ਅਰਧ-ਸੱਤਯ ਤੇ ਅਰਧ-ਵਾਕ

ਅਵਤਾਰ ਸਿੰਘ

ਅਵਤਾਰ ਸਿੰਘ

ਸਾਡੇ ਗਿਆਨ ਵਿਹੂਣੇ ਅਰਧ-ਸੱਤਯ ਨੂੰ ਨਜਿੱਠਣ ਲਈ ਚਾਣਕਯ ਦਾ ਅਰਧ-ਵਾਕ ਹੀ ਕਾਫੀ ਹੈ।

ਇਕ ਦਿਨ ਸਾਡੇ ਮੁਲਕ ਦੀ ਸ਼ਰੋਮਣੀ ਯੂਨੀਵਰਸਿਟੀ ਵਿੱਚੋਂ ਪੀਐੱਚ ਡੀ ਪਾਸ ਵਿਦਵਾਨ ਨੇ ਮੈਨੂੰ ਵੱਟਸਅੱਪ ‘ਤੇ ਇਕ ਧੁਨੀ ਸੰਦੇਸ਼ ਭੇਜਿਆ ਕਿ ਗੁਰੂ ਨਾਨਕ ਨੇ ਆਪਣੀ ਉਮਰ ਦੇ ਆਖਰੀ ਪੜਾਅ ਵਿੱਚ ਕਰਤਾਰਪੁਰ ਵਿਖੇ ਖੇਤੀ ਕਰਕੇ ਸਾਨੂੰ ਖੇਤੀ ਦਾ ਸੰਦੇਸ਼ ਦਿੱਤਾ। ਉਹ ਇਵੇਂ ਹਿੱਕ ਠੋਕ ਠੋਕ ਕੇ ਬੋਲ ਰਿਹਾ ਸੀ, ਜਿਵੇਂ ਉਹ ਪਲੈਟੋ ਦਾ ਪੁੱਤ ਹੋਵੇ।

ਮੈਂ ਉਹਨੂੰ ਮੋੜਵਾਂ ਜਵਾਬ ਦਿੱਤਾ ਕਿ ਗੁਰੂ ਨਾਨਕ ਨੇ ਮੱਝਾਂ ਵੀ ਚਾਰੀਆਂ, ਸੱਚਾ ਸੌਦਾ ਵੀ ਕੀਤਾ, ਪੜ੍ਹਾਈ ਵੀ ਕੀਤੀ, ਦੁਕਾਨ ਵੀ ਕੀਤੀ, ਗ੍ਰਹਿਸਤ ਵੀ ਕੀਤੀ, ਯਾਤਰਾਵਾਂ ਕੀਤੀਆਂ, ਬਾਣੀ ਉਚਾਰੀ ਤੇ ਖੇਤੀ ਵੀ ਕੀਤੀ। ਪਰ ਉਨ੍ਹਾਂ ਨੂੰ ਖੇਤੀ ਤੱਕ ਮਹਿਦੂਦ ਕਰਕੇ ਦੇਖਣਾ ਵੱਡਾ ਅਨਿਆਂ ਹੈ।

ਇਹ ਸੁਣ ਕੇ ਉਹ ਸੱਜਣ ਕਾਫੀ ਲੋਹੇ-ਲਾਖੇ ਹੋ ਗਏ ਤੇ ਮੇਰੀ ਝਾੜ-ਝੰਬ ਕਰਨ ਡਹਿ ਪਏ। ਮੈਂ ਉਨ੍ਹਾਂ ਦੇ ਸਤਿਕਾਰ ਵਿੱਚ ਸਾਰੀ ਝਾੜ-ਝੰਬ ਹੱਸ ਕੇ ਸਹਿ ਲਈ, ਪਰ ਮੇਰਾ ਮਨ ਬਿਲਕੁਲ ਨਾ ਮੰਨਿਆਂ।

