ਪੁੱਤ ⁠— ਭਰਤੀ ਤੋਂ ਸ਼ਹੀਦ ਹੋਣ ਤੱਕ

ਅਵਤਾਰ ਸਿੰਘ

ਅਵਤਾਰ ਸਿੰਘ

ਸਾਡੇ ਦੇਸ਼ ਵਿੱਚ ਜਦ ਕਿਸੇ ਦੇ ਘਰ ਪੁੱਤ ਜਨਮ ਲੈਂਦਾ ਹੈ ਤਾਂ ਉਹਨੂੰ ‘ਦਾਤ’ ਕਿਹਾ ਜਾਂਦਾ ਹੈ ਤੇ ਕਈ ਕਈ ਦਿਨ ਜਸ਼ਨ ਹੁੰਦੇ ਹਨ। ਵੱਡੇ ਘਰਾਂ ‘ਚ ਜਨਮ ਲੈਣ ਵਾਲ਼ੇ ਪੁੱਤ ਤਾਂ ਜੰਮਣ ਸਾਰ ਹੀ ‘ਕਾਕੇ’ ਬਣ ਜਾਂਦੇ ਹਨ ਤੇ ਉਨ੍ਹਾਂ ਦੇ ਜਨਮ ਦਾ ਇਕ ਜਨਮ-ਦਿਨ ਬਣ ਜਾਂਦਾ ਹੈ। ਅਜਿਹੇ ਕਾਕੇ ਲਾਇਸੰਸ ਦੀ ਉਮਰ ਤੱਕ ਪੁੱਜਣ ਤੋਂ ਪਹਿਲਾਂ ਹੀ ਵੱਡੀਆਂ ਵੱਡੀਆਂ ਗੱਡੀਆਂ ਵਿੱਚ ਵੱਡੇ ਵੱਡੇ ਸਪੀਕਰ ਰਖਵਾ ਕੇ ਸਿੱਧੂ ਮੂਸੇ ਵਾਲ਼ੇ ਦੇ ਸਾਲ਼ੇ ਬਣ ਜਾਂਦੇ ਹਨ।

ਪਰ ਦੋ ਦੋ ਕਿੱਲਿਆਂ ਵਾਲ਼ੇ ਜਾਂ ਬੇਜ਼ਮੀਨੇ ਲੋਕਾਂ ਦੇ ਪੁੱਤ ਜਨਮ ਲੈਂਦੇ ਹਨ, ਪਰ ਉਨ੍ਹਾਂ ਦੇ ਜਨਮ, ਜਨਮ-ਦਿਨ ਨਹੀਂ ਬਣਦੇ। ਉਹ ਵਿਚਾਰੇ ਸਾਇਕਲਾਂ ‘ਤੇ ਭੱਸੜ ਭਨਾ ਭਨਾ ਕੇ ਜਾਂ ਰੋਡਵੇਜ਼ ਦੀਆਂ ਬੱਸਾਂ ਵਿੱਚ ਧੱਕੇ ਖਾ ਕੇ ਮਸਾਂ ਦਸਵੀਂ, ਪਲੱਸ ਟੂ ਤੇ ਕਈ ਵਾਰ ਬੀ.ਏ. ਪਾਰਟ ਵੰਨ ਜਾਂ ਟੂ ਕਰ ਲੈਂਦੇ ਹਨ। ਕਦੀ ਕਦੀ ਕੋਈ ਟਾਵਾਂ ਟਾਵਾਂ ਬੀਏ ਵੀ ਕਰ ਲੈਂਦਾ ਹੈ।

