਪਲੈਨ’’ ਹੋਵੇਗਾ, ਬੜਿਆਂ ਨੂੰ ਵਿਸ਼ਵਾਸ ਨਹੀਂ ਸੀ। ਉੱਤੋਂ ਨੌਕਰੀਆਂ ਵਾਲਾ American Jobs Plan ਤੇ ਫਿਰ ਪਰਿਵਾਰਾਂ ਦੀ ਮਦਦ ਵਾਲਾ American Family Plan ਤਾਂ ਕਿਸੇ ਧੁਰ-ਖੱਬੀ ਸਿਆਸਤ ਦੀ ਉਪਜ ਹੋ ਸਕਦਾ ਸੀ। ਇਹ ਜੋਅ ਕਦੋਂ ਕਾਮਰੇਡ ਬਣ ਗਿਆ?

ਪਿਛਲੇ ਮਹੀਨੇ ਬਾਇਡਨ ਨੇ ਕਰੋਨਾ ਪ੍ਰਭਾਵਿਤਾਂ ਦੀ ਮਦਦ ਹਿੱਤ ਲਗਪਗ ਦੋ ਟ੍ਰਿਲੀਅਨ ਡਾਲਰ ਮੁਹੱਈਆ ਕਰਦੇ ਕਾਨੂੰਨ ’ਤੇ ਸਹੀ ਪਾਈ; ਫਿਰ ਦਸ ਦਿਨਾਂ ਬਾਅਦ ਨੌਕਰੀਆਂ, clean energy ਅਤੇ infrastructure ਲਈ ਤਿੰਨ ਟ੍ਰਿਲੀਅਨ ਡਾਲਰ ਦੇ ਪੈਕੇਜ ’ਤੇ ਹਸਤਾਖ਼ਰ ਕੀਤੇ।

ਯਾਦ ਕਰਵਾ ਦਿਆਂ ਕਿ ਸਾਡੇ ਨਾਲ ਅੱਜ ਤੱਕ ਦੀ ਸਭ ਤੋਂ ਵੱਡੀ ਫੜ੍ਹ ਇਹ ਮਾਰੀ ਗਈ ਹੈ ਕਿ 2025 ਤੱਕ ਅਸਾਂ ਪੰਜ ਟ੍ਰਿਲੀਅਨ ਡਾਲਰ ਦੀ ਆਰਥਿਕ ਸ਼ਕਤੀ ਬਣ ਜਾਣਾ ਹੈ। ਫੜ੍ਹ ਦਾ ਆਕਾਰ ਏਡਾ ਕਿ ਹਕੂਮਤ ਵਿੱਚੋਂ ਵੀ ਹੁਣ ਕੋਈ ਘੱਟ ਹੀ ਇਹ ਯਾਦਦਹਾਨੀ ਕਰਵਾਉਂਦਾ ਹੈ। ਬਾਇਡਨ ਨੇ ਏਨੇ ਪੈਸੇ ਲਈ ਤਿਜੌਰੀ ਖੋਲ੍ਹ ਦਿੱਤੀ ਹੈ।

ਗੱਲ ਸਿਰਫ਼ ਇਸ ਵਿੱਤੀ ਮਹਾਂਤਬਦੀਲੀ ਦੀ, fiscal transformation ਦੀ ਨਹੀਂ, ਸਮਾਜ ਵਿੱਚ ਸਰਕਾਰ ਦੇ ਰੋਲ ਦੀ ਹੈ। ਕੀ ਤਰੱਕੀ ਦੀ ਦੌੜ ਵਿੱਚ ਪਿੱਛੇ ਰਹਿ ਗਿਆਂ ਦੇ ਹਕੂਮਤ ਅਤੇ ਸਮਾਜ ਵਾਲ੍ਹੀ-ਵਾਰਸ ਬਣਨਗੇ ਕਿ ਨਹੀਂ? ਹਥਲੇ ਫ਼ੈਸਲਿਆਂ ਨੇ ਇਹ ਸਵਾਲ ਰਾਜਨੀਤੀ ਦੇ ਕੇਂਦਰ ਵਿੱਚ ਰੱਖ ਦਿੱਤੇ ਹਨ।