ਫਿਰ ਮੈਂ ਨਵੇਂ ਸ਼ਹਿਰ ਕਿਸੇ ਸਮਾਗਮ ਵਿੱਚ ਚਲਾ ਗਿਆ, ਜਿੱਥੇ ਇਕ ਭੱਦਰਪੁਰਸ਼ ਮੇਰੇ ਕੋਲ਼ ਆ ਕੇ ਬੈਠ ਗਿਆ ਤੇ ਵਖਿਆਨ ਜਾਰੀ ਕਰ ਦਿੱਤਾ ਕਿ ਗੁਰੂ ਨਾਨਕ ਨੇ ਖੇਤੀ ਕੀਤੀ ਤੇ ਸਾਨੂੰ ਖੇਤੀ ਦਾ ਸੰਦੇਸ਼ ਦਿੱਤਾ। ਜੇ ਅੰਦੋਲਨ ਕਾਮਯਾਬ ਨਾ ਹੋਇਆ ਤਾਂ ਬਾਬੇ ਨਾਨਕ ਦਾ ਸੰਦੇਸ਼ ਵੀ ਫੇਲ ਹੋਕੇ ਰੁਲ਼ ਜਾਵੇਗਾ।

ਉਹ ਸੱਜਣ ਉੱਸਲ਼ਵੱਟੇ ਲੈ ਲੈ ਇਵੇਂ ਬੋਲ ਰਿਹਾ ਸੀ, ਜਿਵੇਂ ਉਹਨੂੰ ਪਲੈਟੋ ਹੋਣ ਵਾਲ਼ਾ ਹੋਵੇ।

____________________________

punjab today

ਗੁਰੂ ਨਾਨਕ ਨੇ ਮੱਝਾਂ ਵੀ ਚਾਰੀਆਂ, ਸੱਚਾ ਸੌਦਾ ਵੀ ਕੀਤਾ, ਪੜ੍ਹਾਈ ਵੀ ਕੀਤੀ, ਦੁਕਾਨ ਵੀ ਕੀਤੀ, ਗ੍ਰਹਿਸਤ ਵੀ ਕੀਤੀ, ਯਾਤਰਾਵਾਂ ਕੀਤੀਆਂ, ਬਾਣੀ ਉਚਾਰੀ ਤੇ ਖੇਤੀ ਵੀ ਕੀਤੀ। ਪਰ ਉਨ੍ਹਾਂ ਨੂੰ ਖੇਤੀ ਤੱਕ ਮਹਿਦੂਦ ਕਰਕੇ ਦੇਖਣਾ ਵੱਡਾ ਅਨਿਆਂ ਹੈ।

____________________________

ਅਰਧ

ਉਹਨੇ ਆਪਣੀ ਗੱਲਬਾਤ ਦੌਰਾਨ ਵਾਰ ਵਾਰ ਅੰਨਦਾਤਾ ਲਫ਼ਜ਼ ਦਾ ਪ੍ਰਯੋਗ ਕੀਤਾ ਤੇ ਕਿਸਾਨ ਹੋਣ ਦੇ ਏਨੇ ਸੋਹਿਲੇ ਗਾਏ ਕਿ ਭੁੱਲ ਹੀ ਗਿਆ ਕਿ ਉਹ ਕਿੱਥੇ ਅਤੇ ਕਿਹਦੇ ਕੋਲ਼ ਬੈਠਾ ਹੈ।

ਫਿਰ ਉਹ ਕਿਸਾਨੀ ਸੋਹਲੇ ਮੁਕਾ ਕੇ ਕਾਰਪੋਰੇਟ ‘ਤੇ ਵਰ੍ਹਨ ਲੱਗ ਪਿਆ ਕਿ ਇਨ੍ਹਾਂ ਨੇ ਸਾਡੀਆਂ ਜਾਇਦਾਦਾਂ ਹੜੱਪ ਜਾਣੀਆਂ ਹਨ ਤੇ ਸਾਨੂੰ ਮਜ਼ਦੂਰ ਬਣਾ ਦੇਣਾ ਹੈ।