ਪੁੱਤ recruitਜਦ ਅੱਗੇ ਤਪੇ ਹੋਏ ਦੋਜ਼ਖ਼ ਦੀ ਮਿਡਲ ਕਲਾਸ ਹਾਲ-ਪਾਹਰਿਆ ਸੁਣਾਈ ਦਿੰਦੀ ਹੈ ਤਾਂ ਅਜਿਹੇ ਨੌਜੁਆਨ ਚੁੱਪ-ਚਾਪ ਕਿਤੇ ਜਾ ਕੇ ਫੌਜ ਵਿੱਚ ਭਰਤੀ ਹੋ ਜਾਂਦੇ ਹਨ। ਕਿਸੇ ਨੂੰ ਖਾਹਮਖਾਹ ਮਰਨ ਦਾ ਚਾ ਵੀ ਨਹੀਂ ਹੁੰਦਾ ਤੇ ਲੂੰਬੜ ਲੀਡਰਾਂ ਦੇ ਜਾਲ੍ਹੀ ਦੇਸ਼-ਪਿਆਰ ਤੋਂ ਵੀ ਉਨ੍ਹਾਂ ਦਾ ਮਨ ਅੱਕਿਆ ਪਿਆ ਹੁੰਦਾ ਹੈ।

ਰਾਜਸੀ ਰੈਲੀਆਂ ਵਿੱਚ ਖ਼ੁਦਗ਼ਰਜ਼ ਲੀਡਰਾਂ ਦੇ ਦੇਸ਼-ਪਿਆਰ ਦੇ ਨਾਰ੍ਹੇ ਕਿਸੇ ਨੂੰ ਨਹੀਂ ਟੁੰਬਦੇ। ਜਿਨ੍ਹਾਂ ਦੀਆਂ ਮੁਰਦਾ ਬਾਹਾਂ ਅਜਿਹੇ ਨਿਰਜਿੰਦ ਨਾਰ੍ਹਿਆਂ ਸਮੇਂ ਹੀ ਉੱਠਣ ਲਈ ਬਣੀਆਂ ਹਨ, ਉਹ ਕਦੀ ਨਹੀਂ ਸਮਝ ਸਕਦੇ ਕਿ ਹੁਣ ਹਰੇਕ ਇਮਾਨਦਾਰ ਤੇ ਸੰਵੇਦਨਸ਼ੀਲ ਦੇਸ਼ ਵਾਸੀ ਬੇਗ਼ਾਨਗੀ ਦੇ ਆਲਮ ਵਿਚ ਜੀਂਦਾ ਹੈ।

ਪਰ ਮੈਂ ਸਮਝਦਾ ਹਾਂ ਕਿ ਜਦ ਕੋਈ ਜਿਵੇਂ ਕਿਵੇਂ ਭਰਤੀ ਹੋ ਹੀ ਜਾਂਦਾ ਹੈ ਤਾਂ ਫੌਜੀ ਵਾਤਾਵਰਣ ਵਿਚ ਰਹਿੰਦਿਆਂ ਤੇ ਫੌਜੀ ਟ੍ਰੇਨਿੰਗ ਕਰਦਿਆਂ ਦੇਸ਼-ਪ੍ਰੇਮ ਅਤੇ ਜੂਝ ਮਰਨ ਦਾ ਜਜ਼ਬਾ ਅੰਦਰ ਆ ਹੀ ਜਾਂਦਾ ਹੋਵੇਗਾ। ਇੱਥੋਂ ਤੱਕ ਕਿ ਭਰਤੀ ਹੋਣ ਵਾਲ਼ੇ ਫ਼ੌਜੀ ਦੇ ਪਿੱਛੇ ਵਸਦੇ ਪਰਿਵਾਰ ਤੱਕ ਵੀ ਇਹ ਜਜ਼ਬਾ ਅਸਰ ਅੰਦਾਜ਼ ਹੋ ਜਾਂਦਾ ਹੈ। ਉਹ ਲੋਕ ਬਾਕੀ ਲੋਕਾਂ ਨਾਲ਼ੋਂ ਕੁਝ ਵੱਖਰੀ ਤਰਾਂ ਸੋਚਣ ਲੱਗ ਪੈਂਦੇ ਹਨ।