ਇਕ ਐਸੇ ਸਮੇਂ ਜਦੋਂ ਸਾਹ-ਘੁੱਟਵੇਂ ਨਿਜ਼ਾਮ ਵਾਲਾ ਚੀਨ ਤਰੱਕੀ ਦੀਆਂ ਪੁਲਾਂਘਾਂ ਪੁੱਟ ਰਿਹਾ ਹੈ ਅਤੇ ਭਾਰਤ ਸਮੇਤ ਬਹੁਤ ਸਾਰੇ ਦੇਸ਼ਾਂ ਵਿੱਚ ਅਤਿ ਦੇ ਸੱਜੇ-ਪੱਖੀ ਸ਼ਾਸਕ ਲੋਕਤੰਤਰੀ ਤਕਾਜ਼ਿਆਂ ਅਤੇ ਮਨੁੱਖੀ ਅਧਿਕਾਰਾਂ ਦਾ ਗਲਾ ਘੋਟਣ ਤੋਂ ਬਾਅਦ ਵੀ ਆਪਣੇ ਆਪ ਨੂੰ ਕਾਰਗਰ ਸਾਬਤ ਕਰਨ ਵਿੱਚ ਲੱਗੇ ਹੋਏ ਹਨ, ਇਹ ਸਮੇਂ ਦੀ ਜ਼ਰੂਰਤ ਸੀ ਕਿ ਕੋਈ ਕਾਰਗਰ ਲੋਕਤੰਤਰ ਦੁਨੀਆ ਨੂੰ ਯਾਦ ਕਰਵਾਉਂਦਾ ਕਿ ਉਹ ਮਨੁੱਖਤਾ ਨੂੰ ਦਰਪੇਸ਼ ਵਡੇਰੇ ਸਵਾਲਾਂ ਅਤੇ ਸਮੱਸਿਆਵਾਂ ਨਾਲ ਟੱਕਰਨ ਦੀ ਕੁੱਵਤ ਰੱਖਦਾ ਹੈ।

ਇਸ ਵੇਲੇ ਇਹ ਰੋਲ ਕੋਈ ਖੱਬੇ-ਪੱਖੀ ਰਵਾਇਤੀ ਇਨਕਲਾਬ ਨੂੰ ਪ੍ਰਣਾਇਆ ਦੇਸ਼ ਨਹੀਂ ਨਿਭਾ ਰਿਹਾ ਸਗੋਂ ਇੱਕ ਸਾਮਰਾਜੀ ਸ਼ਕਤੀ ’ਚ ਸਾਮਰਾਜਵਾਦ ਨੂੰ ਦਹਾਕਿਆਂ ਤੋਂ ਸਮਰਪਿਤ ਰਾਸ਼ਟਰਪਤੀ ਨਿਭਾ ਰਿਹਾ ਹੈ। ਸਬਕ ਉਸ ਨੇ ਉਹੀ ਸਿੱਖੇ ਹਨ ਜਿਹੜੇ ਖੱਬੇ-ਪੱਖੀ ਚਿਰਾਂ ਤੋਂ ਚੀਕ ਚੀਕ ਕੇ ਦੱਸ ਰਹੇ ਸਨ।