ਮਜ਼ਦੂਰ ਕਹਿ ਕਹਿ ਕੇ ਉਹ ਜੋਸ਼ ਵਿੱਚ ਆ ਰਿਹਾ ਸੀ ਤੇ ਨਾਲ਼ ਆਪਣੇ ਪੈਰਾਂ ਨੂੰ ਜ਼ਮੀਨ ‘ਤੇ ਥਪਥਪਾ ਕੇ ਤਾਲ ਦੇ ਰਿਹਾ ਸੀ। ਉਹ ਮੇਰੇ ਵੱਲ੍ਹ ਇਸਤਰਾਂ ਦੇਖ ਰਿਹਾ ਸੀ ਜਿਵੇਂ ਮੈਂ ਉਹਦਾ ਵਖਿਆਨ ਸੁਣਕੇ ਅਵਾਕ ਹੋ ਰਿਹਾ ਹੋਵਾਂ।

ਇਹ ਵੀ ਪੜ੍ਹੋ : ਹਿਤ ਅਤੇ ਹੱਕ ਵਿਚਲਾ ਫ਼ਰਕ

ਮੈਂ ਉਹਨੂੰ ਸੁਣਨ ਨਾਲ਼ੋਂ ਵੱਧ ਦੇਖ ਰਿਹਾ ਸਾਂ ਤੇ ਮੇਰਾ ਧਿਆਨ ਉਹਦੇ ਪੈਰਾਂ ਵੱਲ੍ਹ ਚਲਿਆ ਗਿਆ। ਉਹਨੇ ਬਾਟਾ ਦੇ ਬੜੇ ਹੀ ਨਵੇਂ ਨਕੋਰ ਅਤੇ ਲਿਸ਼ਕਵੇਂ ਬੂਟ ਪਾਏ ਹੋਏ ਸਨ ਤੇ ਉਹ ਸੁਤੇਸਿੱਧ ਮੇਰਾ ਧਿਆਨ ਇੱਧਰ ਹੀ ਖਿੱਚਣਾ ਚਾਹੁੰਦਾ ਸੀ ਕਿ ਮੈਂ ਉਹਦੇ ਬੂਟ ਦੇਖਾਂ ਤੇ ਪੁੱਛਾਂ ਕਿ ਉਹਨੇ ਇਹ ਕਿੱਥੋਂ ਅਤੇ ਕਿੰਨੇ ਦੇ ਲਏ ਅਤੇ ਉਹਨੂੰ ਕਿੰਨੇ ਦੇ ਪਏ ਹਨ।

ਉਹਦੀਆਂ ਦੁੱਧ ਚਿੱਟੀਆਂ ਜੁਰਾਬਾਂ, ਹਲਕੇ ਗੁਲਾਬੀ ਰੰਗ ਦੀ ਕਮੀਜ਼, ਚਮੜੇ ਦੀ ਬੈਲਟ, ਕੰਮ ਸੇ ਕੰਮ ਰੇਮੰਡ ਦਾ ਕੋਟ ਪੈਂਟ, ਕਿਸੇ ਬਾਹਰਲੇ ਰਿਸ਼ਤੇਦਾਰ ਵੱਲੋਂ ਮਿਲ਼ੀ ਹੋਈ ਸੀਕੋ ਦੀ ਆਟੋਮੈਟਿਕ ਘੜੀ, ਹੱਥ ਵਿੱਚ ਫੜੇ ਦੋ ਆਈਫੋਨ ਤੇ ਫਾਰਚੂਨਰ ਦੀ ਚਾਬੀ, ਸਿਰ ‘ਤੇ ਬੱਝੀ ਗੁਲਾਬੀ ਪੱਗ, ਉੱਤੇ ਬੱਧੀ ਕੋਰੋਨਾ ਮਾਸਕ ਤੇ ਮੂੰਹ ‘ਚੋਂ ਨਿਕਲ਼ਦੇ ਸ਼ਬਦ, ਜਿਵੇਂ ਕਿਸੇ ਖੁੱਡ ਵਿੱਚੋਂ ਅਬਲ਼ ਖਬਲ਼ ਕੀੜੇ ਨਿਕਲ਼ਦੇ ਹੋਣ।

ਮੈਂ ਉਹਦੀ ਮਾਸਕ ਤੋਂ ਤਿਲਕ ਕੇ ਹੇਠਾਂ ਵੱਲ ਚਲਿਆ ਗਿਆ ਤੇ ਸਭ ਤੋਂ ਹੇਠਾਂ ਉਹਦੇ ਬੂਟ ਦੇਖ ਕੇ ਪੁੱਛਿਆ ਕਿ ਇਹ ਬੂਟ ਕਿਹੜੇ ਮੋਚੀ ਤੋਂ ਬਣਵਾਏ?