ਪੁੱਤ armyਫ਼ੌਜੀ ਦਾ ਬ੍ਰੇਨ ਇਸਤਰਾਂ ਟ੍ਰੇਂਡ ਹੋ ਜਾਂਦਾ ਹੈ ਕਿ ਉਹਦੇ ਲਈ ਮਿੱਤਰ ਦਾ ਅਰਥ ਆਪਣਾ ਦੇਸ਼ ਤੇ ਦੁਸ਼ਮਣ ਦਾ ਅਰਥ ਗੁਆਂਡੀ ਦੇਸ਼ ਹੋ ਜਾਂਦਾ ਹੈ। ਕਿਸੇ ਫੌਜੀ ਦੀ ਪਤਨੀ ਤੇ ਬੱਚੇ ਆਪਣੇ ਆਪ ਨੂੰ ਦੇਸ਼ ਦੇ ਧੀ ਪੁੱਤ ਸਮਝਣ ਲੱਗ ਪੈਂਦੇ ਹਨ। ਸੱਚਮੁੱਚ ਉਹ ਦੇਸ਼ ਦੇ ਅਸਲ ਧੀ ਪੁੱਤ ਸਦਾਉਣ ਦੇ ਹੱਕਦਾਰ ਵੀ ਹੁੰਦੇ ਹਨ।

ਜਦ ਕਿਤੇ ਦੇਸ਼ ਦੀਆਂ ਸਰਹੱਦਾਂ ‘ਤੇ ਕਸ਼ਮਕਸ਼ ਹੁੰਦੀ ਹੈ ਜਾਂ ਤਣਾਅ ਵੱਧਦਾ ਹੈ ਤਾਂ ਦੇਸ਼ ਦੇ ਅੰਦਰ ਫੌਜੀਆਂ ਦੀਆਂ ਮਾਂਵਾਂ, ਭੈਣਾਂ ਤੇ ਪਤਨੀਆਂ ਦੇ ਦਿਲ ਗੋਤੇ ਖਾਣ ਲੱਗ ਜਾਂਦੇ ਹਨ, ਬੱਚੇ ਡੌਰ ਭੌਰ ਹੋ ਜਾਂਦੇ ਹਨ ਤੇ ਬਾਪ, ਦਾਦੇ ਤੇ ਚਾਚੇ ਤਾਏ ਗਹਿਰੀਆਂ ਸੋਚਾਂ ਵਿੱਚ ਉੱਤਰ ਜਾਂਦੇ ਹਨ।

ਉਨ੍ਹਾਂ ਨੂੰ ਆਪਣੀਆਂ ਨੂੰਹਾਂ ਦੀ ਉਮਰ ਤੇ ਪੋਤੇ ਪੋਤੀਆਂ ਦਾ ਭਵਿੱਖ ਵੱਢ ਵੱਢ ਖਾਣ ਲੱਗ ਜਾਂਦਾ ਹੈ। ਸਰਹੱਦਾਂ ਦੇ ਤਣਾ ਦੀ ਖ਼ਬਰ ਸੁਣਦੇ ਸਾਰ ਫੌਜੀਆਂ ਦੇ ਬਜ਼ੁਰਗ ਮਾਪੇ, ਵਿਰਕ ਵਾਲ਼ੇ ‘ਧਰਤੀ ਹੇਠਲੇ ਬਲ਼ਦ’ ਦੀ ਜੂਨ ‘ਚ ਪੈ ਜਾਂਦੇ ਹਨ।

ਦਸਵੀਂ ਪਾਸ ਕਰਨ ਉਪਰੰਤ ਕਿਤੇ ਨੌਕਰੀ ਦੀ ਗੱਲ ਨਾ ਬਣਨ ਕਰਕੇ, ਮੇਰੀ ਭੂਆ ਦਾ ਪੁੱਤ ਜਦ ਫੌਜ ਵਿੱਚ ਭਰਤੀ ਹੋ ਗਿਆ ਸੀ ਤਾਂ ਪਤਾ ਲੱਗਣ ‘ਤੇ ਮੇਰੀ ਮਾਂ ਦੀਆਂ ਅੱਖਾਂ ‘ਚ ਉੱਤਰੇ ਅੱਥਰੂ ਦੇਖ ਕੇ ਮੇਰੀਆਂ ਭੈਣਾਂ ਵੀ ਰੋ ਪਈਆਂ ਸਨ। ਰੇਡੀਓ ‘ਤੇ ਕਹੱਤਰ ਦੀ ਜੰਗ ਦੀਆਂ ਖਬਰਾਂ ਸੁਣ ਸੁਣ ਕੇ ਸਾਡਾ ਸਾਹ ਸੂਤਿਆ ਰਹਿੰਦਾ ਸੀ। ਪਰ ਜਦ ਉਹ ਜੰਗ ਜਿੱਤ ਕੇ ਸਾਨੂੰ ਮਿਲਣ ਆਇਆ ਸੀ ਤਾਂ ਅਸੀਂ ਸਾਰੇ ਏਨੇ ਖੁਸ਼ ਹੋਏ ਸਾਂ ਜਿਵੇਂ ਸਾਡੇ ਘਰ ਰੱਬ ਉਤਰ ਆਇਆ ਹੋਵੇ। ਉਹ ਦਿਨ ਸਾਡੀ ਜ਼ਿੰਦਗੀ ਦਾ ਅਲੋਕਾਰਾ ਦਿਨ ਸੀ।