ਕਿਸੇ ਪੂੰਜੀਵਾਦੀ ਮਾਡਲ ਵਿੱਚ ਵੀ ਸਰਕਾਰਾਂ ਲੋਕਾਂ ਨੂੰ ਸਿਹਤ, ਸਿੱਖਿਆ, ਰੁਜ਼ਗਾਰ, ਘਰ ਵਰਗੀਆਂ ਮੁੱਢਲੀਆਂ ਜ਼ਰੂਰਤਾਂ ਤੋਂ ਭਗੌੜੀਆਂ ਨਹੀਂ ਹੋ ਸਕਦੀਆਂ। ਤੁਸੀਂ ਸਮਾਜ ਦੇ ਇੱਕ ਵੱਡੇ ਹਿੱਸੇ ਨੂੰ ਮੰਡੀ ਦੇ ਰਹਿਮ-ਓ-ਕਰਮ ’ਤੇ ਨਹੀਂ ਛੱਡ ਸਕਦੇ। Climate change ਨਾਲ ਜੂਝਣ ਸਿੱਝਣ ਦਾ ਕੰਮ ਨਫ਼ੇ ਨੂੰ ਪ੍ਰਣਾਈ ਸਰਮਾਏਦਾਰੀ ਹਵਾਲੇ ਨਹੀਂ ਛੱਡਿਆ ਜਾ ਸਕਦਾ।

ਬਾਇਡਨ ਪ੍ਰਸ਼ਾਸਨ ਦੇ ਫੈਸਲੇ ਇੱਕ ਪੀੜ੍ਹੀ ਬਦਲਣ (generational shift) ਨਾਲ ਵੀ ਜੁੜੇ ਹੋਏ ਹਨ। ਬਾਇਡਨ 78 ਸਾਲਾਂ ਦਾ ਹੈ, ਪਰ ਉਹਦੇ ਪ੍ਰਸ਼ਾਸਨ ਵਿੱਚ ਫ਼ੈਸਲਾਕੁੰਨ ਆਵਾਜ਼ਾਂ ਬਹੁਤ ਨੌਜਵਾਨ ਪੀੜ੍ਹੀ ਦੀਆਂ ਹਨ। ਵਾਸ਼ਿੰਗਟਨ ਨੂੰ ਹੁਣ 20ਵਿਆਂ, 30ਵਿਆਂ ਵਾਲੇ ਚਲਾ ਰਹੇ ਹਨ।

Brian Deese

ਉਹਦੀ National Economic Council ਦਾ ਮੁਖੀ Brian Deese 43 ਸਾਲਾਂ ਦਾ ਹੈ। ਇਸ ਪੀੜ੍ਹੀ ਨੇ ਮੰਡੀ ਉੱਤੇ ਟੇਕ ਰੱਖਦੀਆਂ ਨੀਤੀਆਂ ਥੱਲੇ ਸਾਮਰਾਜਵਾਦ ਦਾ ਦੀਵਾਲਾ ਨਿਕਲਦਾ ਵੇਖਿਆ ਪੜ੍ਹਿਆ ਹੈ। ਸਾਡੇ ਇਨਕਲਾਬੀਆਂ ਨੇ ਇਸ ਨਵੀਂ ਪੀੜ੍ਹੀ ਦੇ ਸੋਚ-ਢੰਗ ਤੋਂ ਕੀ ਸਿੱਖਿਆ ਹੈ?

ਇਸ ਫੈਸਲੇ ਉੱਤੇ ਇਨਕਲਾਬ ਦੀ ਸੂਹੀ ਮੋਹਰ ਨਹੀਂ ਲੱਗੀ, ਪਰ ਅਮਰੀਕਾ ਵਿੱਚ ਦਿਨਾਂ ਵਿੱਚ ਹੀ ਯੂਨੀਵਰਸਲ ਪ੍ਰੀ-ਪ੍ਰਾਇਮਰੀ ਤਾਲੀਮ (pre-K) ਅਤੇ ਮੁਫ਼ਤ ਜੂਨੀਅਰ ਕਾਲਜ ਸਿੱਖਿਆ ਲਾਗੂ ਹੋ ਗਈ ਹੈ।