ਉਹ ਇਕ ਦੰਮ ਭਮੰਤਰ ਗਿਆ ਤੇ ਕਹਿਣ ਲੱਗਾ, “ਨਹੀਂ ਨਹੀਂ, ਇਹ ਤਾਂ ਹਾਲੇ ਚਾਰ ਦਿਨ ਪਹਿਲਾਂ ਜਲੰਧਰੋਂ ਬਾਟਾ ਦੇ ਸ਼ੋ-ਰੂਮ ਤੋਂ ਖਰੀਦੇ”।

ਇਹ ਵੀ ਪੜ੍ਹੋ : ਅਜੋਕੇ ਖੇਤੀ ਸੰਕਟ ਦਾ ਹੱਲ ਕੀ ਹੋ ਸਕਦਾ ਹੈ?

ਉਹਨੂੰ ਮੋਚੀ ਵਾਲ਼ੇ ਮੇਰੇ ਸਵਾਲ ਤੋਂ ਕੁਝ ਵੀ ਯਾਦ ਨਾ ਆਇਆ ਤੇ ਨਾ ਕੁਝ ਸਮਝ ਲੱਗੀ। ਮੈਂ ਹੈਰਾਨ ਹੋਇਆ ਕਿ ਉਹ ਬੇਸ਼ੱਕ ਬਹੁਤਾ ਪੜ੍ਹਿਆ ਲਿਖਿਆ ਨਹੀਂ ਸੀ, ਪਰ ਏਨਾ ਵੀ ਅਣਜਾਣ ਨਹੀਂ ਸੀ ਕਿ ਮੋਚੀ ਵਾਲੇ ਮੇਰੇ ਸਵਾਲ ਦਾ ਮਰਮ ਨਾ ਜਾਣ ਸਕਦਾ ਹੋਵੇ। ਕਹਿਣ ਲੱਗਾ, “ਮੋਚੀ ਦਾ ਯੁੱਗ ਤਾਂ ਕਦੋਂ ਦਾ ਖਤਮ ਹੋ ਚੁੱਕਾ”।

ਮੈਂ ਉਹਦਾ ਇਹ ਵਾਕ ਸੁਣ ਕੇ ਇਕ ਹਉਂਕਾ ਲਿਆ ਤੇ ਮੈਨੂੰ ਕਿੰਨੇ ਹੀ ਉਹ ਲੋਕ ਚੇਤੇ ਆਏ ਜਿੰਨ੍ਹਾਂ ਦੇ ਯੁੱਗ ਕਦੋਂ ਦੇ ਖ਼ਤਮ ਹੋ ਚੁੱਕੇ ਹਨ। ਇਸ ਭਲੇਮਾਣਸ ਨੇ ਮੇਰੇ ਹਉਂਕੇ ਵੱਲ੍ਹ ਰੱਤੀ ਭਰ ਵੀ ਧਿਆਨ ਨਾ ਦਿੱਤਾ।

ਮੇਰੇ ਜ਼ਿਹਨ ਵਿੱਚ ਸੰਤੋਖ ਸਿੰਘ ਧੀਰ ਦੀ ਕਹਾਣੀ ‘ਕੋਈ ਇੱਕ ਸਵਾਰ’, ਪ੍ਰਿੰਸੀਪਲ ਸੁਜਾਨ ਸਿੰਘ ਦੀ ‘ਬਾਗ਼ਾਂ ਦਾ ਰਾਖਾ’ ਅਤੇ ਪ੍ਰਿੰਸੀਪਲ ਤੇਜਾ ਸਿੰਘ ਦਾ ਨਿਬੰਧ ‘ਗੰਗਾਦੀਨ’ ਚੇਤੇ ਆਇਆ। ਇਹਦੇ ਨਾਲ ‘ਨਯਾ ਦੌਰ’, ‘ਆਕਰੋਸ਼’ ਤੇ ‘ਅਰਧ ਸੱਤਯ’ ਫਿਲਮਾਂ ਵੀ ਚੇਤੇ ਆਈਆਂ।