 ਪੁੱਤ last ritesਅਮਨ ਕੀ ਸ਼ੈ ਹੈ ਤੇ ਅਮਨ ਦੀ ਕੀਮਤ ਕਿਆ ਹੈ, ਇਹ ਸਿਰਫ ਫੌਜੀਆਂ ਦੇ ਪਰਿਵਾਰਾਂ ਨੂੰ ਪਤਾ ਹੁੰਦਾ ਹੈ। ਐਕਚੂਅਲ ਜੰਗ ਸਰਹੱਦਾਂ ਤੇ ਹੁੰਦੀ ਹੈ ਤੇ ਵਰਚੂਅਲ ਜੰਗ ਫੌਜੀਆਂ ਦੇ ਪਰਿਵਾਰਾਂ ਦੇ ਦਿਲਾਂ ਵਿੱਚ ਹੁੰਦੀ ਹੈ।

ਜੰਗ ਦੇ ਦਿਨਾਂ ‘ਚ ਫੌਜੀਆਂ ਦੀਆਂ ਪਤਨੀਆਂ ਤੇ ਮਾਂਵਾਂ ਦੀ ਅੱਧੀ ਅੱਧੀ ਦਿਹਾੜੀ ਗੁਰੂਆਂ ਤੇ ਪੀਰਾਂ ਫਕੀਰਾਂ ਦੀਆਂ ਫੋਟੋਆਂ ਅੱਗੇ ਖੜ੍ਹਿਆਂ ਬਤੀਤ ਹੁੰਦੀ ਹੈ।

ਜਿਵੇਂ ਮਾਂ ਹੋਣ ਤੇ ਫ਼ੌਜੀ ਦੀ ਮਾਂ ਹੋਣ ‘ਚ ਬੜਾ ਅੰਤਰ ਹੈ, ਇਵੇੱ ਪਤਨੀ ਹੋਣ ‘ਤੇ ਫ਼ੌਜੀ ਦੀ ਪਤਨੀ ਹੋਣ ਵਿੱਚ ਵੀ ਬਹੁਤ ਫਰਕ ਹੈ। ਇਸੇ ਤਰਾਂ ਫ਼ੌਜੀ ਦੇ ਬੱਚੇ, ਬਾਪ ਤੇ ਭੈਣ ਭਾਈ ਹੋਣਾ ਵੀ ਸਧਾਰਣ ਗੱਲ ਨਹੀਂ ਹੈ।

ਅਹਿਮਦ ਨਦੀਮ ਕਾਸਮੀ ਦਾ ਇਕ ਪਾਤਰ ‘ਹੀਰੋ ਸ਼ੀਮਾ ਤੋਂ ਪਹਿਲਾਂ ਹੀਰੋ ਸ਼ੀਮਾ ਤੋਂ ਪਿੱਛੋਂ’ ਵਾਲ਼ੀ ਕਹਾਣੀ ਵਿੱਚ ਜੰਗ ਦੀ ਹਿਰਦੇ ਵੇਧਕ ਗੱਲ ਦੱਸਦਾ ਹੈ ਕਿ “ਮੈਂ ਇਕ ਦਿਨ ਇਕ ਲਾਸ਼ ਦੇਖੀ। ਜਰਮਨ ਸਿਪਾਹੀ ਸੀ, ਜੋ ਏਨਾ ਸੋਹਣਾ ਸੀ ਕਿ ਮੂਰਤ ਛਾਪ ਲੈਣ ਨੂੰ ਦਿਲ ਕਰਦਾ ਸੀ।