ਅਮਰੀਕਾ ਵਿੱਚ ਜੂਨੀਅਰ ਕਾਲਜ ਜਾਂ ਕਮਿਊਨਿਟੀ ਕਾਲਜ ਦੋ ਸਾਲਾਂ ਦੀ ਪੜ੍ਹਾਈ ਵਾਲਾ ਉਹ ਰਸਤਾ ਹੈ ਜਿਹੜਾ ਤੁਹਾਨੂੰ ਬਹੁਤ ਘੱਟ ਖ਼ਰਚੇ ਨਾਲ ਚਾਰ-ਸਾਲਾ ਡਿਗਰੀ ਦੇ ਨੇੜੇ ਲੈ ਜਾਂਦਾ ਹੈ। ਘੱਟ ਸਾਧਨ-ਸੰਪੰਨ ਹਿੱਸੇ ਲਈ ਇਹ ਚਾਰ ਸਾਲਾਂ ਦੀ ਮੁਫ਼ਤ ਵਧੇਰੇ ਸਕੂਲੀ ਪੜ੍ਹਾਈ ਹੈ। ਪਿਛਲੀ ਵਾਰੀ ਕਦੋਂ ਅਸਾਂ ਕੋਈ ਅਜਿਹਾ ਇਨਕਲਾਬੀ ਕਦਮ ਵੇਖਿਆ ਸੀ?

ਬਾਇਡਨ ਦੇ ਪੰਜ ਟ੍ਰਿਲੀਅਨ ਡਾਲਰ ਵਾਲੇ ਮਨਸੂਬਿਆਂ ਵਿੱਚੋਂ ਵਧੇਰੇ ਪੈਸੇ ਜਿਹੜੇ ਪਰਿਵਾਰਾਂ ਨੂੰ ਜਾਣੇ ਹਨ, ਉਨ੍ਹਾਂ ਵਿੱਚ ਦੋ-ਤਿਹਾਈ ਉਹ ਹਨ ਜੋ ਵੱਡੇ ਸ਼ਹਿਰਾਂ ਵਿੱਚ ਨਹੀਂ ਰਹਿੰਦੇ ਅਤੇ ਜਿਨ੍ਹਾਂ ਵਿੱਚ ਕੋਈ ਵੀ ਬੈਚਲਰ ਡਿਗਰੀ ਹੋਲਡਰ ਨਹੀਂ। ਹੱਥ ਵਿੱਚ ਲਾਲ ਝੰਡਾ ਫੜ, ਜਮਾਤੀ ਘੋਲ ਦੀ ਦੁਹਾਈ ਦੇਣ ਵਾਲੇ ਮੇਰੇ ਯਾਰ ਭਾਵੇਂ ਨਾ ਮੰਨਣ, ਪਰ ਕਦੀ ਕਦੀ ਇਨਕਲਾਬ ਦੀ ਸ਼ਕਲ ਇਉਂ ਵੀ ਹੁੰਦੀ ਹੈ।

worker georgeਸਾਲਾਂ ਤਕ ਸਿਆਹਫ਼ਾਮ ਸਮਾਜ ਦੀ ਧੌਣ ਤੇ ਗੋਡਾ ਰੱਖਿਆ ਹੋਇਆ ਸੀ, ਜੀਊਂਦੇ ਰਹਿਣ “ਬਲੈਕ ਲਾਈਵਜ਼ ਮੈਟਰ” ਵਾਲੇ ਸੂਰਮੇ ਸੂਰਮੀਆਂ, ਹੁਣ ਗੋਡੇ ਵਾਲਾ ਪੁਲਸੀਆ ਜੇਲ੍ਹ ਜਾਂਦਾ, ਕੁੱਝ ਇਨਕਲਾਬ ਆਉਂਦਾ ਦਿਖਾਈ ਦੇ ਰਿਹਾ ਹੈ।