ਮੈਨੂੰ ਚੇਤੇ ਆਇਆ ਕਿ ਕਾਲਜ ਦੇ ਦਿਨਾਂ ਵਿੱਚ ਸਾਡੇ ਕਾਮਰੇਡ ਲੀਡਰ ਟਾਟੇ ਬਾਟੇ ਤੇ ਬਿਰਲੇ ਦਾ ਨਾਂ ਇਵੇਂ ਹੀ ਲੈਂਦੇ ਸਨ ਜਿਵੇਂ ਅੱਜਕਲ ਅਡਾਨੀ ਅੰਬਾਨੀ ਦਾ ਨਾਂ ਲਿਆ ਜਾਂਦਾ ਹੈ। ਉਦੋਂ ਮੈਨੂੰ ਬਹੁਤੀ ਸਮਝ ਨਹੀਂ ਸੀ ਪੈਂਦੀ ਕਿ ਭਲਾ ਇਨ੍ਹਾਂ ਨੇ ਸਾਡਾ ਕੀ ਵਿਗਾੜਿਆ ਹੈ।

ਹੁਣ ਸਮਝ ਲੱਗੀ ਕਿ ਬਾਟੇ ਨੇ ਮੋਚੀ ਦਾ ਝੁੱਗਾ ਚੌੜ ਕੀਤਾ, ਜੇਸੀਟੀ ਨੇ ਜੁਲਾਹੇ ਦਾ ਕੰਮ ਤਮਾਮ ਕੀਤਾ ਤੇ ਰਹਿੰਦਿਆਂ ਦੀ ਕਸਰ ਟਾਟੇ ਨੇ ਕੱਢ ਦਿੱਤੀ। ਫਿਰ ਇਨ੍ਹਾਂ ਲੋਕਾਂ ਨੇ ਕਿਸਤਰਾਂ ਆਪਣੀ ਜ਼ਿੰਦਗੀ ਮੌਤ ਦੀ ਜੰਗ ਲੜੀ, ਕੋਈ ਨਹੀਂ ਜਾਣਦਾ।

ਇਹ ਵੀ ਪੜ੍ਹੋ : ਕਿਹੜੀ ਕਿਹੜੀ ਜਿੱਤ ਪ੍ਰਾਪਤ ਹੋਈ ਹੈ ਇਸ ਗੱਲਬਾਤ ਤੋਂ?

ਅਰਧ

ਹੁਨਰੀ ਕਿਰਤੀ ਦੀ ਇਹ ਜੰਗ ਕਿਸੇ ਇਤਿਹਾਸ ਵਿੱਚ ਨਹੀਂ ਲਿਖੀ ਗਈ, ਇਹਦੀ ਕੋਈ ਵਾਰ ਨਹੀਂ ਗਾਈ ਗਈ।

ਇਹ ਲੋਕ ਹੁਣ ਜਿਉਂਦੇ ਤਾਂ ਹਨ ਪਰ ਉਨ੍ਹਾਂ ਨੂੰ ਜਿਉਂਦੇ ਰਹਿਣ ਲਈ ਆਪਣੀ ਇੱਜ਼ਤ ਤੇ ਅਣਖ ਗਿਰਵੀ ਰੱਖਣੀ ਪਈ। ਕਿਤੇ ਕਿਤੇ ਕੋਈ ਕੋਈ ਵਿੱਦਿਆ ਦੇ ਅੱਧਿਕਾਰ ਦੀ ਵਰਤੋਂ ਕਰਕੇ ਇਸ ਜ਼ਿੱਲਤ ਵਿੱਚੋਂ ਬਾਹਰ ਆਉਣ ਲਈ ਸਿਆਸੀ ਹੱਥ ਪੈਰ ਮਾਰ ਰਿਹਾ ਹੈ ਤੇ ਉਹ ਵੀ ਇਹੋ ਜਿਹਾਂ ਦੀਆਂ ਅੱਖਾਂ ਵਿੱਚ ਰੜਕਦਾ ਹੈ ਕਿ ਉਹ ਇਨ੍ਹਾਂ ਦੀ ਜੁੱਤੀ ਦੀ ਥਾਪ ਤੋਂ ਮੁਕਤੀ ਕਿਉਂ ਭਾਲ਼ਦਾ ਹੈ।