ਮੈਂ ਉਹਦੀਆਂ ਜੇਬਾਂ ਫੋਲੀਆਂ ਤਾਂ ਵਿੱਚੋਂ ਇਕ ਸੁਨਹਿਰੀ ਵਾਲ਼ਾਂ ਦੀ ਲਿਟ ਨਿਕਲ਼ੀ ਤੇ ਕਿਸੇ ਫੁੱਲ ਦੀਆਂ ਕੁਝ ਸੁੱਕੀਆਂ ਪੱਤੀਆਂ — ਨਾਲ਼ੇ ਇਕ ਮੁਚੀ ਹੋਈ ਤਸਵੀਰ, ਇਕ ਕੁੜੀ ਦੀ। ਕੁੜੀ ਦੀਆਂ ਅੱਖਾਂ ਏਨੀਆਂ ਗੰਭੀਰ ਸਨ, ਸ਼ਮਸ਼ੇਰ, ਕਸਮ ਕੁਰਾਨ ਦੀ, ਸਾਰਾ ਜਹਾਨ ਡੁੱਬ ਕੇ ਮਰ ਜਾਏ। ਉਹਦੀਆਂ ਅੱਖਾਂ ਜਿਵੇਂ ਪੁੱਛ ਰਹੀਆਂ ਸਨ — ਕੀ ਸੱਚਮੁਚ ਤੂੰ ਵਾਪਸ ਨਹੀਂ ਆਵੇਂਗਾ?

ਇਹ ਨੌਜਵਾਨ ਵੀ ਤਾਂ ਦੁਨੀਆਂ ਨੂੰ ਬਹੁਤ ਵੱਡੀ ਖ਼ਬਰ ਸੁਨਾਣ ਲਈ ਮਰਿਆ ਸੀ ਤੇ ਪਤਾ ਈ ਮੈਨੂੰ ਇਨ੍ਹਾਂ ਸਾਰੇ ਕਤਲਾਂ ਬਦਲੇ ਸੱਤ ਰੁਪਈਏ ਪੈਨਸ਼ਨ ਮਿਲੀ — ਇਹ ਸੱਤ ਠੀਕਰੀਆਂ — ਇਹ ਸੱਤ ਲਾਹਣਤਾਂ।

ਪੁੱਤ sikh soldierਅੱਜ ਸਾਡੇ ਦੇਸ਼ ਦੇ ਵੀਹ ਪੁੱਤਰ ਸਰਹੱਦ ‘ਤੇ ਮਾਰੇ ਗਏ ਹਨ, ਜਿਨ੍ਹਾਂ ਵਿੱਚੋਂ ਚਾਰ ਪੰਜਾਬ ਦੇ ਹਨ। ਅਖਬਾਰ ਦੱਸਦੇ ਹਨ ਕਿ ਉਹ ਗਰੀਬ ਪਰਿਵਾਰਾਂ ਨਾਲ਼ ਸਬੰਧਤ ਸਨ ਤੇ ਜ਼ਾਹਿਰ ਹੈ ਕਿ ਅੰਤਾਂ ਦੀ ਮਜਬੂਰੀ ਵਿੱਚ ਭਰਤੀ ਹੋਏ ਹੋਣਗੇ। ਇਹ ਵੱਖਰੀ ਗੱਲ ਹੈ ਕਿ ਉਹ ਜੰਗ ਵਿੱਚ ਨਿਰਭੈ ਯੋਧਿਆਂ ਦੀ ਤਰਾਂ ਲੜੇ ਹੋਣਗੇ।