ਅਮਰੀਕਾ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ’ਚੋਂ ਆਏ ਹਾਲੀਆ ਅੰਕੜੇ ਦੱਸ ਰਹੇ ਹਨ ਕਿ ਇਸ ਸਾਲ ਸਭ ਤੋਂ ਵਧੇਰੇ ਸਿਆਹਫ਼ਾਮ, ਹਿਸਪੈਨਿਕ ਅਤੇ ਘੱਟ ਆਮਦਨ ਤਬਕਿਆਂ ਦੇ ਵਿਦਿਆਰਥੀਆਂ ਨੂੰ ਦਾਖ਼ਲੇ ਮਿਲੇ ਹਨ। ਚਾਰੋਂ ਪਾਸੇ ਇਸ ਬਦਲਾਅ ਦੇ ਚਰਚੇ ਹਨ। ਕਿਹਾ ਜਾ ਰਿਹਾ ਹੈ ਕਿ 1960ਵਿਆਂ ਤੋਂ ਬਾਅਦ ਪਹਿਲੀ ਵਾਰੀ ਨਸਲੀ ਪਾੜੇ ਅਤੇ ਸਮਾਜਿਕ ਹਾਲਾਤ ਬਾਰੇ ਏਨੀ ਸੋਝੀ ਕੈਂਪਸਾਂ ਅਤੇ ਯੂਨੀਵਰਸਿਟੀ ਦੇ ਪ੍ਰਬੰਧਕੀ ਨਿਜ਼ਾਮਾਂ ਉੱਤੇ ਤਾਰੀ ਹੈ।

ਕੋਈ ਤੁਹਾਨੂੰ ਸਰਮਾਏਦਾਰੀ ਨਿਜ਼ਾਮ ਦੀ ਲੋਟੂ ਮਨਸ਼ਾ ਨੂੰ ਗਾਲ੍ਹਾਂ ਕੱਢਣ ਤੋਂ ਨਹੀਂ ਰੋਕ ਰਿਹਾ ਪਰ ਏਧਰ ਧਿਆਨ ਦੇਣਾ ਤਾਂ ਬਣਦਾ ਹੈ ਕਿ ਬਾਇਡਨ ਦੇ American Jobs Plan ਵਿੱਚਲਾ ਇੱਕ ਮਹੱਤਵਪੂਰਨ ਹਿੱਸਾ ‘Protecting the Right to Organize Act’ ਹੈ – ਇੱਕ ਅਜਿਹਾ ਕਾਨੂੰਨ ਬਣਾਉਣਾ ਜਿਹੜਾ ਕਾਰਖਾਨਿਆਂ, ਫੈਕਟਰੀਆਂ ਦੇ ਕਾਮਿਆਂ ਲਈ, ਕੰਮ ਦੀ ਹਰ ਥਾਂ ਮੁਲਾਜ਼ਮਾਂ ਲਈ ਯੂਨੀਅਨਾਂ ਬਣਾਉਣ ਨੂੰ, ਸੰਗਠਿਤ ਹੋਣ ਨੂੰ ਆਸਾਨ ਕਰੇ, ਸੁਖਾਲਾ ਬਣਾਵੇ।

ਸਾਡੇ ਵਾਲਾ ਜਿਹੜੇ ਲੇਬਰ ਕੋਡ ਲੈ ਕੇ ਆਇਆ ਹੈ, ਉਹਨਾਂ ਸਾਹਵੇਂ ਬਾਇਡਨ ਦੇ ਮਨਸੂਬੇ ਰੱਖ ਕੇ ਵੇਖੋਗੇ ਤਾਂ ਕਾਮਰੇਡ ਬਾਇਡਨ ਲਾਲ ਸਲਾਮ ਦਾ ਨਾਅਰਾ ਬਦੋਬਦੀ ਮੂੰਹੋਂ ਨਿਕਲ ਜਾਸੀ।