ਮੌਤ ਵਰਗਾ ਬੋਗਸ ਜੀਵਨ ਜੀਣ ਵਾਲ਼ੇ ਉਸ ਹੁਨਰੀ ਕਿਰਤੀ ਦੇ ਨਿਰਾਕਾਰ ਸੁਪਨੇ ਤੇ ਉਹਦੀ ਇੱਜ਼ਤ ਅਤੇ ਅਣਖ ਇਸ ਵਖਿਆਨਕਾਰ ਦੇ ਬਾਟਾ ਦੇ ਬੂਟਾਂ ਹੇਠ ਰੋਂਦੀ ਕੁਰਲਾਉਂਦੀ ਹੋਈ ਮੇਰੇ ਕੰਨਾ ਨੂੰ ਸੁਣਾਈ ਦਿੱਤੀ, ਜਿਹੜੀ ਉਹਨੂੰ ਨਸ਼ੇ ਦੀ ਲੋਰ ਦੇ ਰਹੀ ਸੀ ਤੇ ਜਿਹਦੇ ਉੱਤੇ ਉਹਦੀ ਅਣਖ ਦੇ ਭੁਕਾਨੇ ਫੁੱਲ ਫੁੱਲ ਅਸਮਾਨ ਵੱਲ੍ਹ ਵਧ ਰਹੇ ਸਨ।

farmer

ਅੱਜ ਕਾਰਪੋਰੇਟ ਦਾ ਰੋਣਾ ਰੋਣ ਵਾਲ਼ੇ ਇਹ ਲੋਕ ਅਜੀਬੋਗਰੀਬ ਮੱਤਾਂ ਦੇ ਰਹੇ ਹਨ। ਉਹ ਕਦੇ ਵੀ ਇਹ ਨਹੀਂ ਕਹਿਣਗੇ ਕਿ ਉਹ ਖਾਦ ਦਾ ਇਸਤੇਮਾਲ ਨਹੀਂ ਕਰਨਗੇ, ਜ਼ਹਿਰੀਲੇ ਕੀਟ-ਨਾਸਿਕਾਂ ਦਾ ਛਿੜਕਾਓ ਨਹੀਂ ਕਰਨਗੇ, ਉਹ ਟ੍ਰੈਕਟਰ ਨਹੀਂ ਖਰੀਦਣਗੇ, ਕਾਰਾਂ ਨਹੀਂ ਰੱਖਣਗੇ, ਟੀ ਵੀ ਫ਼ਰਿੱਜਾਂ ਤੇ ਵਾਸ਼ਿੰਗ ਮਸ਼ੀਨਾਂ ਨਹੀਂ ਵਰਤਣਗੇ ਜਾਂ ਮੁਬਾਇਲ ਕੱਢ ਕੇ ਕੂੜੇ ਦੇ ਢੇਰ ‘ਤੇ ਵਗਾਹ ਮਾਰਨਗੇ।

ਉਹ ਹੁਣ ਮੱਤਾਂ ਦੇ ਰਹੇ ਹਨ ਕਿ ਅਸੀਂ ਜੀਓ ਦੇ ਨੰਬਰ ਪੋਰਟ ਕਰਵਾ ਲਈਏ ਤੇ ਮੁੜਕੇ ਕਬੂਤਰਾਂ ਰਾਹੀਂ ਸੁਨੇਹੇ ਦੇਣ ਲੱਗ ਜਾਈਏ।