ਪਰ ਮਰਨ ਸਮੇਂ ਉਨ੍ਹਾਂ ਨੂੰ ਵੀ ਆਪਣੇ ਮਾਂ ਬਾਪ, ਭੈਣ ਭਾਈ, ਬੱਚੇ ਤੇ ਆਪਣੀ ਮੁਹੱਬਤ, ਆਪਣੀ ਜਾਨ, ਆਪਣੀ ਮੰਗੇਤਰ ਜਾਂ ਆਪਣੀ ਪਤਨੀ ਦੀ ਯਾਦ ਆਈ ਹੋਵੇਗੀ। ਉਨ੍ਹਾਂ ਦੀ ਮੁੱਠੀ ਵਿੱਚੋਂ ਵੀ ਇਕ ਪਲ ਵਿੱਚ ਸਾਰਾ ਜਹਾਨ ਕਿਰ ਗਿਆ ਹੋਵੇਗਾ, ਦਿਲ ਦੀਆਂ ਸਧਰਾਂ, ਜ਼ਿੰਦਗੀ ਦੇ ਅਰਮਾਨ, ਮੁਹੱਬਤਾਂ ਦੇ ਸਪਨੇ ਤੇ ਨੈਣਾ ਦੇ ਨਕਸ਼ ਚਕਨਾਚੂਰ ਹੋ ਗਏ ਹੋਣਗੇ।

ਹੁਣ ਉਨ੍ਹਾਂ ਦਾ ਸੰਸਕਾਰ ਹੋਵੇਗਾ। ਤੋਪਾਂ ਦੀ ਸਲਾਮੀ ਦਿੱਤੀ ਜਾਵੇਗੀ ਤੇ ਜੀ ਭਰਕੇ ਰਾਸ਼ਟਰੀ ਸਨਮਾਨ ਦਿੱਤਾ ਜਾਵੇਗਾ। ਕਹਿੰਦੇ ਹਨ ਸਰਕਾਰ ਨੇ ਐਲਾਨ ਕਰ ਦਿੱਤਾ ਹੈ ਕਿ ਉਨ੍ਹਾਂ ਦੇ ਪਰਿਵਾਰ ਦੇ ਇਕ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ — ਚੰਗੀ ਗੱਲ ਹੈ।

sikh armyਕੀ ਸਰਕਾਰ ਸਿਰਫ ਕਿਸੇ ਇਕ ਜੀ ਨੂੰ ਚੰਦ ਛਿੱਲੜਾਂ ਦੀ ਨੌਕਰੀ ਦੇ ਕੇ ਸੁਰਖ਼ਰੂ ਹੋ ਜਾਵੇਗੀ। ਇਹਦੇ ਨਾਲ਼ੋਂ ਤਾਂ ਅੰਗਰੇਜ਼ ਚੰਗੇ ਸਨ, ਜੋ ਜੰਗ ਵਿੱਚ ਲੜ ਮਰਨ ਵਾਲ਼ਿਆਂ ਨੂੰ ਮੁਰੱਬਿਆਂ ਨਾਲ਼ ਮਾਲਾਮਾਲ ਕਰ ਦਿੰਦੇ ਸਨ। ਆਪਣਾ ਬਲੀਦਾਨ ਦੇ ਕੇ, ਜਿਹੜਾ ਮਾਣ ਸਨਮਾਨ ਇਨ੍ਹਾਂ ਫ਼ੌਜੀ ਪੁੱਤਰਾਂ ਨੇ ਆਪਣੇ ਮੁਲਕ ਦੀ ਝੋਲ਼ੀ ਪਾਇਆ ਹੈ, ਉਹਦਾ ਮੁੱਲ ਬਸ ਏਨਾ ਹੀ?

ਇਨ੍ਹਾਂ ਚਾਰ ਯੋਧਿਆਂ ਨੇ ਹਿੰਦੁਸਤਾਨ ਦਾ ਮਾਣ ਰੱਖਿਆ ਹੈ, ਪੰਜਾਬ ਲਈ ਫਖਰ ਕਮਾਇਆ ਹੈ ਤੇ ਸਮਾਜ ਦਾ ਸਿਰ ਉੱਚਾ ਚੁੱਕਿਆ ਹੈ।