ਦੋ ਦਹਾਕਿਆਂ ਬਾਅਦ ਮੂੰਹ ਦੀ ਖਾ ਕੇ ਅਫ਼ਗਾਨਿਸਤਾਨ ’ਚੋਂ ਬੇਆਬਰੂ ਹੋ ਕੇ ਨਿਕਲਣ ਵਾਲੇ ਫ਼ੈਸਲੇ ਪਿੱਛੇ ਵੀ ਇਹ ਇਨਕਲਾਬੀ ਕਬੂਲਨਾਮਾ ਤਾਂ ਹੈ ਹੀ ਕਿ ਸਾਥੋਂ ਹੁਣ ਵਿਸ਼ਵੀ ਥਾਣੇਦਾਰੀ ਤੇ ਡੈਮੋਕਰੇਸੀ ਐਕਸਪੋਰਟ ਕਰਨ ਦੀ ਠੇਕੇਦਾਰੀ ਨਹੀਂ ਨਿਭਾਈ ਜਾਂਦੀ।

2001 ਵਿਚ ਇਸੇ ਜੋਅ ਬਾਇਡਨ ਨੇ ਅਫ਼ਗ਼ਾਨਿਸਤਾਨ ਉੱਤੇ ਚੜ੍ਹ ਜਾਣ ਦੇ ਹੱਕ ‘ਚ ਵੋਟ ਪਾਈ ਸੀ, ਫਿਰ ਅਗਲੇ ਸਾਲ ਇਹੀ ਜੰਗੀ ਸੋਚ ਇਰਾਕ ਖ਼ਿਲਾਫ਼ ਵੀ ਭੁਗਤਾਈ ਸੀ।

ਅੱਜ ਮਾਂ ਭਾਰਤੀ ਦੇ ਵੱਡੇ ਸਪੂਤ ਬਣੇ ਫਿਰਦੇ ਦੇ ਪੈਰੋਕਾਰ, ਜਿਹੜੇ ਉਹਦੀ ਸਰਜੀਕਲ ਸਟ੍ਰਾਈਕ ਬਾਰੇ ਦਮਗੱਜੇ ਮਾਰਦੇ ਨਹੀਂ ਥੱਕਦੇ, ਏਨਾ ਜਾਣ ਲੈਣ ਕਿ 20 ਸਾਲਾਂ ਵਿੱਚ 13,000 ਸਰਜੀਕਲ ਸਟ੍ਰਾਈਕਾਂ ਕਰ ਕੇ ਅਮਰੀਕੀ ਫੌਜ ਨੂੰ ਅਫ਼ਗ਼ਾਨਿਸਤਾਨ ‘ਚੋਂ ਪੂਰੀ ਤਰ੍ਹਾਂ ਘਰ ਵਾਪਸੀ ਕਰਵਾਉਣ ਨੂੰ ਅੱਜ ਇਨਕਲਾਬੀ ਕਦਮ ਸਮਝਿਆ ਜਾ ਰਿਹਾ ਹੈ।

ਵੈਸੇ ਜਿਸ ਨੂੰ ਅਸਾਂ ਹਤਮੀ ‘ਇਨਕਲਾਬ’ ਤਸਲੀਮ ਕਰਨਾ ਹੈ, ਉਹ ਤਾਂ ਬਰਾਕ ਓਬਾਮਾ ਦੀ ਜਿੱਤ ਵੀ ਨਹੀਂ ਸੀ, ਬਾਇਡਨ ਦੇ ਫ਼ੈਸਲੇ ਵੀ ਨਹੀਂ ਹੋਣੇ। ਅਸਾਂ ਤਾਂ ਬਰਨੀ ਸੈਂਡਰਜ਼ ਨੂੰ ਵੀ ਸਿੰਘੂ-ਕੁੰਡਲੀ ਦੀ ਸਟੇਜ ’ਤੇ ਨਹੀਂ ਚੜ੍ਹਨ ਦੇਣਾ ਕਿਉਂ ਜੋ ਕੰਬਖ਼ਤ ਸਿਆਸਤਦਾਨ ਹੈ। ਸਾਡੇ ਵਰਗਾ ਕਾਮਰੇਡ ਬਣਨਾ ਕਿਤੇ ਸੌਖਾ ਹੈ?