ਅਰਧ
ਅਰਧ-ਸੱਤਯ

ਮਾੜੀ ਧਾੜ ਚਮਾਰਲ਼ੀ ‘ਤੇ ਹੀ ਟੁੱਟ ਟੁੱਟ ਪੈਂਦੀ ਹੈ। ‘ਅਰਧ-ਸੱਤਯ’ ਫ਼ਿਲਮ ਵਿੱਚ ਆਪਣੇ ਅਫਸਰ ਅੱਗੇ ਜ਼ੁਬਾਨ ਨਾ ਖੋਲ੍ਹ ਸਕਣ ਕਰਕੇ, ਕਿਸੇ ਗਰੀਬ ਜੇਬ-ਕਤਰੇ ਨੂੰ ਕੁੱਟ ਕੁੱਟ ਮਾਰਨ ਉਪਰੰਤ ਓਮਪੁਰੀ ਵੱਲੋਂ ਪੜ੍ਹੀ ਗਈ ‘ਚੱਕਰਵਿਊ’ ਕਵਿਤਾ ਦਾ ਬੰਦ ਯਾਦ ਆ ਰਿਹਾ ਹੈ: ਏਕ ਪਲੜੇ ਮੇਂ ਨਿਪੁੰਸਕਤਾ ਏਕ ਪਲੜੇ ਮੇਂ ਪੌਰਸ਼ਯਤਾ ਔਰ ਠੀਕ ਤਰਾਜ਼ੂ ਕੇ ਕਾਂਟੇ ਪਰ ਅਰਧ-ਸੱਤਯ।

ਸ਼ਾਇਦ ਹੀ ਕਿਸੇ ਨੂੰ ਯਾਦ ਹੋਵੇ (ਅਤੇ ਦੇਖਦੇ ਰਹਿਣਾ) ਕਿ ਪੰਦਰਵੀਂ ਸਦੀ ਵਿੱਚ ਹੋਏ ਨੀਤੀ ਸ਼ਾਸਤਰ ਦੇ ਰਾਜਕੁਮਾਰ ਮੈਕਿਆਵਲੀ ਤੋਂ ਅਠਾਰਾਂ ਸੌ ਸਾਲ ਪਹਿਲਾਂ ਭਾਰਤ ਵਿੱਚ ਹੋਏ ਚਾਣਕਯ ਨੇ ਨੀਤੀ ਦੇ ਉਹ ਭੇਦ ਸਾਖਿਆਤ ਕੀਤੇ ਹੋਏ ਹਨ, ਜਿਨ੍ਹਾਂ ਨੂੰ ਗਿਆਨ ਦੇ ਬਿਨਾ ਕਿਸੇ ਵੀ ਹੋਰ ਮੱਤਮਤਾਂਤਰ ਨਾਲ ਮਾਤ ਨਹੀਂ ਦਿੱਤੀ ਜਾ ਸਕਦੀ।

ਸਾਡੇ ਗਿਆਨ ਵਿਹੂਣੇ ਅਰਧ-ਸੱਤਯ ਨੂੰ ਨਜਿੱਠਣ ਲਈ ਚਾਣਕਯ ਦਾ ਅਰਧ-ਵਾਕ ਹੀ ਕਾਫੀ ਹੈ। ਚਾਣਕਯ ਸੱਚ ਅੱਗੇ ਹੀ ਹਾਰਦਾ ਹੈ, ਅਰਧ-ਸੱਤਯ ਅੱਗੇ ਨਹੀਂ।

ਇਹ ਵੀ ਪੜ੍ਹੋ :  ਹਾਕਮ ਖ਼ਿਲਾਫ਼ ਅੰਦੋਲਨ ਦਾ ਵਡੇਰਾ ਮਕਸਦ ਬਿਨ ਆਵਾਮ ਕਾਨੂੰਨਸਾਜ਼ੀ ਵਾਲੇ ਵਰਤਾਰੇ ਦਾ ਮੱਕੂ ਠੱਪਣਾ

______________________________

ਵੇਖੋ ਵੀਡੀਓ :

ਅਵਤਾਰ ਸਿੰਘ

ਅਵਤਾਰ ਸਿੰਘ

avtar61@gmail.com

Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.

Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.

— Team PT

Related Post

Add Your Heading Text Here

Copyright © Punjab Today  : All right Reserve 2016 - 2024 |