ਇਸ ਲਈ ਸਾਡੇ ਸਮਾਜ ਤੇ ਪੰਜਾਬ ਦਾ ਫ਼ਰਜ਼ ਬਣਦਾ ਹੈ ਕਿ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਜਜ਼ਬਾਤੀ ਨਾਰ੍ਹਿਆਂ ਤੇ ਨਖਿੱਧ ਚਾਕਰੀ ਦੀ ਬਜਾਏ, ਕੰਮ ਸੇ ਕੰਮ, ਦਸ ਦਸ ਏਕੜ ਜ਼ਮੀਨ ਅਲਾਟ ਕਰ ਦਿੱਤੀ ਜਾਵੇ ਤਾਂ ਜੋ ਦੇਸ਼ ਦੇ ਨੌਜੁਆਨ ਆਪਣੇ ਮੁਲਕ ਨਾਲ ਜਜ਼ਬਾਤੀ ਸਾਂਝ ਪਾ ਸਕਣ ਤੇ ਲੋੜ ਪੈਣ ‘ਤੇ ਜਾਨ ਕੁਰਬਾਨ ਕਰਨ ਲਈ ਤਿਆਰ ਰਹਿ ਸਕਣ।

ਕਹਿੰਦੇ ਹਨ ਪੈਂਹਟ ਤੇ ਕਹੱਤਰ ਦੀ ਜੰਗ ਵਿੱਚ ਸਾਡੀ ਸਰਕਾਰ ਨੇ ਜੂਝ ਮਰਨ ਵਾਲ਼ੇ ਫੌਜੀਆਂ ਦੇ ਪਰਿਵਾਰਾਂ ਨੂੰ ਜ਼ਮੀਨਾਂ ਦੇਣ ਦੇ ਐਲਾਨ ਕੀਤੇ ਸਨ। ਪਰ ਬਾਦ ਵਿੱਚ ਉਹ ਐਲਾਨ ਉਹ ਵਾਅਦੇ ਵਫਾ ਨਾ ਹੋ ਸਕੇ। ਹੁਣ ਉਹ ਪਾਪ ਨੁਮਾ ਗਲਤੀ ਸੁਧਾਰਨ ਦਾ ਅਵਸਰ ਹੈ। ਸਰਕਾਰ ਨੂੰ ਹੰਭਲ਼ਾ ਮਾਰਨਾ ਚਾਹੀਦਾ ਹੈ।

ਪੰਜਾਬ ਵਿੱਚ ਕਨੂੰਨੀ ਤੌਰ ‘ਤੇ ਅਠਾਰਾਂ ਏਕੜ ਜ਼ਮੀਨ ਹੀ ਰੱਖੀ ਜਾ ਸਕਦੀ ਹੈ। ਜਿਨ੍ਹਾਂ ਕੋਲ਼ ਵੀ ਗ਼ੈਰਕਨੂੰਨੀ ਤੇ ਬੇਨਾਮੀ ਵਾਧੂ ਜ਼ਮੀਨ ਹੈ, ਉਨ੍ਹਾਂ ਨੂੰ ਖ਼ੁਦ-ਬਖ਼ੁਦ ਅੱਗੇ ਆਉਣਾ ਚਾਹੀਦਾ ਹੈ ਜਾਂ ਸਰਕਾਰ ਨੂੰ ਇਹ ਮੁਹਿੰਮ ਜਾਰੀ ਕਰਨੀ ਚਾਹੀਦੀ ਹੈ। ਦੇਸ਼-ਪ੍ਰੇਮ ਵਿਚ ਜੂਝ ਮਰਨ ਦਾ ਫੌਜੀ ਜਜ਼ਬਾ ਇਸੇਤਰਾਂ ਕਾਇਮ ਰਹਿ ਸਕਦਾ ਹੈ। ਨਹੀਂ ਤਾਂ ਗਲ਼ੀ ਗਲ਼ੀ ਵਿੱਚ ਮਗਰਮੱਛਾਂ ਵਰਗੇ ਮੂੰਹ ਅੱਡੀ ਖੜ੍ਹੇ ਆਇਅਲਟਸ ਸੈਂਟਰ ਸਾਡੇ ਨੌਜੁਆਨ ਮੁੰਡੇ ਕੁੜੀਆਂ ਨੂੰ ਐਵੇਂ ਹੀ ਹੜੱਪ ਜਾਣਗੇ।

ਅਵਤਾਰ ਸਿੰਘ

ਅਵਤਾਰ ਸਿੰਘ

avtar61@gmail.com

Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.

Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.

— Team PT

Related Post

Add Your Heading Text Here

Copyright © Punjab Today  : All right Reserve 2016 - 2024 |