ਪਰ ਜਦੋਂ ਵਕਤ, ਲੋਕ-ਸਮਝ, ਕਾਰਕੁਨਾਂ ਦੀ ਵਰ੍ਹਿਆਂ ਦੀ ਮਿਹਨਤ, ਲੋਕ-ਸਰੋਕਾਰਾਂ ਨਾਲ ਹੱਠਧਰਮੀ ਵਾਲੀ ਵਫ਼ਾ ਅਤੇ ਆਰਥਕ, ਰਾਜਨੀਤਕ ਨੀਤੀਆਂ ਬਾਰੇ ਪੈਨੀ ਸਮਝ ਦਾ ਨਿਰਮਾਣ ਕਿਸੇ ਮੁਹਾਨੇ ਆਣ ਮਿਲਣ ਤਾਂ ਸਾਮਰਾਜੀ ਨਿਜ਼ਾਮ ਵਿਚ ਵੀ ਇਹ ਦਿਨ ਨਸੀਬ ਹੁੰਦੇ ਹਨ।

ਹਾਂ, ਵ੍ਹਾਈਟ ਹਾਊਸ ’ਤੇ ਹਾਲੇ ਲਾਲ ਸੂਹਾ ਪਰਚਮ ਲਹਿਰਾਉਣ ਦੀ ਤਜਵੀਜ਼ ਕਿਸੇ ਧਿਰ ਨੇ ਨਹੀਂ ਦਿੱਤੀ, ਨਾ ਹੀ ਟਰੰਪ ਹਾਲੇ ਜੇਲ੍ਹ ’ਚ ਤੁੰਨਿਆ ਹੈ ਪਰ ‘‘ਮਿੱਤਰੋ!’’ ਵਾਲੇ ਨੂੰ ਦੱਸ ਦਿਓ ਕਿ ‘‘ਅਬ ਕੀ ਬਾਰ ਇਨਕਲਾਬੀ ਸਰਕਾਰ’’ ਕਰ ਦਿੱਤੀ ਹੈ ਤੇ ਜੇ ਅਸਾਂ ਠੀਕ ਸਬਕ ਸਿੱਖੇ, ਡਟੇ ਰਹੇ, ਪਾਟੇ ਨਹੀਂ ਤਾਂ ਮੇਰਾ ਤੇਰਾ ਭਾਰਤ ਮਹਾਨ ਵੀ ਕਰ ਦਿਆਂਗੇ।

(ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਅਮਰੀਕੀ ਸਾਮਰਾਜਵਾਦ ਵਿੱਚੋਂ ਇਨਕਲਾਬ ਭਾਲਦਾ ਕਦੀ ਚੌਕ ਵਿੱਚ ‘‘ਜਿੱਥੇ ਲਹੂ ਲੋਕਾਂ ਦਾ ਡੁੱਲੂ, ਓਥੇ ਲਾਲ ਹਨ੍ਹੇਰੀ ਝੁੱਲੂ’’ ਉਚਰਦਾ ਨਹੀਂ ਵੇਖਿਆ ਗਿਆ।)

An iteration of this piece published in the Punjabi Tribune can be accessed here.

ਇਹ ਵੀ ਪੜ੍ਹੋ: ਕੰਪਿਊਟਰ ਹੈਕਿੰਗ ਰਾਹੀਂ ਤੁਸੀਂ ਵੀ ਸਾਬਤ ਹੋ ਸਕਦੇ ਹੋ ਦੇਸ਼ਦ੍ਰੋਹੀ; ਭੀਮਾ-ਕੋਰੇਗਾਓਂ ਕੇਸ ਨੇ ਦਰਸਾਇਆ

_______________________

ਵੇਖੋ ਵੀਡੀਓ :

ਐੱਸ ਪੀ ਸਿੰਘ

ਐੱਸ ਪੀ ਸਿੰਘ

Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.

Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.

— Team PT

Related Post

Add Your Heading Text Here

Copyright © Punjab Today  : All right Reserve 2016 - 2021 |